ਲੁਧਿਆਣਾ , ਅਕਤੂਬਰ 2020 - (ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)
ਭੁਪਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਧੋਥੜ, ਬਲਾਕ ਸਿੱਧਵਾਂ ਬੋਟ ਜਿਲਾ ਲੁਧਿਆਣਾ ਦਾ ਰਹਿਣ ਵਾਲਾ ਇੱਕ ਸਫਲ ਅਗਾਂਹਵਧੂ ਕਿਸਾਨ ਹੈ। ਇਹ ਕਿਸਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਿੱਧਵਾਂ ਬੇਟ ਨਾਲ ਤਾਲਮੇਲ ਰੱਖਕੇ ਆਪਣੀ ਖੇਤੀ ਬਹੁਤ ਸੁਚੱਜੇ ਢੰਗ ਨਾਲ ਕਰ ਰਿਹਾ ਹੈ ਅਤੇ ਪਿਛਲੇ ਪੰਜਾ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਵੀ ਨਹੀਂ ਲਗਾਈ।
ਕਿਸਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਫਸਲਾਂ ਸਬੰਧੀ ਪ੍ਰਦਰਸ਼ਨੀਆਂ ਵੀ ਆਪਣੇ ਖੇਤਾਂ ਵਿੱਚ ਲਗਾਉਂਦਾ ਰਹਿੰਦਾ ਹੈ ਅਤੇ ਆਪਣੇ ਖੇਤਾਂ ਵਿੱਚ ਉੱਤਮ ਕਿਸਮਾਂ ਦੇ ਬੀਜਾਂ ਨਾਲ ਬਿਜਾਈ ਕਰਦਾ ਹੈ। ਉਸਨੇ ਦੱਸਿਆ ਕਿ ਉਹ ਤਕਰੀਬਨ 8 ਏਕੜ ਆਲੂਆਂ ਦੀ ਬਿਜਾਈ ਵੀ ਕਰ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਬੇਲਰ ਬਣਾ ਕੇ ਪਸ਼ੂ ਪਾਲਣ ਵਾਲੇ ਗੁੱਜਰ ਭਾਈਚਾਰੇ ਨੂੰ ਚੂਕਾ ਦਿੰਦਾ ਹੈ। ਉਸਨੇ ਦੱਸਿਆ ਕਿ ਜਿੱਥੇ ਪਰਾਲੀ ਜ਼ਮੀਨ ਵਿੱਚ ਖਪਾਉਣੀ ਹੋਵੇ, ਉਥੇ ਉਹ ਪਹਿਲਾਂ ਮਲਚਰ ਚਲਾਉਂਦਾ ਹੈ, ਫਿਰ ਰਿਵਰਸੀਬਲ ਐਮ.ਬੀ.ਪਲਾਉ, ਸੁਹਾਗਾ ਅਤੇ ਅਖੀਰ ਵਿੱਚ ਦੋ ਵਾਰ ਰੋਟਾਵੇਟਰ ਮਾਰਕੇ ਆਪਣੀ ਆਲੂਆਂ ਦੀ ਬਿਜਾਈ ਕਰਦਾ ਹੈ। ਉਸਨੇ ਦੱਸਿਆ ਕਿ ਪਰਾਲੀ ਵੱਟਾਂ ਵਿੱਚ ਹੋਣ ਕਾਰਣ ਜ਼ਮੀਨ ਪੋਲੀ ਰਹਿੰਦੀ ਹੈ ਜਿਸ ਨਾਲ ਆਲੂ ਦੀ ਕੁਆਲਟੀ ਅਤੇ ਸਾਈਜ਼ ਵਧੀਆ ਰਹਿੰਦਾ ਹੈ ਅਤੇ 30-40 ਗੱਟੂ ਇੱਕ ਏਕੜ ਪਿੱਛੇ ਆਮ ਬਿਜਾਈ ਨਾਲੋਂ ਵੱਧ ਰਹਿੰਦੇ ਹਨ।ਕਿਸਾਨ ਨੇ ਦੱਸਿਆ ਕਿ ਜਿਸ ਖੇਤ ਵਿੱਚ ਗੁੱਲੀ ਡੰਡੇ ਦੀ ਮਾਤਰਾ ਵੱਧ ਹੁੰਦੀ ਹੈ, ਉਸ ਵਿੱਚ ਉਹ ਹੈਪੀ ਸੀਡਰ (ਪ੍ਰੈਸਵੀਲ) ਦੀ ਵਰਤੋਂ ਕਰਦਾ ਹੈ। ਕਿਸਾਨ ਕੋਲ ਟੈਟਰਾਸਟਰੋਕ ਹੈਪੀ ਸੀਡਰ ਹੈ, ਜਿਸਦਾ ਫਾਇਦਾ ਇਹ ਹੈ ਕਿ ਸੁਪਰ ਐਸ.ਐਮ.ਐਸ. ਨਾਲ ਝੋਨੇ ਦੀ ਕਟਾਈ ਕਰਵਾਉਣ ਉਪਰੰਤ ਸਿੱਧੀ ਕਣਕ ਦੀ ਬਿਜਾਈ ਹੋ ਸਕਦੀ ਹੈ। ਇਸ ਨਾਲ ਸਮਾਂ ਅਤੇ ਤੇਲ ਦੀ ਖਪਤ ਘਟਦੀ ਹੈ। ਉਸਨੇ ਦੱਸਿਆ ਕਿ ਜਿਸ ਖੇਤ ਵਿੱਚ ਗੁੱਲੀ ਡੰਡਾ ਘੱਟ ਹੁੰਦਾ ਹੈ ਉਥੇ ਉਹ ਝੋਨੇ ਨੂੰ ਸੁਪਰ ਐਸ.ਐਮ.ਐਸ. ਨਾਲ ਕਟਾਏ ਝੋਨੇ ਦੇ ਸਿੱਧੇ ਮੁੱਢਾਂ ਵਿੱਚ ਰੋਟੋਸੀਡਰ ਨਾਲ ਬਿਜਾਈ ਕਰਦਾ ਹੈ, ਜਿਸ ਵਿੱਚ ਬੀਜ ਦੀ ਮਾਤਰਾ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ ਜੋ ਕਿ 45 ਤੋਂ 50 ਕਿਲੋ ਪ੍ਰਤੀ ਏਕੜ ਤੱਕ ਰੱਖਣਾ ਚਾਹੀਦਾ ਹੈ।ਕਿਸਾਨ ਭੁਪਿੰਦਰ ਸਿੰਘ ਨੇ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਰਾਲੀ ਜ਼ਮੀਨ ਵਿੱਚ ਖਪਾਉਣ ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਕਾਫੀ ਸੁਧਾਰ ਹੁੰਦਾ ਹੈ ਅਤੇ ਖਾਦਾਂ ਦੀ ਖਪਤ ਵੀ ਘੱਟਦੀ ਹੈ।