You are here

ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ ਵੱਲੋਂ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਕਿਹਾ! ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਟੈਂਪ ਐਕਟ 47ਏ ਅਧੀਨ ਲਏ ਗਏ ਕੇਸਾਂ ਦੀ ਰਿਕਵਰੀ ਕੀਤੀ ਜਾਵੇ ਜਲਦ

ਡੀ.ਸੀ.ਲੁਧਿਆਣਾ, ਏ.ਡੀ.ਸੀ. ਖੰਨਾ, ਏ.ਡੀ.ਸੀ. ਜਗਰਾਉਂ, ਐਸ.ਡੀ.ਐਮ. ਖੰਨਾ ਅਤੇ ਐਸ.ਡੀ.ਐਮ ਪਾਇਲ ਦਫ਼ਤਰਾਂ ਦੇ ਰਿਕਾਰਡ ਦਾ ਕੀਤਾ ਨੀਰੀਖਣ

ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਟੈਂਪ ਐਕਟ 47ਏ ਅਧੀਨ ਤਜਵੀਜ਼ ਕੀਤੇ ਗਏ ਕੇਸਾਂ ਦੀ ਜਲਦ ਰਿਕਵਰੀ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਸ੍ਰੀ ਚੰਦਰ ਗੈਂਦ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ, ਵਧੀਕ ਡਿਪਟੀ ਕਮਿਸ਼ਨਰ, ਖੰਨਾ, ਵਧੀਕ ਡਿਪਟੀ ਕਮਿਸ਼ਨਰ, ਜਗਰਾਉਂ, ਐਸ.ਡੀ.ਐਮ. ਖੰਨਾ ਅਤੇ ਐਸ.ਡੀ.ਐਮ ਪਾਇਲ ਦਫ਼ਤਰਾਂ ਦੇ ਰਿਕਾਰਡ ਦੀ ਜਾਂਚ ਲਈ ਦਫ਼ਤਰ ਡਿਪਟੀ ਕਮਿਸ਼ਨਰ ਲੁਧਿਆਣਾ ਦਾ ਕੱਲ ਦੌਰਾ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਸਕੱਤਰ ਸਿੰਘ ਬੱਲ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਤੋਂ ਇਲਾਵਾ ਕਈ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਸ੍ਰੀ ਚੰਦਰ ਗੈਂਦ ਵੱਲੋਂ ਰਿਕਾਰਡ ਦੀ ਜਾਂਚ ਦੌਰਾਨ, ਇਨ੍ਹਾਂ ਦਫਤਰਾਂ ਦੇ ਕੰਮਕਾਜ ਅਤੇ ਰਿਕਾਰਡ 'ਤੇ ਤਸੱਲੀ ਪ੍ਰਗਟਾਈ। ਕੁੱਲ 109 ਸਟੈਂਪ ਐਕਟ 47ਏ ਦੇ ਮਾਮਲੇ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਲੁਧਿਆਣਾ ਦੇ ਦਫ਼ਤਰ ਅਤੇ 83 ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਵਿਖੇ ਪੈਂਡਿੰਗ ਹਨ। ਸ੍ਰੀ ਗੈਂਦ ਵੱਲੋਂ ਅਧਿਕਾਰੀਆਂ ਨੂੰ ਇਨ੍ਹਾਂ ਕੇਸਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਅਤੇ ਸਰਕਲ ਮਾਲ ਅਧਿਕਾਰੀਆਂ ਨੂੰ ਜਲਦ ਰਿਕਵਰੀ ਕਰਨ ਦੇ ਨਿਰਦੇਸ਼ ਵੀ ਦਿੱਤੇ।

ਉਨ੍ਹਾਂ ਸਟਾਫ ਨੂੰ ਇਹ ਵੀ ਹਦਾਇਤ ਕੀਤੀ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਸਾਰਾ ਰਿਕਾਰਡ ਮੁਕੰਮਲ ਕਰ ਲਿਆ ਗਿਆ ਹੈ ਅਤੇ ਰਜਿਸਟਰਾਂ ਦੀ ਸਹੀ ਸੰਭਾਲ ਕੀਤੀ ਜਾਵੇ।