ਜਗਰਾਉਂ, ਦਸੰਬਰ 2020 -(ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ)-
ਪ੍ਰੈੱਸ ਕਲੱਬ ਰਜਿ ਜਗਰਾਓਂ ਵੱਲੋਂ ਅੱਜ ‘ਕਿਸਾਨੀ ਸੰਘਰਸ਼ ’ਚ ਮੀਡੀਏ ਦੀ ਭੂਮਿਕਾ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਓਂ ਵਿਖੇ ਕਰਵਾਇਆ ਗਿਆ। ਸੈਮੀਨਾਰ ਦੇ ਬੁਲਾਰੇ ਜਸਪਾਲ ਸਿੰਘ ਹੇਰਾਂ ਸੂਬਾ ਪ੍ਰਧਾਨ ਪੰਜਾਬ ਯੂਨੀਅਨ ਆਫ਼ ਜਰਨਾਲਿਸਟ, ਡਾ: ਅਮਰਜੀਤ ਕੌਰ ਨਾਜ਼ ਪਿ੍ਰੰਸੀਪਲ ਬਲੌਜ਼ਮ ਕਾਨਵੈਂਟ ਸਕੂਲ ਅਤੇ ਪ੍ਰੋ: ਰਾਜਿੰਦਰ ਸਿੰਘ ਲੁਧਿਆਣਾ ਸਮੇਤ ਕਲੱਬ ਮੈਂਬਰਾਂ ਤੇ ਮਹਿਮਾਨਾਂ ਦਾ ਸਵਾਗਤ ਕਲੱਬ ਪ੍ਰਧਾਨ ਸੁਖਦੇਵ ਗਰਗ ਨੇ ਕਰਦਿਆਂ ਜਿੱਥੇ ਕਿਸਾਨਾਂ ਦੇ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦੇਣ ਦਾ ਐਲਾਨ ਕੀਤਾ ਉੱਥੇ ਉਨ੍ਹਾਂ ਕਿਸਾਨਾਂ ਦੇ ਸੰਘਰਸ਼ ਨੂੰ ਗ਼ਲਤ ਰੰਗਤ ਦੇ ਕੇ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚੱਲਣ ਵਾਲੇ ਮੀਡੀਏ ਦੀ ਨਿਖੇਧੀ ਵੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਭਰ ਚੋਂ ਕਿਸਾਨਾਂ ਨੂੰ ਪੂਰਾ ਸਮਰਥਨ ਮਿਲਣ ਦੇ ਬਾਵਜੂਦ ਗੋਦੀ ਮੀਡੀਏ ਵੱਲੋਂ ਕਿਸਾਨ ਦੇ ਸੰਘਰਸ਼ ਨੂੰ ਅਸਫਲ ਬਣਾਉਣ ਵਿਚ ਲੱਗਾ ਹੋਇਆ ਹੈ। ਇਸ ਮੌਕੇ ਜਸਪਾਲ ਸਿੰਘ ਹੇਰਾਂ ਸੂਬਾ ਪ੍ਰਧਾਨ ਪੰਜਾਬ ਯੂਨੀਅਨ ਆਫ਼ ਜਰਨਾਲਿਸਟ ਨੇ ਕਿਹਾ ਕਿ ਲੋਕਾਂ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਵਾਲਾ ਲੋਕਤੰਤਰ ਦਾ ਚੌਥਾ ਥੰਮ ਮੀਡੀਏ ਦਾ ਜ਼ਿਆਦਾਤਰ ਹਿੱਸਾ ਵੱਡੇ ਕਾਰਪੋਰੇਟ ਘਰਾਣਿਆਂ ਦਾ ਹੈ ਤਾਂ ਤੁਸੀਂ ਉਨ੍ਹਾਂ ਤੋਂ ਸੱਚ ਦਿਖਾਉਣ ਦੀ ਉਮੀਦ ਕਿਵੇਂ ਰੱਖ ਸਕਦੇ ਹੋ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਛੋਟੇ ਪੱਧਰ ਦੇ ਪੱਤਰਕਾਰਾਂ ਨੂੰ ਇੱਕ ਹੋ ਕੇ ਲੋਕਾਂ ਦੀ ਆਵਾਜ਼ ਨੂੰ ਉਠਾਉਣ ਦੀ ਕਿਉਂਕਿ ਆਮ ਲੋਕਾਂ ਦਾ ਸਾਹਮਣਾ ਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਤਾਂ ਲੋਕਾਂ ਵਿਚ ਵਿਚਰਨ ਵਾਲੇ ਪੱਤਰਕਾਰਾਂ ਨੂੰ ਦੇਣੇ ਪੈਣਗੇ। ਉਨ੍ਹਾਂ ਸਮੂਹ ਪੱਤਰਕਾਰਾਂ ਨੂੰ ਲੋਕਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪੁੱਜਦਾ ਕਰਨ ਲਈ ਇਕੱਠੇ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪਿ੍ਰੰਸੀਪਲ ਡਾ: ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਮੀਡੀਏ ਆਪਣੀ ਡਿਊਟੀ ਨਿਭਾਉਣ ਵਿਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਮੀਡੀਏ ਨੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੁੰਦੀ ਤਾਂ ਅੱਜ ਕਿਸਾਨਾਂ ਨੂੰ ਸੜਕਾਂ ’ਤੇ ਧਰਨੇ ਦੇਣ ਦੀ ਲੋੜ ਨਾ ਪੈਂਦੀ। ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਰਾਤੋਂ ਰਾਤ ਨਹੀਂ ਬਣੇ ਬਲਕਿ ਕਈ ਸਾਲ ਪਹਿਲਾਂ ਇਹ ਕਾਲੇ ਕਾਨੂੰਨ ਬਣਾਉਣ ਦੀ ਨੀਤੀ ਘੜੀ ਗਈ ਸੀ ਅਤੇ ਨੈਸ਼ਨਲ ਮੀਡੀਏ ਨੇ ਸਭ ਕੱੁਝ ਜਾਣਦੇ ਹੋਏ ਸਰਕਾਰ ਦੀ ਨੀਤੀ ਬਾਰੇ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਵੀ ਜੇ ਮੀਡੀਏ ਆਪਣੀ ਸ਼ਕਤੀ ਤੇ ਜ਼ਮੀਰ ਦੀ ਆਵਾਜ਼ ਨੂੰ ਸੁਣ ਲਵੇ ਤਾਂ ਉਹ ਦਿਨ ਦੂਰ ਨਹੀਂ ਜਦ ਸਾਰੇ ਮਸਲੇ ਹੱਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਾਰਾ ਮੀਡੀਏ ਹੀ ‘ਗੋਦੀ ਮੀਡੀਏ’ ਹੈ ਅਜਿਹਾ ਨਹੀਂ ਹੈ, ਪੰੂਜੀਪਤੀਆਂ ਦੀ ਛਤਰ ਛਾਇਆ ਹੇਠ ਕੰਮ ਕਰ ਰਹੇ ਗੋਦੀ ਮੀਡੀਏ ਨੂੰ ਕਿਸਾਨਾਂ ਨੇ ਆਪਣੇ ਸੰਘਰਸ਼ ਵਿਚ ਸ਼ਾਮਲ ਹੋਣ ਤੋਂ ਭਜਾ ਦਿੱਤਾ ਹੈ। ਇਸ ਮੌਕੇ ਪ੍ਰੋ: ਰਾਜਿੰਦਰ ਸਿੰਘ ਨੇ ਗੁਰਬਾਣੀ ਦੀਆਂ ਤੁਕਾਂ ਦਾ ਜ਼ਿਕਰ ਕਰਦਿਆਂ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਹੱਡ ਚੀਰਵੀਂ ਠੰਢ ਵਿਚ ਟਰਾਲੀਆਂ ਤੇ ਟੈਂਟ ਵਿਚ ਰਾਤ ਕੱਟ ਰਹੇ ਕਿਸਾਨਾਂ ਨਾਲ ਬੈਠੇ ਫਿਰ ਆਪਣੀ ਕਮਲ ਨਾਲ ਦਿਲੋਂ ਚੋਂ ਨਿਕਲੀ ਗੱਲ ਬਾਰੇ ਲਿਖਣ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਜ਼ਹਿਰ ਦਾ ਇੱਕ ਟੀਕਾ ਲਗਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਉਸ ਖ਼ਿਲਾਫ਼ ਦੇਸ਼ ਦਾ ਹਰ ਵਰਗ ਸੜਕਾਂ ’ਤੇ ਕਿਸਾਨਾਂ ਦੇ ਸਮਰਥਨ ਵਿਚ ਉੱਤਰਿਆ ਹੋਇਆ ਅਤੇ ਉਹ ਦਿਨ ਜ਼ਿਆਦਾ ਦੂਰ ਨਹੀਂ ਜਦ ਕਿਸਾਨਾਂ ਦੀ ਜਿੱਤ ਦੀ ਖ਼ਬਰ ਆਵੇਗੀ। ਇਸ ਮੌਕੇ ਸਤਪਾਲ ਸਿੰਘ ਦੇਹਡ਼ਕਾ, ਪਿ੍ੰਸੀਪਲ ਰਾਜ ਪਾਲ ਕੌਰ, ਸਰਪ੍ਰਸਤ ਓਮ ਪ੍ਰਕਾਸ਼ ਭੰਡਾਰੀ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਜਨਰਲ ਸਕੱਤਰ ਸੁਖਦੀਪ ਨਾਹਰ, ਅਸ਼ੋਕ ਸੰਗਮ, ਅਮਿਤ ਖੰਨਾ, ਕਿਸ਼ਨ ਵਰਮਾ, ਕਮਲਦੀਪ ਬਾਂਸਲ, ਰਣਜੀਤ ਸਿੰਘ ਸਿੱਧਵਾਂ, ਬਲਜੀਤ ਸਿੰਘ ਗੋਲਡੀ, ਚਰਨਜੀਤ ਸਿੰਘ ਚੰਨ, ਦੀਪਕ ਜੈਨ ਬੌਬੀ, ਕਰ ਭਲਾ ਹੋ ਭਲਾ ਦੇ ਚੇਅਰਮੈਨ ਅਮਿਤ ਅਰੋੜਾ ਨੇ, ਦਿਨੇਸ਼ ਕਾਕਾ, ਭੁਪਿੰਦਰ ਸਿੰਘ ਮੁਰਲੀ, ਨਾਰੇਸ਼ ਗਾਂਧੀ, ਪੰਕਜ ਅਰੋੜਾ, ਦਵਿੰਦਰ ਜੈਨ ਅਸ਼ਵਨੀ ਸ਼ਰਮਾ ਜੋਗਿੰਦਰ ਚੋਹਾਨ ਮੋਹਿਤ ਗੋਇਲ,ਪ੍ਰਦੀਪ ਪਾਲ ਵੀ ਹਾਜ਼ਰ ਸਨ।