ਸੁਦਾਗਰ ਗੁੰਮਸ਼ੁਦਗੀ ਸਬੰਧੀ 21 ਸਾਲਾਂ ਬਾਦ ਪੁਲਿਸ ਨੇ ਕੀਤੀ ਐਫ. ਆਈ.ਆਰ. ਦਰਜ
ਜਗਰਾਉਂ,ਨਵੰਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਨੇੜਲੇ ਪਿੰਡ ਟੂਸਾ ਦੇ ਗੁੰਮਸ਼ੁਦਾ ਬੇਲਦਾਰ ਸੁਦਾਗਰ ਸਿੰਘ ਦੇ ਬੁੱਢੇ ਮਾਂ-ਬਾਪ ਦੇ ਅੱਲ਼ੇ ਜ਼ਖਮਾਂ ‘ਤੇ ਮਲ਼ਮ ਲਗਾਉਣ ਲਈ ਜਿਥੇ ਯੂਨੀਵਰਸਲ਼ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ(ਰਜ਼ਿ.) ਨੂੰ 11 ਸਾਲ ਲੱਗੇ, ਉਥੇ ਸੁਦਾਗਰ ਸਿੰਘ ਦੇ ਮਾਂ-ਬਾਪ ਨੂੰ 24 ਸਾਲ ਲੰਬੀ ਉਡੀਕ ਕਰਨੀ ਪਈ। ਇਸ ਅਤਿ ਸੰਵੇਦਨਸ਼ੀਲ਼ ਮਾਮਲੇ ਸਬੰਧੀ ਪ੍ਰੈਸ ਨੂੰ ਜਾਰੀ ਇਕ ਪ੍ਰੈਸ ਨੋਟ ਰਾਹੀ ਆਰਗੇਨਾਈਜ਼ੇਸ਼ਨ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਸਤਿੰਦਰਪਾਲ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ 14 ਫਰਵਰੀ 1995 ਨੂੰ ਮੋਦਨ ਸਿੰਘ ਦਾ ਨਹਿਰੀ ਵਿਭਾਗ ‘ਚ ਬੇਲਦਾਰ ਲੱਗਾ ਨੌਜਵਾਨ ਅਮ੍ਰਿੰਤਧਾਰੀ ਪੁੱਤਰ ਰੋਜ਼ਾਨਾ ਦੀ ਤਰਾਂ੍ਹ ਘਰੋਂ ਤਾਂ ਡਿਊਟੀ ‘ਤੇ ਗਿਆ ਪਰ ਅੱਜ ਤੱਕ ਵਾਪਸ ਨਾਂ ਆਇਆ। ਬੁੱਢੇ ਮਾਂ-ਬਾਪ ਨੇ 48 ਘੰਟੇ ਉਡੀਕਣ ਤੋਂ ਬਾਦ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਪੁਲਿਸ ਜਿਲਾ ਜਗਰਾਓ ਦੇ ਥਾਣਾ ਸੁਧਾਰ ‘ਚ ਸੁਦਾਗਰ ਦੀ ਗੁੰਮਸ਼ੁਦਗੀ ਦੀ ਰਪਟ ਦਰਜ ਕਰਾਈ ਅਤੇ ਨਾਲ ਦੀ ਨਾਲ ਹੀ ਸੁਦਾਗਰ ਦੇ ਉਪ ਮੰਡਲ ਦਫਤਰ ਨਹਿਰੀ ਨੂੰ ਲਿਖਤੀ ਦਰਖਾਸਤ ਦਿੰਦਿਆਂ ਮੱਦਦ ਦੀ ਗੁਹਾਰ ਵੀ ਲਗਾਈ। ਉਨਾਂ ਪ੍ਰੈਸ ਨੋਟ ‘ਚ ਅੱਗੇ ਦੱਸਿਆ ਕਿ ਸੁਦਾਗਰ ਦੀ ਗੁੰਮਸ਼ੁਦਗੀ ਦੀ ਗੁਮੰਸ਼ੁਦਗੀ ਸਬੰਧੀ ਜਿਥੇ ਥਾਣਾ ਸੁਧਾਰ ਨੇ ਰਪਟ ਦਰਜ ਕਰਕੇ ਅਗਲੀ ਕਾਰਵਾਈ ਦਾ ਭਰੋਸਾ ਦਿੱਤਾ ਉਥੇ ਉਪ ਮੰਡਲ ਦਫਤਰ ਨਹਿਰੀ ਦੋਰਾਹਾ ਨੇ ਐਵੀਡੈਂਸ ਐਕਟ ਅਨੁਸਾਰ 7 ਸਾਲ ਬਾਦ ਆਉਣ ਲਈ ਕਹਿ ਕੇ ਵਾਪਸ ਮੋੜ ਦਿੱਤਾ। ਸੁਦਾਗਰ ਦੇ ਮਾਂ-ਬਾਪ ਨੇ ਜੁਆਨ ਪੁੱਤ ਦੀ ਭਾਲ਼ ‘ਚ ਅਨੇਕਾਂ ਸਾਧਾਂ-ਸਿਆਣਿਆਂ ਸਮੇਤ ਪੰਜਾਬ ਤਾਂ ਕੀ ਬਾਹਰਲੇ ਸੂਬਿਆਂ ਦੇ ਕਈ ਡੇਰਿਆਂ ਦੀ ਫਰੋਲਾ-ਫਰਾਲੀ ਵੀ ਕੀਤੀ ਪਰ ਕਿਧਰੋਂ ਵੀ ਸੁਦਾਗਰ ਦਾ ਭੇਤ ਨਾਂ ਲੱਗਾ। ਆਖਰ ਹੰਭ-ਹਾਰ ਕੇ ਬੁੱਢੇ ਬਾਪ ਨੇ ਪੇਂਡੂ ਮਜ਼ਦੂਰ ਦੇ ਆਗੂ ਸੁਖਦੇਵ ਮਾਣੰੂਕੇ ਨੂੰ ਨਾਲ ਲੈ ਕੇ ਗੁੰਮਸ਼ੁਦਾ ਸਰਕਾਰੀ ਕਰਮਚਾਰੀ ਦੇ ਵਾਰਸਾਂ ਨੂੰ ਫੈਮਲੀ ਪੈਨਸ਼ਨ ਅਤੇ ਬਕਾਏ ਦੀ ਪ੍ਰਾਪਤੀ ਲਈ ਮੁੱੜ ਉਪ ਮੰਡਲ ਦਫਤਰ ਨਹਿਰੀ ਦੋਰਾਹਾ ਦਾ ਦਰਵਾਜ਼ਾ ਖੜਕਾਇਆ ਤਾਂ ਜਿਥੇ ਨਹਿਰੀ ਵਿਭਾਗ ਨੇ ਪੁਲਿਸ ਰਪਟ ਦੀ ਨਕਲ਼ ਮੰਗ ਕਰਦਿਆਂ ਡੀ.ਸੀ. ਦਫਤਰ ਤੋਂ ਅੰਤਿਮ ਰਿਪੋਰਟ ਲਿਆਉਣ ਲਈ ਕਹਿਣ ਦੇ ਨਾਲ=ਨਾਲ ਦੱਸਿਆ ਕਿ ਮੌਕੇ ਦਾ ਐਸ.ਡੀ.੍ਰਓ. ਗੈਰਹਾਜ਼ਰੀਆਂ ਲਗਾ ਕੇ ਸੁਦਾਗਰ ਨੂੰ ਨੋਕਰੀ ਤੋਂ ਬਰਖਾਸਤ ਕਰ ਚੁੱਕਾ ਹੈ ਹੁਣ ਕੁੱਝ ਨਹੀਂ ਬਣ ਸਕਦਾ, ਤਾਂ ਉਥੇ ਥਾਣਾ ਪੁਲਿਸ ਕਿਹਾ ਕਿ ਅਸੀਂ ਤਾਂ 1995 ਦਾ ਰਿਕਾਰਡ ਪੁਲਿਸ ਨਿਯਮਾਂ ਅਨੁਸਾਰ ਸਾੜ ਦਿੱਤਾ ਹੈ। ਬੁੱਢੇ ਮਾਂ-ਬਾਪ ਨੂੰ ਨਾਂ ਪੁੱਤ ਦੇ ਆਉਣ ਦੀ ਆਸ ਰਹੀ ਤੇ ਨਾਂ ਹੀ ਸਰਕਾਰੀ ਸਹਾਇਤਾ ਦੀ। ਨਿਰਾਸ਼ਾ ਦੇ ਆਲ਼ਮ ‘ਚ ਡੁੱਬੇ ਮਾਂ-ਬਾਪ ਦਾ ਸਹਾਰਾ ਬਣੀ ਫਿਰ ਯੂਨੀਵਰਸਲ਼ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ। ਪ੍ਰੈਸ ਨੋਟ ਅਨੁਸਾਰ ਆਰਗੇਨਾਈਜ਼ੇਸ਼ਨ ਸਾਲ 2009 ਹੁਣ ਤੱਕ 3500 ਦੇ ਕਰੀਬ ਚਿੱਠੀਆਂ-ਪੱਤਰ ਲਿਖ ਕੇ ਜਿਥੇ ਬੁੱਢੇ ਮਾਂ-ਬਾਪ ਨੂੰ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਗਵਾਈ, ਉਥੇ ਜੀ.ਪੀ.ਐਫ.,ਲੀਵ ਇੰਨਕੈਸਮੈਂਟ ਤੇ ਤਨਖਾਹ ਦਾ ਸਾਰਾ ਬਕਾਇਆ ਵੀ ਦਿਵਾਇਆ। ਉਨਾਂ ਅਨੁਸਾਰ ਲੰਘੇ 11 ਸਾਲਾਂ ‘ਚ ਆਰਗੇਨਾਈਜ਼ੇਸ਼ਨ ਨੂੰ ਜਿਥੇ ਜਗਰਾਉ ਅਦਾਲਤ ਤੇ ਹਾਈਕੋਰਟ ‘ਚ ਵੱਖ-ਵੱਖ 02 ਕੇਸ ਲੜੇ, ਉਥੇ ਅਨੁਸੂਚਿਤ ਜਾਤੀਆਂ ਕਮਿਸ਼ਨ ਵਿਚ ਵੀ ਕਰਮਵਾਰ 03 ਕੇਸ ਦਾਇਰ ਕਰਨੇ ਪਏ ਇਸ ਤੋਂ ਬਿਨਾਂ ਹੁਣ ਤੱਕ ਪੁਲਿਸ ਅਤੇ ਸਿਵਲ ਦੇ ਵੱਖ-ਵੱਖ 17 ਅਫਸਰਾਂ ਦੀ ਜਵਾਬ-ਤਾਲਬੀ ਵੀ ਆਰਟੀਆਈ ਕਮਿਸ਼ਨ ਅੱਗੇ ਕਰਵਾਈ ਤਾਂ ਜਾ ਕੇ ਕਿਤੇ ਗੁੰਮਸ਼ੁਦਾ ਦੇ ਵਾਰਸਾਂ ਨੂੰ 3000 ਰੁਪਏ ਮਹੀਨਾ ਦਾ ਹੱਕ ਦਿਵਾਇਆ ਸਕਿਆ ਅਤੇ ਸੁਦਾਗਰ ਦੀ ਗੁੰਮਸ਼ੁਦਗੀ ਸਬੰਧੀ 21 ਸਾਲਾਂ ਬਾਦ ਥਾਣਾ ਪੁਲਿਸ ਨੂੰ ਐਫ. ਆਈ.ਆਰ. ਨੰਬਰ 50/2016 ਵੀ ਦਰਜ ਕਰਨੀ ਪਈ। ਹੁਣ ਜਿਥੇ 1995 ਤੋਂ 2017 ਤੱਕ ਦੇ ਬਕਾਏ ਕੇਸ ਲੜਿਆ ਜਾਵੇਗਾ, ਉਥੇ ਅਣਗਿਹਲੀ ਲਈ ਜਿੰੰਮੇਵਾਰ ਅਫਸਰਾਂ ਸਮੇਤ ਬੇਵਜਾ੍ਹ ਬਰਖਾਸਤ ਕਰਨ ਵਾਲੇ ਐਸਡੀਓ ਤੇ ਐਕਸੀਅਨ ਨਹਿਰੀ ਖਿਲਾਫ ਬਣਦੀ ਕਾਰਵਾਈ ਦੀ ਲੜ੍ਹਾਈ ਵੀ ਲੜ੍ਹੀ ਜਾਵੇਗੀ।