ਨਵੀਂ ਦਿੱਲੀ- ਮਈ ਕਾਂਗਰਸ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਦੀਆਂ ਯੋਜਨਾਵਾਂ ਤੈਅ ਟੀਚਿਆਂ ਨੂੰ ਪੂਰਾ ਨਹੀਂ ਕਰ ਸਕੀਆਂ ਅਤੇ ਪ੍ਰਧਾਨ ਮੰਤਰੀ ਆਪਣੇ ‘ਝੂਠ ਦੀ ਲਹਿਰ ’ਚ ਹੀ ਡੁੱਬ’ ਜਾਣਗੇ। ਇਥੇ ਕਾਂਗਰਸ ਦਫ਼ਤਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ ਦੀਆਂ ਯੋਜਨਾਵਾਂ ਦੇ ਵੇਰਵਿਆਂ ਨੂੰ ਉਜਾਗਰ ਕਰਕੇ ਉਨ੍ਹਾਂ ਦਾ ਮਖੌਲ ਉਡਾਇਆ। ਸ੍ਰੀ ਸਿੱਧੂ ਨੇ ਕਿਹਾ,‘‘ਸਾਰੇ ਕੰਮ ਅਧੂਰੇ ਹਨ ਪਰ ਝੂਠ ਪੂਰੇ ਹਨ। ਉਨ੍ਹਾਂ ਦੇ ਵਾਅਦੇ ਬਾਂਸ ਵਾਂਗ ਹਨ ਜੋ ਲੰਬੇ ਹਨ ਪਰ ਅੰਦਰੋਂ ਖੋਖਲੇ ਹਨ।’’ 20 ਹਜ਼ਾਰ ਕਰੋੜ ਰੁਪਏ ਦੇ ਨਮਾਮੀ ਗੰਗੇ ਪ੍ਰਾਜੈਕਟ ਬਾਰੇ ਸਿੱਧੂ ਨੇ ਕਿਹਾ ਕਿ ਇਸ ’ਤੇ ਸਿਰਫ਼ 6 ਹਜ਼ਾਰ ਕਰੋੜ ਰੁਪਏ ਖ਼ਰਚ ਹੋਏ ਹਨ ਅਤੇ ਸਿਰਫ਼ 10 ਫ਼ੀਸਦੀ ਸੀਵਰੇਜ ਟਰੀਟਮੈਂਟ ਪਲਾਂਟ ਹੀ ਬਣੇ ਹਨ। ‘ਵਾਰਾਨਸੀ ’ਚ ਗੰਗਾ ਸਭ ਤੋਂ ਗੰਦੀ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਕੌਮੀ ਗੰਗਾ ਪ੍ਰੀਸ਼ਦ ਦੀ ਪੰਜ ਸਾਲਾਂ ’ਚ ਇਕ ਵਾਰ ਵੀ ਬੈਠਕ ਨਹੀਂ ਹੋਈ। ਡਿਜੀਟਲ ਇੰਡੀਆ ਯੋਜਨਾ ਬਾਰੇ ਸ੍ਰੀ ਸਿੱਧੂ ਨੇ ਕਿਹਾ ਕਿ ਫਰਵਰੀ 2019 ਤਕ ਢਾਈ ਲੱਖ ਪਿੰਡਾਂ ਨੂੰ ਬ੍ਰਾਡਬੈਂਡ ਕੁਨੈਕਸ਼ਨਾਂ ਨਾਲ ਜੋੜਿਆ ਜਾਣਾ ਸੀ ਪਰ 1.1 ਲੱਖ ਪਿੰਡਾਂ ’ਚ ਆਪਟਿਕ ਫਾਇਬਰ ਕੇਬਲ ਵਿਛਾਈ ਗਈ ਹੈ। ‘ਇੰਟਰਨੈੱਟ ਤਾਂ 2 ਫ਼ੀਸਦੀ ਪਿੰਡਾਂ ’ਚ ਵੀ ਨਹੀਂ ਚਲਦਾ। ਹੁਣ ਇਹ ਕੰਮ ਰਿਲਾਇੰਸ ਅਤੇ ਵੋਡਾਫੋਨ ਜਿਹੀਆਂ ਕੰਪਨੀਆਂ ਨੂੰ ਸੌਂਪਿਆ ਜਾ ਰਿਹਾ ਹੈ।’ ਫਸਲ ਬੀਮਾ ਯੋਜਨਾ ਨੂੰ ਰਾਫ਼ਾਲ ਨਾਲੋਂ ਵੱਡਾ ਘੁਟਾਲਾ ਕਰਾਰ ਦਿੰਦਿਆਂ ਸਿੱਧੂ ਨੇ ਕਿਹਾ ਕਿ ਯੂਪੀਏ ਸਰਕਾਰ ਤਹਿਤ 4.87 ਕਰੋੜ ਵਿਅਕਤੀਆਂ ਦਾ ਬੀਮਾ ਕੀਤਾ ਗਿਆ ਸੀ ਜਿਸ ਦਾ ਪ੍ਰੀਮੀਅਮ 10560 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 4.87 ਕਰੋੜ ਵਿਅਕਤੀਆਂ ਦਾ ਬੀਮਾ ਕਰਕੇ ਪ੍ਰੀਮੀਅਮ ਵਜੋਂ 47408 ਕਰੋੜ ਰੁਪਏ ਹਾਸਲ ਕੀਤੇ ਜੋ ਪੰਜ ਗੁਣਾ ਵੱਧ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ 31613 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਿਸ ਦਾ ਸਪੱਸ਼ਟ ਮਤਲਬ ਹੈ ਕਿ 16 ਹਜ਼ਾਰ ਕਰੋੜ ਰੁਪਏ ਸਿੱਧੇ ਰਿਲਾਇੰਸ, ਬਿਰਲਾ ਅਤੇ ਟਾਟਾ ਦੀਆਂ ਜੇਬਾਂ ’ਚ ਗਏ।