You are here

ਧਾਂਦਰਾ ਕਲੱਸਟਰ ਨਾਲ ਸਬੰਧਿਤ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ - ਵਿਧਾਇਕ ਵੈਦ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕੀਤਾ 20 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

ਪਿੰਡ ਧਾਂਦਰਾ ਵਿਖੇ ਮੀਡੀਆ ਨਾਲ ਮੁਖਾਤਿਬ ਹੋਏ

ਲੁਧਿਆਣਾ ,  ਨਵੰਬਰ 2020-( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)- 

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਗੁਰਪੁਰਬ ਨੂੰ ਸਮਰਪਿਤ ਹਲਕਾ ਗਿੱਲ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਅੱਜ ਜ਼ਿਲੇ ਦੇ ਧਾਂਦਰਾ ਅਤੇ ਠੱਕਰਵਾਲ ਪਿੰਡ ਦੇ ਵਸਨੀਕਾਂ ਲਈ 20 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਵੈਦ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਹ ਦੌਵੇ ਪਿੰਡ ਪਹਿਲੇ ਸਿੱਖ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਹਨ।

ਇਸ ਮੌਕੇ ਉਨ੍ਹਾਂ ਦੇ ਨਾਲ ਧਾਂਦਰਾ ਪਿੰਡ ਦੇ ਸਰਪੰਚ ਗੁਰਜੀਤ ਸਿੰਘ, ਸਾਬਕਾ ਸਰਪੰਚ ਮਨਮੋਹਨ ਸਿੰਘ, ਬੀ.ਡੀ.ਪੀ.ਓ. ਸ੍ਰ.ਧਨਵੰਤ ਸਿੰਘ ਰੰਧਾਵਾ ਤੋਂ ਇਲਾਵਾ ਕਈ ਹੋਰ ਹਾਜ਼ਰ ਸਨ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਪਿਛਲੇ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਹਰੇਕ ਪਿੰਡ ਨੂੰ ਇੱਕ-ਇੱਕ ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਧਾਂਦਰਾ ਅਤੇ ਠੱਕਰਵਾਲ ਦੋਵਾਂ ਪਿੰਡਾਂ ਨੂੰ ਇਕ-ਇਕ ਕਰੋੜ ਰੁਪਏ ਦੀ ਗ੍ਰਾਂਟ ਮਿਲੀ ਸੀ ਅਤੇ ਅੱਜ ਉਨ੍ਹਾਂ ਵੱਲੋਂ ਕੁੱਲ 20 ਵਿਕਾਸ ਪ੍ਰਾਜੈਕਟਾਂ (8 ਪਿੰਡ ਧਾਂਦਰਾ 12 ਠੱਕਰਵਾਲ ਵਿਚ) ਦਾ ਉਦਘਾਟਨ ਕੀਤਾ ਗਿਆ।

ਇਨ੍ਹਾਂ ਪ੍ਰਾਜੈਕਟਾਂ ਵਿੱਚ ਛੱਪੜ ਦੀ ਮੁਰੰਮਤ, ਮਰਦਾਂ ਅਤੇ ਔਰਤਾਂ ਲਈ ਵੱਖ-ਵੱਖ ਪਾਰਕਾਂ ਦੀ ਉਸਾਰੀ, ਔਰਤਾਂ ਤੇ ਮਰਦਾਂ ਲਈ ਵੱਖਰੇ ਜਿੰਮ, ਪਿੰਡ ਦੇ ਰਿੰਗ ਰੋਡ ਦੀ ਉਸਾਰੀ, ਸ਼ਮਸ਼ਾਨਘਾਟ ਦੀ ਚਾਰ-ਦੀਵਾਰੀ, ਸਿਵਲ ਡਿਸਪੈਂਸਰੀ ਦੀ ਮੁਰੰਮਤ, ਦੋ ਆਂਗਨਵਾੜੀ ਸੈਂਟਰ, ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੀ ਉਸਾਰੀ, ਲਈਅਰ ਵੈਲੀ ਪਾਰਕ ਅਤੇ ਸਮੁੱਚੇ ਪਿੰਡ ਠੱਕਰਵਾਲ ਵਿੱਚ ਪੌਦੇ ਲਗਾਉਣ ਦੇ ਕੰਮ ਸ਼ਾਮਲ ਹਨ। ਕੂੜਾ ਇਸੇ ਤਰ੍ਹਾਂ, ਧਾਂਦਰਾ ਪਿੰਡ ਵਿਖੇ ਉਦਘਾਟਨ ਕੀਤੇ ਗਏ ਵਿਕਾਸ ਪ੍ਰਾਜੈਕਟਾਂ ਵਿੱਚ ਪਿੰਡ ਦੇ ਪਾਰਕ ਦੀ ਮੁਰੰਮਤ, ਇਤਿਹਾਸਕ ਗੁਰੂਦੁਆਰਾ ਸਾਹਿਬ ਨਾਲ ਢੁੱਕਵੇਂ ਸੰਪਰਕ ਲਈ ਸੜਕ, ਪਿੰਡ ਦੇ ਰਿੰਗ ਰੋਡ ਦੀ ਉਸਾਰੀ, ਸ਼ਮਸ਼ਾਨਘਾਟ, ਛੱਪੜ ਦੀ ਮੁਰੰਮਤ, ਬੱਸ ਸਟਾਪ, ਸੀਵਰੇਜ ਲਾਈਨ ਅਤੇ ਪੌਦੇ ਲਗਾਉਣ ਦੇ ਕੰਮ ਸ਼ਾਮਲ ਹਨ।ਪ੍ਰੈਸ ਕਾਨਫਰੰਸ ਦੌਰਾਨ ਵਿਧਾਇਕ ਸ੍ਰੀ ਕੁਲਦੀਪ ਸਿੰਘ ਵੈਦ ਨੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸ਼ਿਆਮਾ ਪ੍ਰਸ਼ਾਦ ਮੁਖਰਜੀ ਸ਼ਹਿਰੀ ਮਿਸ਼ਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਧਾਂਦਰਾ ਕਲੱਸਟਰ ਨੂੰ ਮਨਜ਼ੂਰੀ ਮਿਲ ਗਈ ਹੈ ਜਿਸ ਵਿੱਚ 21 ਪੰਚਾਇਤਾਂ/ਪਿੰਡ/ਕਲੋਨੀਆਂ ਸ਼ਾਮਲ ਕੀਤੀਆਂ ਗਈਆਂ ਹਨ, ਇਨ੍ਹਾਂ ਖੇਤਰਾਂ ਵਿੱਚ ਸ਼ਹਿਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਮਿਸ਼ਨ 'ਤੇ ਕੰਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ ਅਤੇ ਧਾਂਦਰਾ ਕਲਸਟਰ ਦੇ ਅਧੀਨ ਆਉਣ ਵਾਲੇ ਇਲਾਕਿਆਂ ਦੇ ਵਸਨੀਕਾਂ ਨੂੰ ਸੀਵਰੇਜ, ਸੜਕਾਂ, ਸੋਲਰ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਹੋਰ ਵਿਕਾਸ ਪ੍ਰਾਜੈਕਟ ਜੋ ਫੰਡਾਂ ਦੀ ਘਾਟ ਕਾਰਨ ਅਧੂਰੇ ਰਹਿ ਗਏ ਸਨ, ਨੂੰ ਵੀ ਸ਼ਿਆਮਾ ਪ੍ਰਸਾਦ ਮੁਖਰਜੀ ਸ਼ਹਿਰੀ ਮਿਸ਼ਨ ਤਹਿਤ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਤਹਿਤ ਲਗਭਗ 100 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਪੇਂਡੂ ਝੌਂਪੜੀਆਂ ਦੀ ਮੁਰੰਮਤ, ਸ਼ਮਸ਼ਾਨਘਾਟ, ਬੱਸ ਅੱਡਾ, ਲਾਇਬ੍ਰੇਰੀ, ਆਂਗਨਵਾੜੀ, ਚਿਲਡਰਨ ਪਾਰਕ, ਪ੍ਰਾਇਮਰੀ ਸਮਾਰਟ ਸਕੂਲ ਤੋਂ ਇਲਾਵਾ 8 ਪਿੰਡਾਂ ਵਿੱਚ ਸੀਵਰੇਜ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੋਰ ਨਿਰਮਾਣ ਅਧੀਨ ਪ੍ਰਾਜੈਕਟਾਂ ਵਿਚ ਝੀਲ, ਮਲਟੀਪਰਪਜ਼ ਬਿਜ਼ਨਸ ਸੈਂਟਰ, ਐਗਰੋ ਪ੍ਰੋਸੈਸਿੰਗ ਯੂਨਿਟ, ਕਲੱਸਟਰ ਲੈਵਲ ਕਮਰਸ਼ੀਅਲ ਸਪੇਸ ਸੈਂਟਰ, ਕਲੱਸਟਰ ਲੈਵਲ ਸਪੋਰਟਸ ਸਟੇਡੀਅਮ, ਹੁਨਰ ਵਿਕਾਸ ਕੇਂਦਰ, ਵੈਟਰਨਰੀ ਹਸਪਤਾਲ, ਸਿਵਲ ਡਿਸਪੈਂਸਰੀ, ਸਮਾਰਟ ਸੈਕੰਡਰੀ ਸਕੂਲ, ਸੀਵਰੇਜ ਪ੍ਰਾਜੈਕਟ ਅਤੇ ਪਿੰਡਾਂ ਵਿਚ ਗਲੀਆਂ ਦਾ ਨਿਰਮਾਣ ਸ਼ਾਮਲ ਹਨ