ਅੱਜ ਤੋਂ 551 ਸਾਲ ਪਹਿਲਾਂ ਪੰਜਾਬ ਅਤੇ ਪੰਜਾਬੀ ਦੇ ਪਹਿਲੇ ਇਨਕਲਾਬੀ ਸ਼ਾਇਰ ਅਤੇ ਸਿੱਖ ਧਰਮ ਦੇ ਬਾਨੀ, ਸ੍ਰੀਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ ਸੀ। ਪੰਜ ਸਦੀਆਂ ਪਹਿਲਾਂ ਜਦੋਂ ਮੁਗ਼ਲ ਸਮਰਾਟ ਬਾਬਰ ਨੇ ਪੰਜ ਦਰਿਆਵਾਂ ਨਾਲ ਸਿੰਜੀ ਪੰਜਾਬ ਦੀ ਜਰਖ਼ੇਜ਼ ਧਰਤੀ ਨੂੰ ਲਹੂ-ਲੁਹਾਣ ਕੀਤਾ ਤਾਂ ਧਰਤੀ ਦਾ ਲਾਲ, ਲਾਲ-ਪੀਲਾ ਹੋ ਗਿਆ ਤੇ ਕਲਮ ਨੂੰ ਕਟਾਰ ਵਾਂਗ ਚਲਾਉਣ ਲੱਗਾ।
ਬਾਬਰ ਦੇ ਵਹਿਸ਼ੀਆਨਾ ਹਮਲੇ ਦੇ ਗੁਰੂ ਜੀ ਚਸ਼ਮਦੀਦ ਗਵਾਹ ਸਨ ਅਤੇ ਉਨ੍ਹਾਂ ਨੇ ਅੱਖੀਂ ਡਿੱਠੇ ਜ਼ੁਲਮ ਨੂੰ ਅੱਖਰਾਂ ਦਾ ਜਾਮਾ ਪਹਿਨਾ ਦਿੱਤਾ। ਕਿਸੇ ਵਿਦੇਸ਼ੀ ਹਮਲੇ ਦੀ ਸ਼ਾਇਰੀ ਵਿਚ ਇਹ ਪਹਿਲੀ ਤਵਾਰੀਖ਼ੀ 'ਰਿਪੋਰਟਿੰਗ' ਸੀ। ਕਿਸ ਤਰ੍ਹਾਂ ਬਾਬਰ ਦੇ ਬੁਰਛਿਆਂ ਨੇ ਐਮਨਾਬਾਦ ਨੂੰ ਮਾਸਪੁਰੀ ਬਣਾ ਦਿੱਤਾ, ਇਸ ਦਾ ਵਰਣਨ ਬਾਬਰਵਾਣੀ ਵਿਚ ਅੰਕਿਤ ਹੈ। ਬਾਬਰਵਾਣੀ ਵਿਚ ਚਾਰ ਸ਼ਬਦ ਦਰਜ ਹਨ ਜੋ ਐਮਨਾਬਾਦ 'ਤੇ ਬਾਬਰ ਦੇ ਹਮਲੇ ਦਾ ਕਰੁਣਾਮਈ ਵਰਣਨ ਹੈ।
ਸ਼ਾਇਰ ਦੀਆਂ ਅੱਖਾਂ 'ਚੋਂ ਲਹੂ ਚੋਣਾ ਸ਼ੁਰੂ ਹੋ ਜਾਵੇ ਤਾਂ ਇਹ ਅੱਖਰਾਂ ਵਿਚ ਸਮਾ ਜਾਂਦਾ ਹੈ। ਜ਼ਮੀਨ ਨਾਲ ਜੁੜਿਆ ਸ਼ਾਇਰ ਹਮੇਸ਼ਾ ਲੋਕਾਂ ਦੀ ਬਾਤ ਪਾਉਂਦਾ ਹੈ। ਬਾਣੀ ਰਚਦਿਆਂ ਬਾਬੇ ਨਾਨਕ ਜੀ ਨੇ ਕਦੇ ਨਫ਼ੇ-ਨੁਕਸਾਨ ਬਾਰੇ ਨਹੀਂ ਸੋਚਿਆ। ਚਾਨਣ ਦਾ ਵਣਜ ਕਰਨ ਵਾਲੇ ਦੇ ਦੋਹਾਂ ਛਾਬਿਆਂ ਵਿਚ 'ਤੇਰਾ-ਤੇਰਾ' ਹੀ ਤੁਲਦਾ ਹੈ। ਵਣਜ ਲਈ ਪਿਤਾ ਵੱਲੋਂ ਮਿਲੇ ਵੀਹ ਰੁਪਿਆਂ ਦਾ ਉਹ ਭੁੱਖੇ ਸਾਧੂਆਂ ਲਈ ਲੰਗਰ ਲਾਉਂਦਾ ਹੈ।
ਸੁੱਚੇ ਵਣਜ ਵਿਚ ਇੰਨੀ ਬਰਕਤ ਸੀ ਕਿ 'ਗੁਰੂ ਕਾ ਲੰਗਰ' ਅੱਜ ਵੀ ਅਤੁੱਟ ਵਰਤਦਾ ਹੈ।
'ਗੁਰੂ ਕੀ ਗੋਲਕ' ਗ਼ਰੀਬ-ਗੁਰਬੇ ਦਾ ਮੂੰਹ ਬਣ ਗਈ। ਮੋਦੀਖਾਨੇ ਦੀਆਂ ਸ਼ਾਖਾਵਾਂ ਅੱਜ ਵੀ ਖੁੱਲ੍ਹ ਰਹੀਆਂ ਹਨ। 'ਸੱਚੇ ਸੌਦੇ' ਵਿਚ ਘਾਟਾ ਨਹੀਂ ਸਗੋਂ ਵਾਧਾ ਹੀ ਹੁੰਦਾ ਗਿਆ। ਬਾਬਾ ਨਾਨਕ ਦਰਅਸਲ ਸਦੀਆਂ ਲੰਬੀ ਸਰਦ ਰਾਤ ਅਤੇ ਪ੍ਰਭਾਤ ਦਰਮਿਆਨ ਖੜ੍ਹਾ ਹੈ। ਨੀਂਦ-ਵਿਗੁੱਤੀ ਲੋਕਾਈ ਲਈ ਬਾਬਾ ਚੜ੍ਹਦਾ ਸੂਰਜ ਬਣਿਆ।
ਘੁੱਪ ਹਨੇਰਿਆਂ ਦਾ ਸਿਲਸਿਲਾ ਤੋੜਨ ਲਈ ਪੁੰਨਿਆ ਦਾ ਚੰਨ ਬਣ ਕੇ ਅੰਬਾਰ 'ਤੇ ਚੜ੍ਹਿਆ। ਪਵਣ ਚਵਰ ਕਰਦੀ। ਉਸ ਦੀ ਕਲਮ ਚਾਨਣ ਦੇ ਹਰਫ਼ ਪਾਉਂਦੀ। ਤਾਰੇ ਉਸ ਦੀ ਪਰਦੱਖਣਾ ਕਰਦੇ। ਜੱਗ ਤਾਰਨ ਲਈ ਬਾਬਾ ਘਰ ਦੀਆਂ ਸੁੱਖ-ਸਹੂਲਤਾਂ ਦਾ ਤਿਆਗ ਕਰਦਾ ਹੈ।
ਬ੍ਰਹਿਮੰਡੀ ਨਾਗਰਿਕ ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖ ਵੱਲੋਂ ਬਣਾਈਆਂ ਹੱਦਾਂ-ਸਰਹੱਦਾਂ ਨੂੰ ਬੇਮਾਅਨੇ ਸਮਝਦਾ ਹੈ। ਸਮਾਜ ਦੀ ਪ੍ਰਚਲਿਤ ਵਰਣ-ਵੰਡ ਦੀਆਂ ਧੱਜੀਆਂ ਉਡਾਉਂਦਾ ਹੈ। ਜਿੱਧਰੋਂ ਵੀ ਵਿਚਰਦਾ, ਹਨੇਰੇ ਵਿਚ ਗੁਆਚੇ ਰੁੱਖਾਂ ਦੀਆਂ ਛਾਵਾਂ ਪ੍ਰਗਟ ਹੋ ਜਾਂਦੀਆਂ। ਬ੍ਰਹਿਮੰਡੀ ਨਾਗਰਿਕ ਹੱਦਾਂ ਦੇ ਉਰਵਾਰ ਤੇ ਦਿਸਹੱਦਿਆਂ ਤੋਂ ਪਾਰ ਵੀ ਵੇਖਦਾ। ਧਰਤੀ ਦਾ ਕਣ-ਕਣ ਉਸ ਦੀਆਂ ਪੈੜਾਂ ਨਾਲ ਚਮਕ ਉੱਠਦਾ।
ਛਾਈ ਹੋਈ ਮੁਰਦੇਹਾਨੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਵੀਂ ਰੂਹ ਫੂਕਦੇ । ਮਰਦਾਨੇ ਦੀ ਰਬਾਬ ਦੀਆਂ ਤਰਬਾਂ ਚਾਨਣ ਨੂੰ ਖਰਬਾਂ ਜਰਬਾਂ ਦਿੰਦੀਆਂ। ਉਸ ਦੇ ਦੀਦਾਰ ਕਰ ਕੇ ਮਨ-ਮਸਤਕ 'ਚ ਦੀਵੇ ਬਲਦੇ।
ਕੈਲਾਸ਼/ਸੁਮੇਰ ਪਰਬਤ ਚੜ੍ਹਦਾ ਤਾਂ ਅੰਬਰ ਨੀਵਾਂ ਹੋ ਕੇ ਸਿਜਦਾ ਕਰਦਾ। ਇੱਤਰਾਂ ਦੇ ਚੋਅ ਉਸ ਦੇ ਚਰਨ-ਕੰਵਲ ਧੋਂਦੇ। ਮੱਕੇ-ਮਦੀਨੇ ਦੀ ਜ਼ਿਆਰਤ ਵੇਲੇ ਸਾਗਰ 'ਤੇ ਜਿਵੇਂ ਬੇੜੀਆਂ ਦਾ ਪੁਲ ਉਸਰ ਜਾਂਦਾ।
ਬਿਖਮ ਰਾਹਾਂ ਤੇ ਬਿਖੜੇ ਸਮਿਆਂ ਦੇ ਪਾਂਧੀ ਲਈ ਸੰਘਣਾ ਜੰਗਲ ਵੀ ਸ਼ਾਹ-ਮਾਰਗ ਬਣ ਜਾਂਦਾ। ਬਾਬਾ ਕਰਾਮਾਤ ਵਿਚ ਨਹੀਂ ਬਲਕਿ ਕਰਮ 'ਤੇ ਟੇਕ ਰੱਖਦਾ। ਤਰਕ ਨਾਲ ਉਹ ਕਿਸੇ ਦਾ ਵੀ ਦਿਲ ਜਿੱਤ ਲੈਂਦਾ। ਅਖੰਡ ਜ਼ਮੀਰ ਵਾਲੇ ਲਈ ਧਰਤੀ ਅਖੰਡ ਹੁੰਦੀ ਹੈ। ਉਹ ਵੰਡੀਆਂ ਨੂੰ ਤੱਜਦਾ।
ਅਲਬੇਲਾ ਕਾਫ਼ਰ ਹਾਜੀਆਂ ਨੂੰ ਵੀ ਅੱਲਾਹ ਦਾ ਦੀਦਾਰ ਕਰਵਾ ਆਉਂਦਾ। ਪਿਤਰਾਂ ਨੂੰ ਪਾਣੀ ਕਰਤਾਰਪੁਰ ਦੇ ਖਾਲਾਂ ਥੀਂ ਚੜ੍ਹਦਾ।
ਹਜ਼ਾਰਾਂ ਮੀਲ ਧਰਤੀ ਗਾਹੁਣ ਵਾਲੇ ਨੂੰ ਇਲਮ ਸੀ ਕਿ ਬਾਰਾਂ ਕੋਹ ਬਾਅਦ ਬੋਲੀ ਬਦਲ ਜਾਂਦੀ ਹੈ। ਉਸ ਦੀ ਸੰਗਤ ਵਿਚ ਮਿਕਨਾਤੀਸੀ ਸਤਰੰਗੀ ਰੰਗਤ ਮਹਿਸੂਸ ਹੁੰਦੀ। ਉਸ ਦੇ ਅੰਗ-ਸੰਗ ਰਹਿਣ ਵਾਲੇ ਉਸ ਦੀ ਇਲਾਹੀ ਸੰਗਤ ਵਿਚ ਗੜੁੱਚ ਹੋ ਜਾਂਦੇ। ਸ੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾ ਲੋਕ ਮੁਹਾਵਰੇ ਵਿਚ ਸੰਵਾਦ ਰਚਾਉਂਦਾ। ਸਿੱਧਾਂ, ਨਾਥਾਂ ਤੇ ਜੋਗੀਆਂ, ਹਾਜੀਆਂ ਤੇ ਗਾਜੀਆਂ ਨਾਲ ਗੋਸ਼ਟ ਰਚਾਉਂਦਿਆਂ ਉਨ੍ਹਾਂ ਦੀ ਬੋਲੀ ਬੋਲਦੇ ।
ਬੋਲ, ਬਾਣੀ ਤੇ ਬਾਣੇ 'ਚੋਂ ਸਭ ਨੂੰ ਉਹ ਆਪਣਾ-ਆਪਣਾ ਲੱਗਦਾ।
'ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ' ਦੇ ਮਹਾਵਾਕ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਵਿਚਾਰਧਾਰਕ ਵਿੱਥਾਂ ਮਿਟਾ ਕੇ ਬੇਗਾਨਿਆਂ ਨੂੰ ਵੀ ਆਪਣਾ ਬਣਾ ਲੈਂਦੇ। ਬੋਲਾਂ ਦੀ ਸਾਂਝ ਤੋਂ ਬਾਅਦ ਸਭ ਲਈ ਬਾਬਾ ਰਹਿਬਰ ਬਣ ਜਾਂਦਾ। ਆਪਣੇ ਅਤੇ ਬੇਗਾਨੇ ਦਾ ਫਰਕ ਮਿਟ ਜਾਂਦਾ। ਨਾਨਕ ਜਿੱਧਰ ਵੀ ਜਾਂਦਾ, ਕਾਫ਼ਲਾ ਉਸ ਮਗਰ ਹੋ ਤੁਰਦਾ।
ਬੋਲੀਆਂ ਦੀ ਸੁਵੰਨਤਾ ਚਾਰੋਂ ਦਿਸ਼ਾਵਾਂ ਵਿਚ ਕੀਤੀਆਂ ਉਦਾਸੀਆਂ ਦਾ ਹੀ ਹਾਸਲ ਹੈ। ਫਾਸਲੇ ਤੇ ਕਾਫ਼ਲੇ ਨਾਲ-ਨਾਲ ਨਹੀਂ ਚੱਲਦੇ। ਬਾਬੇ ਦੀ ਸੰਗਤ ਵਿਚ ਹਰ ਫ਼ਾਸਲਾ ਸਿਮਟ ਕੇ ਰਹਿ ਜਾਂਦਾ। ਸਿਵਿਆਂ ਵਾਂਗ ਬਲ ਰਹੇ ਜਿਸਮ ਨੂਰ-ਨੂਰ ਹੋ ਜਾਂਦੇ। ਸਤਿਗੁਰੂ ਦਾ ਪ੍ਰਗਟਾਅ ਧੁਆਂਖੀਆਂ ਧੁੰਦਾਂ ਨੂੰ ਲੋਪ ਕਰਦਾ। ਉਸ ਦੀ ਇਕ ਨਦਰ ਨਾਲ ਵਿਹੁੰ ਨਾਲ ਭਰੀਆਂ ਨਦੀਆਂ ਵਿਚ ਮਾਖਿਓਂ ਘੁਲ ਜਾਂਦਾ।
ਘਟ-ਘਟ ਅੰਦਰ ਵੱਸਿਆ ਸ੍ਰੀ ਗੁਰੂ ਨਾਨਕ ਦੇਵ ਜੀ ਅਗਿਆਨਤਾ ਦੀ ਧੁੰਦ ਮਿਟਾਉਣ ਵਾਲਾ ਜਗਤ ਗੁਰੂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਝਲਕ ਉਨ੍ਹਾਂ ਵੱਲੋਂ ਰਚੀ ਬਾਣੀ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚੋਂ ਆਤਮਸਾਤ ਕੀਤੀ ਜਾ ਸਕਦੀ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਥਨ ਅਨੁਸਾਰ ਭਾਈ ਗੁਰਦਾਸ ਦੀ ਕਲਮ ਨਾਲ ਰਚੇ ਕਬਿਤ, ਸਵੱਯੇ ਅਤੇ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹਨ। ਭਾਈ ਸਾਹਿਬ ਰਚਿਤ ਕਾਵਿ ਦਰਅਸਲ ਪੰਜਾਬੀ ਵਿਚ ਲਿਖੀ ਗਈ ਪਹਿਲੀ ਜੀਵਨੀ ਹੈ। ਉਨ੍ਹਾਂ ਵੱਲੋਂ ਦਿੱਤਾ ਗਿਆ ਬਿਰਤਾਂਤ/ਦ੍ਰਿਸ਼ਟਾਂਤ ਨਿਸਚੇ ਹੀ ਗੁਰੂ ਜੀ ਦੇ ਦਰਸ਼ਨ-ਦੀਦਾਰੇ ਕਰਵਾਉਂਦਾ ਹੈ।
ਭਾਈ ਸਾਹਿਬ ਦਾ ਜਨਮ ਭਾਵੇਂ ਗੁਰੂ ਸਾਹਿਬ ਦੇ ਜੋਤੀ-ਜੋਤ ਸਮਾਉਣ ਤੋਂ ਥੋੜ੍ਹਾ ਚਿਰ ਪਿੱਛੋਂ ਹੋਇਆ ਪਰ ਗੁਰੂ-ਘਰ ਨਾਲ ਖ਼ੂਨ ਦਾ ਨਾਤਾ ਹੋਣ ਕਰਕੇ ਉਨ੍ਹਾਂ ਨੇ ਆਪਣੇ ਵਡੇਰਿਆਂ ਦੇ ਮੁਖਾਰਬਿੰਦ ਤੋਂ ਕਈ ਸਾਖੀਆਂ ਸਰਵਣ ਕੀਤੀਆਂ ਸਨ। ਦੇਸ਼-ਦੇਸ਼ਾਂਤਰ ਦੀ ਅਧਿਆਤਮਕ ਯਾਤਰਾ ਤੋਂ ਬਾਅਦ ਗੁਰੂ ਜੀ ਨੂੰ ਆਪਣੀ ਮਿੱਟੀ ਆਵਾਜ਼ਾਂ ਮਾਰਦੀ ਹੈ।
ਉਦਾਸੀਆਂ ਦਾ ਕਾਲ ਸਮਾਪਤ ਹੋਣ ਉਪਰੰਤ ਉਨ੍ਹਾਂ ਨੇ ਉਦਾਸੀ ਭੇਖ ਲਾਹ ਦਿੱਤਾ ਅਤੇ ਸੰਸਾਰੀਆਂ ਵਾਲੇ ਕੱਪੜੇ ਪਾ ਕੇ ਰਾਵੀ ਦੇ ਕੰਢੇ ਆਪਣੇ ਆਬਾਦ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੇਤਾਂ ਵਿਚ ਆਪਣੇ ਹੱਥੀਂ ਰਾਹਲਾਂ ਤੇ ਸਿਆੜ ਕੱਢੇ। ਉਦਾਸੀਆਂ ਦੌਰਾਨ ਇਕੱਠਾ ਕੀਤਾ ਬਾਣੀ ਦਾ ਸਤਨਾਜਾ ਉਨ੍ਹਾਂ ਨੇ ਰਾਵੀ ਕੰਢੇ ਬੀਜ ਦਿੱਤਾ। ਭਾਈ ਗੁਰਦਾਸ ਫ਼ਰਮਾਉਂਦੇ ਹਨ, ''ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ।'' ਅੱਜ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਨਾਨਕ ਨਾਮਲੇਵਾ ਉਨ੍ਹਾਂ ਦੇ ਪਦ-ਚਿੰਨ੍ਹਾਂ 'ਤੇ ਚੱਲ ਰਹੇ ਹਨ?