You are here

ਭਾਰਤ ਸਰਕਾਰ ਨਾਲ ਕਿਸਾਨਾਂ ਦੀ ਗਿਆਰਾਂ ਵੇਂ ਗੇੜ ਦੀ ਮੀਟਿੰਗ ਬੇ ਨਤੀਜਾ  ਛੱਬੀ ਤਰੀਕ ਦਾ ਪ੍ਰੋਗਰਾਮ ਆਊਟਰ ਰਿੰਗ ਰੋਡ ਤੇ ਟਰੈਕਟਰ ਮਾਰਚ ਨਾਲ ਵੱਡੇ ਪੱਧਰ ਉਪਰ ਕੀਤਾ ਜਾਵੇਗਾ  

ਸੰਘਰਸ਼ ਕਰ ਰਹੇ ਲੋਕਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਆਊਟਰ ਰਿੰਗ ਰੋਡ ਦਿੱਲੀ ਦੇ ਬਾਹਰ ਨਹੀਂ ਦਿੱਲੀ ਦੇ ਅੰਦਰ ਹੈ  

ਨਵੀਂ ਦਿੱਲੀ, ਜਨਵਰੀ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਸਰਕਾਰ ਤੇ ਕਿਸਾਨ ਆਗੂਆਂ ਦਰਮਿਆਨ ਹੋਈ 11ਵੇਂ ਗੇੜ ਦੀ ਗੱਲਬਾਤ ਵੀ ਅੱਜ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਮੀਟਿੰਗ ਦੌਰਾਨ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ’ਤੇ ਕਾਇਮ ਰਹੀਆਂ। ਸਰਕਾਰ ਨੇ ਕਿਸਾਨ ਆਗੂਆਂ ਨੂੰ ਸਾਫ਼ ਕਰ ਦਿੱਤਾ ਕਿ ਉਹ ਖੇਤੀ ਕਾਨੂੰਨਾਂ ਨੂੰ ਇਕ ਤੋਂ ਡੇਢ ਸਾਲ ਲਈ ਮੁਅੱਤਲ ਕਰਨ ਤੇ ਸਾਂਝੀ ਕਮੇਟੀ ਗਠਿਤ ਕਰਨ ਤੋਂ ਬਿਹਤਰ ਬਦਲ ਨਹੀਂ ਦੇ ਸਕਦੀ। ਸਰਕਾਰ ਨੇ ਕਿਹਾ ਕਿ ਕਿਸਾਨ ਸਰਕਾਰ ਦੀਆਂ ਇਨ੍ਹਾਂ ਦੋਵਾਂ ਤਜਵੀਜ਼ਾਂ ’ਤੇ ਮੁੜ ਗੌਰ ਕਰਨ। ਉਧਰ ਕਿਸਾਨਾਂ ਨੇ ਵੀ ਸਰਕਾਰ ਨੂੰ ਕਿਸਾਨੀ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਦੌਰਾਨ ਦੋਵਾਂ ਧਿਰਾਂ ’ਚ ਅਗਲੇ ਗੇੜ ਦੀ ਗੱਲਬਾਤ ਲਈ ਵੀ ਕੋਈ ਤਰੀਕ ਨਹੀਂ ਮਿੱਥੀ ਗਈ। ਵਿਗਿਆਨ ਭਵਨ ’ਚ ਪੰਜ ਘੰਟੇ ਦੇ ਕਰੀਬ ਚੱਲੀ ਇਸ ਮੀਟਿੰਗ ਦੌਰਾਨ ਦੋਵੇਂ ਧਿਰਾਂ 30 ਮਿੰਟਾਂ ਲਈ ਵੀ ਇਕ ਦੂਜੇ ਦੇ ਆਹਮੋ ਸਾਹਮਣੇ ਨਹੀਂ ਹੋਈਆਂ। ਉਂਜ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨ ਯੂਨੀਅਨਾਂ ਨੂੰ ਇੰਨਾ ਜ਼ਰੂਰ ਕਿਹਾ ਕਿ ਜੇ ਕਿਸਾਨ ਖੇਤੀ ਕਾਨੂੰਨਾਂ ਨੂੰ ਮੁਅੱਤਲ ਕਰਨ ਦੀ ਤਜਵੀਜ਼ ’ਤੇ ਵਿਚਾਰ ਚਰਚਾ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਇਕ ਹੋਰ ਗੇੜ ਦੀ ਗੱਲਬਾਤ ਲਈ ਤਿਆਰ ਹੈ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਗੱਲਬਾਤ ਟੁੱਟ ਗਈ ਹੈ ਕਿਉਂ ਜੋ ਯੂਨੀਅਨਾਂ ਨੇ ਸਰਕਾਰ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਮੀਟਿੰਗ ’ਚੋਂ ਬਾਹਰ ਆਏ ਕਿਸਾਨ ਆਗੂ ਸ਼ਿਵ ਕੁਮਾਰ ਕੱਕਾ ਨੇ ਕਿਹਾ ਕਿ ਗੱਲਬਾਤ ਕਿਸੇ ਪਾਸੇ ਨਹੀਂ ਲੱਗ ਸਕੀ। ਉਂਜ ਕੱਕਾ ਮੀਟਿੰਗ ’ਚੋਂ ਬਾਹਰ ਆਉਣ ਵਾਲੇ ਪਹਿਲੇ ਆਗੂ ਸੀ, ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ‘ਕੁਝ ਨਿੱਜੀ ਕਾਰਨਾਂ’ ਕਰਕੇ ਪਹਿਲਾਂ ਬਾਹਰ ਆ ਗੲੇ ਸੀ।

ਇਸ ਤੋਂ ਪਹਿਲਾਂ ਦੁਪਹਿਰ ਦੇ ਖਾਣੇ ਦੀ ਬ੍ਰੇਕ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਦਰਸ਼ਨ ਪਾਲ ਨੇ ਦੱਸਿਆ, ‘ਅਸੀਂ ਸਰਕਾਰ ਨੂੰ ਦੋ ਟੁਕ ਸ਼ਬਦਾਂ ’ਚ ਸਾਫ਼ ਕਰ ਦਿੱਤਾ ਹੈ ਕਿ ਅਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਛੁੱਟ ਕਿਸੇ ਚੀਜ਼ ’ਤੇ ਸਹਿਮਤ ਨਹੀਂ ਹੋਵਾਂਗੇ, ਪਰ ਮੰਤਰੀ ਨੇ ਸਾਨੂੰ ਸਰਕਾਰ ਦੀ ਪੁਰਾਣੀ ਤਜਵੀਜ਼ ’ਤੇ ਮੁੜ ਗੌਰ ਕਰਕੇ ਆਪਣਾ ਫੈਸਲਾ ਦੱਸਣ ਬਾਰੇ ਕਿਹਾ ਹੈ।’ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਅਸੀਂ ਸਰਕਾਰ ਨੂੰ ਆਪਣੀ ਸਥਿਤੀ/ਸਟੈਂਡ ਬਾਰੇ ਸਪਸ਼ਟ ਕਰ ਦਿੱਤਾ ਹੈ। ਅਸੀਂ ਕਾਨੂੰਨਾਂ ਦੀ ਮੁਅੱਤਲੀ ਨਹੀਂ, ਇਨ੍ਹਾਂ ਨੂੰ ਖ਼ਤਮ ਕਰਵਾਉਣਾ ਚਾਹੁੰਦੇ ਹਾਂ।’

‘ਅਸੀਂ ਪੇਸ਼ਕਸ਼ ਸਵੀਕਾਰ ਵੀ ਕਰ ਲਈ ਤਾਂ ਸਰਹੱਦਾਂ ’ਤੇ ਬੈਠੇ ਸਾਡੇ ਭੈਣ ਭਰਾਵਾਂ ਨੇ ਨਹੀਂ ਮੰਨਣਾ, ਉਨ੍ਹਾਂ ਸਾਨੂੰ ਛੱਡਣਾ ਨਹੀਂ’

ਭਾਰਤੀ ਕਿਸਾਨ ਯੂਨੀਅਨ (ਅਸਲੀ ਅਰਾਜਨੀਤਕ) ਦੇ ਪ੍ਰਧਾਨ ਹਰਪਾਲ ਸਿੰਘ ਨੇ ਕਿਹਾ, ‘ਜੇ ਅਸੀਂ ਸਰਕਾਰ ਦੀ ਪੇਸ਼ਕਸ਼ ਨੂੰ ਸਵੀਕਾਰ ਵੀ ਕਰ ਲੈਂਦੇ ਹਾਂ ਤਾਂ ਦਿੱਲੀ ਸਰਹੱਦਾਂ ’ਤੇ ਬੈਠੇ ਸਾਡੇ ਹੋਰ ਭੈਣ-ਭਰਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਛੁੱਟ ਕਿਸੇ ਹੋਰ ਗੱਲ ’ਤੇ ਨਹੀਂ ਮੰਨਣਗੇ। ਉਹ ਸਾਨੂੰ ਛੱਡਣਗੇ ਨਹੀਂ। ਅਸੀਂ ਉਨ੍ਹਾਂ ਨੂੰ ਕਿਹੜੀ ਪ੍ਰਾਪਤੀ ਵਿਖਾਵਾਂਗੇ।’ ਉਨ੍ਹਾਂ ਸਰਕਾਰ ਦੀ ਸਾਖ਼ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ 18 ਮਹੀਨਿਆਂ ਲਈ ਮੁਅੱਤਲ ਕਰਨ ਦੇ ਆਪਣੇ ਬੋਲਾਂ ’ਤੇ ਪੂਰੀ ਉਤਰੇਗੀ, ਯਕੀਨ ਕਰਨਾ ਮੁਸ਼ਕਲ ਹੈ। ਕਿਸਾਨ ਆਗੂ ਨੇ ਕਿਹਾ, ‘ਅਸੀਂ ਇਥੇ ਹੀ ਮਰਾਂਗੇ, ਪਰ ਕਾਨੂੰਨ ਰੱਦ ਕਰਵਾਏ ਬਿਨਾਂ ਇਥੋਂ ਵਾਪਸ ਜਾਣ ਵਾਲੇ ਨਹੀਂ।’

26 ਤਰੀਕ ਤੇ ਮਾਰਚ ਬਾਰੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਆਊਟਰ ਰਿੰਗ ਰੋਡ ਬੱਸ ਅੱਡੇ ਵਾਲਾ ਜੋ ਏਅਰਪੋਰਟ ਨੂੰ ਰਸਤਾ ਜਾਂਦਾ ਹੈ ਉਹ ਹੈ  ਉਹ ਦਿੱਲੀ ਦੇ ਅੰਦਰ ਹੈ ਅਸੀਂ ਇਹ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਅਸੀਂ ਆਪਣੇ ਪਹਿਲੇ ਫ਼ੈਸਲੇ ਤੇ ਪੂਰੀ ਤਰ੍ਹਾਂ ਡਟੇ ਹੋਏ ਹਾਂ ਕਿਸਾਨ ਆਗੂ