ਚੰਡੀਗੜ੍ਹ , ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-
ਆਈਜੀ ਪਰਮਰਾਜ ਉਮਰਾਨੰਗਲ ਨੇ ਵੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਆਪਣੇ ਪੂਰੇ ਡਿਊਟੀ ਕਾਲ ਦੌਰਾਨ ਉਨ੍ਹਾਂ ਖ਼ਿਲਾਫ਼ ਦਰਜ ਹੋਣ ਵਾਲੇ ਕਿਸੇ ਵੀ ਮਾਮਲੇ 'ਚ 7 ਦਿਨ ਪਹਿਲਾਂ ਨੋਟਿਸ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਹਾਈ ਕੋਰਟ ਵੱਲੋਂ ਸਖ਼ਤ ਰੁਖ਼ ਅਪਨਾਉਣ 'ਤੇ ਉਸ ਨੂੰ ਵਾਪਸ ਲੈ ਲਿਆ ਹੈ। ਪਟੀਸ਼ਨ ਵਾਪਸ ਲਏ ਜਾਣ 'ਤੇ ਹਾਈ ਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਹੈ।
ਉਮਰਾਨੰਗਲ ਨੇ ਸੀਨੀਅਰ ਐਡਵੋਕੇਟ ਏਪੀਐੱਸ ਧੌਲ ਜ਼ਰੀਏ ਦਾਇਰ ਪਟੀਸ਼ਨ 'ਚ ਹਾਈ ਕੋਰਟ ਕੋਲੋਂ ਮੰਗ ਕੀਤੀ ਸੀ ਕਿ ਉਨ੍ਹਾਂ ਖ਼ਿਲਾਫ਼ ਫਿਲਹਾਲ ਦਰਜ ਤਿੰਨ ਐੱਫਆਈਆਰ ਸਮੇਤ ਉਨ੍ਹਾਂ ਦੇ ਪੂਰੇ ਡਿਊਟੀ ਕਾਲ ਦੌਰਾਨ ਜਾਂਚ ਕੀਤੇ ਗਏ ਮਾਮਲਿਆਂ 'ਚੋਂ ਅੱੱਗੇ ਕੋਈ ਵੀ ਐੱਫਆਈਆਰ ਦਰਜ ਕੀਤੀ ਜਾਏ, ਉਸ 'ਤੇ ਕੋਈ ਵੀ ਕਾਰਵਾਈ ਕੀਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸੱਤ ਦਿਨ ਦਾ ਨੋਟਿਸ ਦਿੱਤਾ ਜਾਏ।
ਉਮਰਾਨੰਗਲ 'ਤੇ ਬੇਅਦਬੀ ਮਾਮਲੇ ਸਮੇਤ ਸੁਖਪਾਲ ਸਿੰਘ ਦੇ ਫ਼ਰਜ਼ੀ ਐਨਕਾਊਂਟਰ ਦਾ ਮਾਮਲਾ ਵੀ ਚੱਲ ਰਿਹਾ ਹੈ। ਹਾਈ ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਕਿਹਾ ਕਿ ਅਜਿਹਾ ਕਿਵੇਂ ਕੀਤਾ ਜਾ ਸਕਦਾ ਹੈ, ਕੀ ਇਹ ਅਧਿਕਾਰ ਹਰੇਕ ਮੁਲਜ਼ਮ ਨੂੰ ਦੇ ਦਿੱਤਾ ਜਾਏ? ਹਾਈ ਕੋਰਟ ਦੇ ਸਖ਼ਤ ਰੁਖ਼ ਤੋਂ ਬਾਅਦ ਉਮਰਾਨੰਗਲ ਨੇ ਇਹ ਪਟੀਸ਼ਨ ਵਾਪਸ ਲਏ ਜਾਣ ਦੀ ਮੰਗ ਕੀਤੀ। ਹਾਈ ਕੋਰਟ ਨੇ ਮੰਗ ਨੂੰ ਸਵੀਕਾਰ ਕਰਦੇ ਹੋਏ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।