ਲੁਧਿਆਣਾ , ਨਵੰਬਰ 2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)
ਕਿਸਾਨ ਯੂਨੀਅਨ ਵੱਲੋਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਲਈ ਮਾਲ ਗੱਡੀਆਂ ਚਾਲੂ ਕਰ ਕੇ ਪੰਜਾਬ ਦੀ ਆਰਥਿਕ ਘੇਰਾਬੰਦੀ ਖ਼ਤਮ ਨਾ ਕੀਤੀ ਤਾਂ ਪੰਜਾਬ ਦੇ ਕਿਸਾਨ ਹਰਿਆਣਾ, ਯੂਪੀ, ਰਾਜਸਥਾਨ ਤੇ ਦੇਸ਼ ਦੀਆਂ ਹੋਰ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਦਿੱਲੀ ਨੂੰ ਦੁੱਧ, ਸਬਜ਼ੀਆਂ, ਚਾਰਾ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀ ਸਪਲਾਈ ਬੰਦ ਕਰ ਦੇਣਗੇ। ਇਹ ਫ਼ੈਸਲਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਹੇਠ ਐਤਵਾਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ। ਪੰਜਾਬ ਦਿਵਸ ਤੇ ਆਜ਼ਾਦੀ ਦੇ ਮੋਢੀ ਗ਼ਦਰੀ ਬਾਬਿਆਂ ਦੀ ਯਾਦ 'ਚ ਕਿਸਾਨਾਂ ਨੇ ਪ੍ਰਣ ਕੀਤਾ ਕਿ ਜਿਵੇਂ ਸਾਡੇ ਪੂਰਵਜਾਂ ਨੇ ਦੇਸ਼ ਦੀ ਸਿਆਸੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਉਸੇ ਤਰ੍ਹਾਂ ਕਿਸਾਨ ਅੰਦੋਲਨ ਆਰਥਿਕ ਆਜ਼ਾਦੀ ਦੀ ਲੜਾਈ 'ਚ ਹਰ ਸੰਭਵ ਕੁਰਬਾਨੀਆਂ ਦੇਣ ਲਈ ਤਿਆਰ ਹੈ। ਰਾਜੇਵਾਲ ਨੇ ਕਿਹਾ ਕਿ ਪੰਜਾਬ 'ਚ ਕਿਸਾਨ ਜਥੇਬੰਦੀਆਂ ਨੇ 22 ਅਕਤੂਬਰ ਤੋਂ ਰੇਲਵੇ ਲਾਈਨਾਂ 'ਤੋਂ ਆਪਣੇ ਧਰਨੇ ਚੁੱਕ ਲਏ ਸਨ ਪਰ ਕੇਂਦਰ ਸਰਕਾਰ ਨੇ ਆਪਣੇ ਅੜੀਅਲ ਵਤੀਰੇ ਅਧੀਨ ਮਾਲ ਗੱਡੀਆਂ ਬੰਦ ਕਰਕੇ ਪੰਜਾਬ ਦੀ ਆਰਥਿਕ ਘੇਰਾਬੰਦੀ ਕੀਤੀ ਹੋਈ ਹੈ। ਇਹ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਦਾ ਯਤਨ ਹੈ ਪਰ ਕਿਸਾਨ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ 5 ਨਵੰਬਰ ਨੂੰ ਕਿਸਾਨ ਅੰਦੋਲਨ ਲਈ ਦੁਪਹਿਰ 12 ਵਜੇ ਤੋਂ 4 ਵਜੇ ਤਕ ਸਾਰੇ ਦੇਸ਼ 'ਚ ਚੱਕਾ ਜਾਮ ਕਰਨ ਲਈ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਦਿੱਲੀ 'ਚ 26 ਨਵੰਬਰ ਨੂੰ 'ਦਿੱਲੀ ਚੱਲੋ' ਦੇ ਸੱਦੇ ਦੀ ਤਿਆਰੀ ਲਈ ਵੀ ਡਿਊਟੀਆਂ ਲਾਈਆਂ ਗਈਆਂ ਹਨ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਇਕ ਕਰੋੜ ਰੁਪਏ ਤਕ ਜੁਰਮਾਨਾ ਤੇ ਪੰਜ ਸਾਲ ਦੀ ਸਜ਼ਾ ਕਰਨ ਦੇ ਫ਼ੈਸਲੇ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦਾ ਫ਼ੈਸਲਾ ਸੀ ਕਿ ਸਰਕਾਰ ਦੋ ਏਕੜ ਵਾਲੇ ਨੂੰ ਪਰਾਲੀ ਸੰਭਾਲਣ ਲਈ ਮਿਸ਼ਨਰੀ ਮੁਫ਼ਤ ਦੇਵੇਗੀ ਤੇ ਆਰਥਿਕ ਸਹਾਇਤਾਂ ਦੀ ਮੰਗ ਕੀਤੀ। ਬੈਠਕ ਦੌਰਾਨ ਇਕ ਮਤਾ ਪਾਸ ਕਰ ਕੇ ਸਾਰੀ ਦੁਨੀਆਂ 'ਚ ਬੈਠੇ ਪੰਜਾਬੀਆਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਉਂਕਾਰ ਸਿੰਘ, ਨੇਕ ਸਿੰਘ, ਪ੍ਰਗਟ ਸਿੰਘ ਮੱਖੂ, ਘੁੰਮਣ ਸਿੰਘ ਰਾਜਗੜ੍ਹ ਆਦਿ ਹਾਜ਼ਰ ਸਨ।