ਇੱਕ ਕੁੜੀ!
ਇੱਕ ਕੁੜੀ ਮੈਂ ਤੱਕੀ,
ਪੈਰਾਂ ਤੋਂ ਨੰਗੀ,
ਸਿਰ ਤੋਂ ਕੱਜੀ,
ਖੜੀ ਸੀ ਪਗਡੰਡੀ ਦੇ ਕਿਨਾਰੇ!
ਮੈਂ ਸੋਚਿਆ
ਕੋਈ ਵੇਸਵਾ ਏ,
ਜਿਹੜੀ ਉਡੀਕ ਰਹੀ ਆ
ਕਿਸੇ ਗਾਹਕ ਨੂੰ!
ਉਸ ਕੁੜੀ ਨੇ
ਨੀਵੀਂ ਪਾ ਕੇ
ਥੋੜਾ ਸ਼ਰਮਾਕੇ
ਦੱਸਿਆ -
ਮੈਂ -
ਇੱਕ ਆਮ ਕੁੜੀ ਆਂ।
ਪਰ ਬਦਨਾਮ ਕੁੜੀ ਆਂ!
ਮੈਂ -
ਵੇਸਵਾ ਨਹੀਂ
ਪਰ ਵੇਸਵਾ ਨਾਲੋਂ ਵੱਧ ਬਦਨਾਮ ਕੁੜੀ ਆਂ!
ਉਸ ਕੁੜੀ ਨੇ
ਨਿੰਮੋਝੋਣੀ ਜਿਹੀ ਹੋ ਕੇ
ਕਿਹਾ -
ਮੈਂ ਕਦੀ ਰਾਜਿਆਂ
ਮਹਾਰਾਜਿਆਂ ਦੀ
ਪਟਰਾਣੀ ਸੀ!
ਸ਼ਾਹੀ ਦਰਬਾਰਾਂ ਦੀ
ਰਾਣੀ ਸੀ!
ਪਰ-
ਹੁਣ ਜਣਾ ਖਣਾ ਈ
ਮੈਂਨੂੰ ਆਪਣੀ ਤੀਵੀਂ
ਬਣਾ ਬੈਠਦਾ ਏ!
ਮੰਤਰੀਆਂ, ਸੰਤਰੀਆਂ
ਤੋਂ ਲੈ ਕੇ
ਦਫਤਰਾਂ ਦੇ ਚਪੜਾਸੀ ਤੱਕ
ਮੇਰੇ ਨਾਲ
'ਹਮਬਿਸਤਰ' ਹੋਣਾ
ਆਪਣਾ ਕਰਮ ,
ਆਪਣਾ ਧਰਮ,
ਸਮਝਦੇ ਨੇ!
ਤੇ -
ਉਹ ਮੈਨੂੰ ਪਾਉਣ ਲਈ
ਹਿੱਕ ਨਾਲ ਲਾਉਣ ਲਈ
ਭੁੱਲ ਜਾਂਦੇ ਨੇ
'ਆਪਣਾ ਧਰਮ'
ਜਿਸ ਦੇ ਨਾਂ ਦੀ
ਉਹ ਸਵੇਰੇ ਉੱਠ ਕੇ 'ਮਾਲਾ' ਫੇਰਦੇ ਨੇ!
ਉਸ ਕੁੜੀ ਨੇ
ਆਪਣਾ ਥਾਂ ਟਿਕਾਣਾ,
ਦੱਸਦਿਆਂ ਕਿਹਾ -
ਹਰ ਥਾਂ ਮੈਂ ਵਸਦੀ ਆਂ!
ਰੱਬ ਦੁਆਰੇ ਨੱਚਦੀ ਆ!
ਪਿੰਡ ਤੋਂ ਦਿੱਲੀ ਤੀਕਰ
ਮੇਰਾ ਹੀ ਬਸ ਵਾਸਾ ਏ!
ਰੱਬ ਤੋਂ ਵੀ ਬਲਵਾਨ ਬੜੀ ਆਂ
ਸੱਭ ਮੇਰਾ ਖੇਡ ਤਮਾਸ਼ਾ ਏ
ਮੈਂ ਪਗਡੰਡੀਆਂ,
ਸੜਕਾਂ,
ਚੌਕਾਂ 'ਚ ਸ਼ਰੇਆਮ ਖੜਦੀ ਆਂ!
ਹਰ ਦਫਤਰ ਵਿਚ
ਵੜਦੀ ਆਂ!
ਹਰ ਚਿਹਰੇ ਨੂੰ
ਪੜ੍ਹਦੀ ਆਂ!
ਮੌਜ ਮਸਤੀਆਂ
ਕਰਦੀ ਆਂ!
ਨਾ ਕਿਸੇ ਤੋਂ
ਡਰਦੀ ਆਂ!
ਨੰਗੀ ਹੋ ਕੇ
ਮਿਲਦੀ ਆਂ!
ਸ਼ਰੇਆਮ ਫਿਰਦੀ ਆਂ!
ਉਸ ਕੁੜੀ ਨੇ
ਫੜ ਕੇ ਬਾਂਹ!
ਦੱਸਿਆ ਮੈਨੂੰ ਆਪਣਾ ਨਾਂ!
ਤੇ -
ਉੱਚੀ ਉੱਚੀ ਚੀਕਣ ਲੱਗੀ!
ਆਪਣਾ ਨਾਂ ਦੱਸਣ ਲੱਗੀ!
ਮੇਰਾ ਨਾਂ ਹੈ -
ਰਿਸ਼ਵਤ! ਰਿਸ਼ਵਤ!! ਰਿਸ਼ਵਤ!!!
-ਸੁਖਦੇਵ ਸਲੇਮਪੁਰੀ
09780620233
15 ਅਕਤੂਬਰ, 2020