You are here

ਮੋਗਾ ਪੁਲੀਸ ਵਲੋਂ ਸ਼ਰਾਬ ਅਤੇ ਨਸ਼ੀਲਾ ਪਾਉਡਰ ਸਮੇਤ ਇਕ ਕਾਬੂ

ਮੋਗਾ (ਰਾਣਾ ਸ਼ੇਖਦੌਲਤ,ਜੱਜ ਮਸੀਤਾਂ)

ਸ਼ਰਾਬ ਅਤੇ ਨਸ਼ੀਲੇ ਪਦਾਰਥਾ ਦਾ ਧੰਦਾ ਕਰਨ ਵਾਲਿਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦ ਪੁਲਸ ਨੇ ਇਕ ਘਰ 'ਚ ਛਾਪਾਮਾਰੀ ਕਰ ਕੇ 250 ਪੇਟੀਆਂ ਸ਼ਰਾਬ ਬਰਾਮਦ ਕੀਤੀਆਂ ਜਦਕਿ ਸ਼ਰਾਬ ਤਸਕਰ ਪੁਲਸ ਦੇ ਕਾਬੂ ਨਹੀਂ ਆ ਸਕੇ। ਇਸੇ ਤਰ੍ਹਾਂ ਗੁਪਤ ਸੂਚਨਾ ਦੇ ਅਧਾਰ ਤੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਨਸ਼ੀਲਾ ਪਾਊਡਰ ਅਤੇ ਨਸ਼ੀਲੇ ਟੀਕੇ ਬਰਾਮਦ ਕੀਤੇ ਗਏ। 

ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਜਦ ਸਹਾਇਕ ਥਾਣੇਦਾਰ ਤਰਸੇਮ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰਦੇ ਹੋਏ ਬਾਘਾ ਪੁਰਾਣਾ ਵੱਲ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਗੁਰਵਿੰਦਰ ਸਿੰਘ ਸ਼ਰਾਬ ਦਾ ਨਾਜਾਇਜ਼ ਧੰਦਾ ਕਰਦਾ ਹੈ ਅਤੇ ਘਰ ਵਿਚ ਭਾਰੀ ਮਾਤਰਾ ਵਿਚ ਸ਼ਰਾਬ ਦੀਆਂ ਪੇਟੀਆਂ ਪਈਆਂ ਹਨ। ਇਸ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਪੁਲਸ ਪਾਰਟੀ ਸਮੇਤ ਛਾਪਾਮਾਰੀ ਕਰ ਕੇ ਗੁਰਵਿੰਦਰ ਸਿੰਘ ਦੇ ਘਰ 'ਚੋਂ 24 ਪੇਟੀਆਂ ਸ਼ਰਾਬ ਮਾਰਕਾ ਕਲੱਬ, 18 ਪੇਟੀਆਂ ਸ਼ਰਾਬ ਮਾਰਕਾ ਛਾਂ-ਛਾਂ, 96 ਪੇਟੀਆਂ ਸ਼ਰਾਬ ਮਾਰਕਾ ਫ਼ਸਟ ਚੁਆਇਸ ਅਤੇ 112 ਪੇਟੀਆਂ ਸ਼ਰਾਬ ਮਾਰਕਾ ਮਾਲਟਾ ਕੁਲ 250 ਪੇਟੀਆਂ ਬਰਾਮਦ ਕੀਤੀਆਂ। ਇਸ ਸਬੰਧ ਚਿ ਪੁਲਸ ਵਲੋਂ ਥਾਣਾ ਬਾਘਾ ਪੁਰਾਣਾ ਵਿਚ ਪਰਮਜੀਤ ਸਿੰਘ ਉਰਫ ਰਾਣਾ ਨਿਵਾਸੀ ਪੱਤੀ ਮਾਲੋ ਕੀ ਮੋਗਾ, ਗੁਰਵਿੰਦਰ ਸਿੰਘ ਨਿਵਾਸੀ ਮੰਡੀਰਾ ਵਾਲਾ ਰੋਡ ਬਾਘਾ ਪੁਰਾਣਾ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਦੋਨੋਂ ਕਥਿਤ ਤਸਕਰਾਂ ਦੀ ਤਲਾਸ਼ ਕਰ ਰਹੀ ਹੈ, ਜੋ ਅਜੇ ਤੱਕ ਪੁਲਸ ਦੇ ਕਾਬੂ ਨਹੀਂ ਆ ਸਕੇ। 

ਇਸੇ ਤਰ੍ਹਾਂ ਥਾਣਾ ਸਦਰ ਮੋਗਾ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦ ਉਹ ਪਿੰਡ ਦਾਰਾਪੁਰ ਦੇ ਕੋਲ ਜਾ ਰਹੇ ਸੀ ਤਾਂ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ਚਾਲਕ ਕੁਲਵੀਰ ਸਿੰਘ ਉਰਫ਼ ਕਾਕਾ ਵਾਸੀ ਪਿੰਡ ਵਕੀਲਾਂ ਵਾਲਾ (ਫਿਰੋਜ਼ਪੁਰ) ਨੂੰ ਰੋਕਿਆ ਅਤੇ ਤਲਾਸ਼ੀ ਲੈਣ ਤੇ ਉਸ ਦੇ ਕੋਲੋਂ 300 ਗ੍ਰਾਮ ਨਸ਼ੀਲੇ ਪਾਊਡਰ ਅਤੇ 7 ਟੀਕੇ ਜੋ ਨਸ਼ੇ ਦੇ ਤੌਰ 'ਤੇ ਵਰਤੇ ਜਾਂਦੇ ਹਨ, ਬਰਾਮਦ ਕੀਤੇ ਗਏ। ਕਥਿਤ ਦੋਸ਼ੀ ਨੂੰ ਕਾਬੂ ਕਰ ਕੇ ਉਸਦੇ ਖ਼ਿਲਾਫ਼ ਥਾਣਾ ਸਦਰ ਮੋਗਾ 'ਚ ਐੱਨ.ਡੀ.ਪੀ.ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣੇਦਾਰ ਪਰਬਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੇ ਬਾਅਦ ਕਥਿਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।