ਮੁੱਖ ਮੰਤਰੀ ਦਫ਼ਤਰ ਵੱਲੋਂ ਪ੍ਰਾਪਤ ਕੀਤੇ ਗਏ ਫੰਡ ਰਾਹੀਂ ਵੰਡੇ ਗਏ ਬੂਟ ਤੇ ਕੰਬਲ
ਲੁਧਿਆਣਾ , ਜਨਵਰੀ 2021-(ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-
ਮਾਨਵਤਾ ਦੇ ਹਿੱਤ ਵਜੋਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੱਲ ਦੇਰ ਸ਼ਾਮ ਸਥਾਨਕ ਘੰਟਾ ਘਰ ਨੇੜੇ ਨਗਰ ਨਿਗਮ ਦੇ ਰਹਿਣ ਵਸੇਰਾ ਵਿਖੇ ਲੋੜਵੰਦਾਂ ਨੂੰ ਕੰਬਲ ਅਤੇ ਬੂਟ ਵੰਡੇ ਗਏ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ(ਜਨਰਲ) ਸ੍ਰੀ ਅਮਰਜੀਤ ਬੈਂਸ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸ੍ਰੀ ਰਿਸ਼ੀ ਪਾਲ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਚੱਲ ਰਹੀ ਸ਼ੀਤ ਲਹਿਰ ਕਾਰਨ ਮੁੱਖ ਮੰਤਰੀ ਦਫ਼ਤਰ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਫੰਡ ਭੇਜੇ ਸਨ, ਜਿਸ ਤੋਂ ਬਾਅਦ ਕੰਬਲ ਅਤੇ ਬੂਟਾਂ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਬੇਘਰ ਵਿਅਕਤੀਆਂ ਦੇ ਓਟ ਆਸਰੇ ਲਈ ਨਿੱਘੇ ਰਹਿਣ ਬਸੇਰੇ ਦਾ ਪ੍ਰਬੰਧ ਕਰੇਗਾ ਤਾਂ ਜੋ ਸਰਦੀਆਂ ਦੇ ਚੱਲ ਰਹੇ ਮੌਸਮ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾ ਬੇਘਰੇ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਤੱਤਪਰ ਹੈ। ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਕੋਈ ਵੀ ਮੰਗਤਾ ਜਾਂ ਬੇਘਰ ਵਿਅਕਤੀ ਇਸ ਸਰਦੀ ਦੇ ਮੌਸਮ ਵਿਚ ਆਪਣੇ ਸਿਰ ਉੱਤੇ ਛੱਤ ਬਗੈਰ ਜਾਂ ਕੰਬਲ ਤੋਂ ਬਗੈਰ ਰਾਤ ਨਾ ਗੁਜਾਰੇ।
ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਹਰ ਵਰਗ ਦੀ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਲੋਕਾਂ ਨੂੰ ਰੈਡ ਕਰਾਸ ਸੁਸਾਇਟੀ ਨੂੰ ਵੱਧ ਤੋਂ ਵੱਧ ਦਾਨ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਉਨ੍ਹਾਂ ਦੀ ਸਹਾਇਤਾ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ।