You are here

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਟੈਚੀ 'ਚ ਪਾ ਕੇ ਅੰਮ੍ਰਿਤਸਰ ਤੋਂ ਪੁਣੇ ਜਾ ਰਿਹਾ ਪਿਓ-ਪੁੱਤ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਰਾਜਾਸਾਂਸੀ,ਅੰਮ੍ਰਿਤਸਰ,ਨਵੰਬਰ   2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-       

 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਗੁਰ ਮਰਿਆਦਾ ਦੇ ਉਲਟ ਅਟੈਚੀ 'ਚ ਲਿਜਾਣ ਦੀ ਕੋਸ਼ਿਸ਼ 'ਚ ਵੀਰਵਾਰ ਸ਼ਾਮ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਮਲੇ ਦਾ ਸਖ਼ਤ ਨੋਟਿਸ ਲਿਆ ਹੈ ਤੇ ਛੇਤੀ ਹੀ ਐੱਫਆਈਆਰ ਦਰਜ ਕਰਵਾਏਗੀ। ਮੋਗਾ ਤੋਂ ਜਵਾਲਾ ਸਿੰਘ ਆਪਣੇ ਪੁੱਤਰ ਗੈਦੂ ਜਸਵੀਰ ਨਾਲ ਸਪਾਈਸ ਜੈੱਟ ਦੀ ਉਡਾਣ ਰਾਹੀਂ ਪੁਣੇ ਜਾਣ ਲਈ ਹਵਾਈ ਅੱਡੇ 'ਤੇ ਪਹੁੰਚਿਆ ਸੀ। ਕਸਟਮ ਦੀ ਜਾਂਚ ਦੌਰਾਨ ਇਨ੍ਹਾਂ ਨੂੰ ਫੜ ਲਿਆ ਗਿਆ। ਜਾਣਕਾਰੀ ਮੁਤਾਬਕ ਮੋਗਾ ਜ਼ਿਲ੍ਹੇ ਦੇ ਕਸਬੇ ਬਾਘਾ ਪੁਰਾਣਾ ਦਾ ਰਹਿਣ ਵਾਲਾ ਜਵਾਲਾ ਸਿੰਘ ਪੁਣੇ 'ਚ ਰਹਿਣ ਵਾਲੇ ਆਪਣੇ ਪੁੱਤਰ ਗੈਦੂ ਜਸਵੀਰ ਸਿੰਘ ਨਾਲ ਵੀਰਵਾਰ ਦੁਪਹਿਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ। ਉਨ੍ਹਾਂ ਨੇ ਸ਼ਾਮ ਤਿੰਨ ਵਜੇ ਪੁਣੇ ਜਾਣ ਵਾਲੀ ਸਪਾਈਸ ਜੈੱਟ ਦੀ ਉਡਾਣ 'ਚ ਸਵਾਰ ਹੋਣਾ ਸੀ। ਸੁਰੱਖਿਆ ਚੈਕਿੰਗ ਤੋਂ ਪਹਿਲਾਂ ਕਸਟਮ ਵਿਭਾਗ ਨੇ ਇਨ੍ਹਾਂ ਦੇ ਸਾਮਾਨ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੇ ਬੈਗ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਤੇ ਕੁਝ ਧਾਰਮਿਕ ਪੋਥੀਆਂ ਫੜੀਆਂ ਜਾਣ 'ਤੇ ਉਨ੍ਹਾਂ ਨੂੰ ਰੋਕ ਲਿਆ। ਕਸਟਮ ਅਧਿਕਾਰੀਆਂ ਨੇ ਇਸ ਦੀ ਸੂਚਨਾ ਰਾਜਾਸਾਂਸੀ ਥਾਣੇ ਦੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਦੀ ਜਾਣਕਾਰੀ ਮਿਲਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਮੌਕੇ 'ਤੇ ਪਹੁੰਚ ਗਏ। ਪੁਲਿਸ ਦੀ ਪੁੱਛਗਿੱਛ 'ਚ ਸਾਹਮਣੇ ਆਇਆ ਕਿ ਜਵਾਲਾ ਸਿੰਘ ਦਾ ਲੜਕਾ ਗੈਦੂ ਜਸਵੀਰ ਸਿੰਘ ਪੁਣੇ ਦੇ ਗੁਰਦੁਆਰੇ 'ਚ ਸੇਵਾਦਾਰ ਬਾਬੇ ਦੇ ਨਾਲ ਰਹਿੰਦਾ ਹੈ। ਪਾਵਨ ਸਰੂਪ ਤੇ ਪੋਥੀਆਂ ਨੂੰ ਉਹ ਬਾਬੇ ਲਈ ਹੀ ਲੈ ਕੇ ਜਾ ਰਹੇ ਸਨ। ਸ਼੍ਰੋਮਣੀ ਕਮੇਟੀ ਮੈਂਬਰ ਜਗਦੇਵ ਸਿੰਘ ਨੇ ਕਿਹਾ ਕਿ ਇਨ੍ਹਾਂ ਨੇ ਮਰਿਆਦਾ ਦੀ ਉਲੰਘਣਾ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕੀਤੀ ਹੈ। ਇਸ ਲਈ ਦੋਵਾਂ ਖ਼ਿਲਾਫ਼ 295-ਏ ਦੇ ਤਹਿਤ ਕੇਸ ਦਰਜ ਕਰਾਵਾਂਗੇ। ਫ਼ਿਲਹਾਲ ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ

 

ਪਾਵਨ ਸਰੂਪ ਅਟੈਚੀ ’ਚ ਬੰਦ ਕਰਕੇ ਪੂਨੇ ਲਿਜਾਣ ਦੀ ਕੋਸ਼ਿਸ਼ ਦੀ ਭਾਈ ਲੌਂਗੋਵਾਲ ਵੱਲੋਂ ਨਿਖੇਧੀ

 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੱਖ ਮਰਯਾਦਾ ਦੇ ਉਲਟ ਅਟੈਚੀ ਵਿਚ ਬੰਦ ਕਰਕੇ ਹਵਾਈ ਜਹਾਜ਼ ਰਾਹੀਂ ਪੂਨੇ ਲਿਜਾਣ ਦੀ ਦੋ ਵਿਅਕਤੀਆਂ ਵੱਲੋਂ ਕੀਤੀ ਕੋਸ਼ਿਸ਼ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਹਾਜ਼ਰ ਨਾਜ਼ਰ ਗੁਰੂ ਹਨ ਅਤੇ ਪਾਵਨ ਸਰੂਪ ਨੂੰ ਇਕ ਥਾਂ ਤੋਂ ਦੂਜੀ ਥਾਂ ਲੈਜਾਣ ਦੀ ਇਕ ਮਰਯਾਦਾ ਹੈ। ਉਨ੍ਹਾਂ ਕਿਹਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਫੜ੍ਹੇ ਗਏ ਦੋ ਵਿਅਕਤੀਆਂ ਵੱਲੋਂ ਕੀਤੀ ਗਈ ਹਰਕਤ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।