ਜਥੇਦਾਰ ਤੋਂ ਮੁਆਫ਼ੀ ਮੰਗਣ ਭਾਜਪਾ ਆਗੂ ਗਰੇਵਾਲ-ਅਕਾਲੀ ਦਲ
ਚੰਡੀਗੜ੍ਹ , ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਗ਼ੈਰ-ਜਮਹੂਰੀ ਅਤੇ ਈਵੀਐਮ ਦੀ ਮਦਦ ਰਾਹੀਂ ਬਣੀ ਸਰਕਾਰ ਕਰਾਰ ਦਿੱਤੇ ਜਾਣ ਤੋਂ ਬਾਅਦ ਇਸ ਮਾਮਲੇ ਬਾਰੇ ਨਵਾਂ ਵਾਦ-ਵਿਵਾਦ ਸ਼ੁਰੂ ਹੋ ਗਿਆ ਹੈ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਬਾਰੇ ਕੀਤੀ ਟਿੱਪਣੀ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਕਾਲ ਤਖ਼ਤ ਦਾ ਸਿੱਖ ਧਰਮ ਵਿਚ ਰੁਤਬਾ ਸਰਵਉੱਚ ਹੈ, ਇਸ ਲਈ ਜਥੇਦਾਰ ਵਿਰੁੱਧ ਕਿਸੇ ਵੀ ਸਿਆਸੀ ਆਗੂ ਦੀ ਟਿੱਪਣੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਕੱਤਰ ਜਨਰਲ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਜਿਸ ਢੰਗ ਨਾਲ ਕੌਮ ਨੂੰ ਸੁਚੇਤ ਕੀਤਾ ਹੈ, ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦਾ ਡਟ ਕੇ ਸਮਰਥਨ ਕਰਦਾ ਹੈ। ਉਨ੍ਹਾਂ ਆਖਿਆ ਕਿ ਜਥੇਦਾਰ ਵਲੋਂ ਦੁਸ਼ਮਣ ਤਾਕਤਾਂ ਤੋਂ ਸੁਚੇਤ ਹੋਣ ਲਈ ਕਿਹਾ ਗਿਆ ਹੈ, ਜਿਸ ਬਾਰੇ ਭਾਜਪਾ ਆਗੂ ਗਰੇਵਾਲ ਵਲੋਂ ਦਿੱਤਾ ਬਿਆਨ ਮੰਦਭਾਗਾ ਹੈ। ਚੀਮਾ ਨੇ ਕਿਹਾ ਕਿ ਬਤੌਰ ਸਿੱਖ ਸ੍ਰੀ ਗਰੇਵਾਲ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ ਅਤੇ ਮੁਆਫ਼ੀ ਮੰਗਣੀ ਚਾਹੀਦੀ ਹੈ।