ਮੋਹਾਲੀ,ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਸੂਬਾ ਸਰਕਾਰ ਦੇ ਸਹਿਯੋਗ ਨਾਲ ਆਪਣੇ ਕੈਂਪਸ ਵਿਚ 21 ਨਵੰਬਰ ਨੂੰ 'ਗੁਰੂ ਨਾਨਕ ਚੇਅਰ' ਸਥਾਪਤ ਕਰਨ ਜਾ ਰਹੀ ਹੈ। ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਤੇ ਸਥਿਰ ਵਿਕਾਸ ਲਈ ਸੰਯੁਕਤ ਰਾਸ਼ਟਰ ਦਾ ਏਜੰਡਾ' ਵਿਸ਼ੇ 'ਤੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਆਨਲਾਈਨ ਪੱਧਰੀ ਸਮਾਗਮ ਦੌਰਾਨ ਸ਼੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰਰੀਤ ਸਿੰਘ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਅਧਿਆਤਮਕ ਆਗੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਹੋਰ ਸ਼ਖ਼ਸੀਅਤਾਂ ਸੈਮੀਨਾਰ ਨੂੰ ਸੰਬੋਧਨ ਕਰਨਗੀਆਂ। ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇਸ਼ ਦੀ ਪਹਿਲੀ ਯੂਨੀਵਰਸਿਟੀ ਹੈ, ਜਿੱਥੇ 'ਗੁਰੂ ਨਾਨਕ ਚੇਅਰ' ਦੀ ਸਥਾਪਨਾ ਹੋਣ ਜਾ ਰਹੀ ਹੈ।
ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਪ੍ਰੋ. ਬਲਵੰਤ ਸਿੰਘ ਢਿੱਲੋਂ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ), ਪ੍ਰੋ. ਨਸੀਮ ਹਾਮਿਦੁੱਲਾ (ਸੈਂਟਰਲ ਯੂਨੀਵਰਸਿਟੀ ਆਫ਼ ਕਸ਼ਮੀਰ), ਪ੍ਰੋ. ਐੱਨ. ਮੁਥੂ ਮੋਹਨ (ਮਧੂਰਾਏ ਕਾਮਰਾਜ ਯੂਨੀਵਰਸਿਟੀ, ਤਾਮਿਲਨਾਡੂ), ਪ੍ਰੋ. ਸੁਰਜੀਤ ਕੌਰ ਚਾਹਲ (ਸਵਿੱਤਰੀ ਬਾਈ ਫੂਲੇ ਯੂਨੀਵਰਸਿਟੀ, ਪੁਣੇ), ਡਾ. ਅਮਨਪ੍ਰੀਤ ਸਿੰਘ ਗਿੱਲ (ਐੱਸਜੀਟੀਬੀ ਕਾਲਜ, ਦਿੱਲੀ), ਪ੍ਰੋ. ਹਿਮਾਦਰੀ ਬੈਨਰਜੀ (ਜਾਧਵਪੁਰ ਯੂਨੀਵਰਸਿਟੀ, ਕੋਲਕਾਤਾ), ਡਾ. ਅਮਰਜੀਤ ਸਿੰਘ (ਜੀਐੱਨਡੀ ਯੂਨੀਵਰਸਿਟੀ, ਅੰਮਿ੍ਤਸਰ), ਪ੍ਰੋ. ਗੁਰਿੰਦਰ ਸਿੰਘ ਮਾਨ (ਯੂਨੀਵਰਸਿਟੀ ਆਫ਼ ਕੈਂਟ, ਕੈਂਟਰਬਰੀ, ਯੂ.ਕੇ.), ਪ੍ਰੋ. ਮੋਨਿਕਾ ਹੋਰਜਮਾਨ (ਯੂਨੀਵਰਸਿਟੀ ਆਫ਼ ਬੋਨ, ਜਰਮਨੀ), ਪ੍ਰੋ. ਦਵਿੰਦਰਪਾਲ ਸਿੰਘ (ਸੈਂਟਰ ਫ਼ਾਰ ਅੰਡਰਸਟੈਂਡਿੰਗ ਸਿੱਖੀਇਜ਼ਮ, ਕੈਨੇਡਾ) ਤੇ ਹੋਰ ਸ਼ਖ਼ਸੀਅਤਾਂ ਵਿਚਾਰਾਂ ਦੀ ਸਾਂਝ ਪਾਉਣਗੀਆਂ।