ਨਵੀਂ ਦਿੱਲੀ ,ਅਕਤੂਬਰ 2020 -(ਏਜੰਸੀ )
ਸ਼੍ਰੋਮਣੀ ਯੂਥ ਅਕਾਲੀ ਵੱਲੋਂ ਦਿੱਲੀ ਦੇ ਕ੍ਰਿਸ਼ੀ ਭਵਨ ਨੇੜੇ ਰੋਸ ਮੁਜ਼ਾਹਰਾ ਕਰਕੇ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਵਿਰੋਧਤਾ ਕੀਤੀ ਗਈ। ਯੂਥ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਅਗਵਾਈ ਹੇਠ ਨੌਜਵਾਨਾਂ ਦਾ ਜਥਾ ਅੱਜ ਸਵੇਰੇ ਕ੍ਰਿਸ਼ੀ ਭਵਨ ਪੁੱਜਾ ਜਿੱਥੇ ਉਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਗਰਦਾਨਦਿਆਂ ਵਾਪਸ ਲੈਣ ਦੀ ਮੰਗ ਕੀਤੀ।
ਯੂਥ ਆਗੂਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਉਪਰ ਕਾਲੇ ਕਾਨੂੰਨ ਵਾਪਸ ਲਓ ਦੇ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰੱਖਣ ਲਈ ਕਿਹਾ। ਮੁਜ਼ਾਹਰਾਕਾਰੀਆਂ ਨੂੰ ਦਿੱਲੀ ਪੁਲੀਸ ਨੇ ਅੱਗੇ ਵਧਣ ਤੋਂ ਰੋਕ ਦਿੱਤਾ ਤੇ ਹਿਰਾਸਤ ਵਿੱਚ ਲੈ ਲਿਆ। ਪੰਜਾਬ ਤੋਂ ਆਏ ਨੌਜਵਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇ ਵੀ ਲਾਏ। ਯੂਥ ਅਕਾਲੀ ਦਲ ਦੇ ਕਾਰਕੁਨਾਂ ਨੇ ਕਪਾਹ ਤੇ ਮੱਕੀ ਦੀਆਂ ਭਰੀਆਂ ਬਾਲਟੀਆਂ ਲੈ ਕੇ ਦੱਸਿਆ ਕਿ ਕਿਵੇਂ ਕਿਸਾਨਾਂ ਦੀਆਂ ਜਿਣਸਾਂ ਦੀ ਐਮਐਸਪੀ ਅਨੁਸਾਰ ਖਰੀਦ ਨਹੀਂ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਦੱਸਣ ਕਿ ਜਿਹੜੀਆਂ 27 ਫਸਲਾਂ ਲਈ ਐਮਐਸਪੀ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿਚੋਂ ਬਹੁ ਗਿਣਤੀ ਫਸਲਾਂ ਦੀ ਕੇਂਦਰ ਦੀਆਂ ਸਰਕਾਰੀ ਏਜੰਸੀਆਂ ਵੱਲੋਂ ਐਮਐਸਪੀ ਅਨੁਸਾਰ ਖਰੀਦ ਕਿਉਂ ਨਹੀਂ ਕੀਤੀ ਜਾ ਰਹੀ। ਇਸ ਦੌਰਾਨ ਅਕਾਲੀ ਕਾਰਕੁਨ ਮੁੱਖ ਗੇਟ ਬੰਦ ਹੋਣ ’ਤੇ ਮੁੱਖ ਰੋਡ ’ਤੇ ਧਰਨਾ ਮਾਰ ਕੇ ਬੈਠ ਗਏ ਤੇ ਰਾਹ ਬੰਦ ਕਰ ਕੇ ਪ੍ਰਦਰਸ਼ਨ ਕੀਤਾ। ਪੁਲੀਸ ਨੇ ਇਨ੍ਹਾਂ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ।
ਸ੍ਰੀ ਰੋਮਾਣਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਮਿਲਣ ਤੇ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ।