ਜਗਰਾਓਂ, ਅਕਤੂਬਰ 2020 -(ਸੱਤਪਾਲ ਸਿੰਘ ਦੇਹੜਕਾਂ/ਮੋਹਿਤ ਗੋਈਲ/ਮਨਜਿੰਦਰ ਗਿੱਲ)- ਇਲਾਕੇ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਕੁੰਭਕਰਨੀਂ ਨੀਂਦ ਸੁੱਤੇ ਪ੍ਰਸ਼ਾਸਨ ਨੂੰ ਜਗਾਉਣ ਲਈ ਅੱਜ ਜੱਥੇਬੰਦੀਆਂ ਦਾ ਵੱਡਾ ਇਕੱਠ ਐੱਸਡੀਐੱਮ ਦਫ਼ਤਰ ਜਾ ਪੁੱਜਾ। ਜਿੱਥੇ ਜੱਥੇਬੰਦੀਆਂ ਨੇ ਨਾਅਰਿਆਂ ਰਾਹੀਂ ਅਵੇਸਲੇ ਹੋਏ ਪ੍ਰਸ਼ਾਸਨ ਨੂੰ ਅਵਾਰਾ ਪਸ਼ੂਆਂ ਕਾਰਨ ਹੋ ਰਹੀ ਇਨਸਾਨੀ ਮੌਤਾਂ ਦੇ ਕਾਰਵੇ ਨੂੰ ਰੋਕਣ ਦੀ ਮੰਗ ਕੀਤੀ। ਇਸ ਦੌਰਾਨ ਜੱਥੇਬੰਦੀਆਂ ਦੇ ਇਕੱਠ ਵੱਲੋਂ ਐੱਸਡੀਐੱਮ ਜਗਰਾਓਂ ਨੂੰ ਮੰਗ ਪੱਤਰ ਲੈਣ ਦੀ ਮੰਗ ਕੀਤੀ ਗਈ ਤਾਂ ਨਾਇਬ ਤਹਿਸੀਲਦਾਰ ਪਹੁੰਚੇ। ਜਿਸ 'ਤੇ ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਸ਼ਾਮ ਤਕ ਐੱਸਡੀਐੱਮ ਉਨ੍ਹਾਂ ਦਾ ਮੰਗ ਪੱਤਰ ਲੈਣ ਨਾ ਆਏ ਤਾਂ ਉਹ ਵੀਰਵਾਰ ਤੋਂ ਉਨ੍ਹਾਂ ਦੇ ਦਫ਼ਤਰ ਪੱਕਾ ਡੇਰਾ ਲਾ ਲੈਣਗੇ, ਕਿਉਂਕਿ ਮਹੀਨਾ ਪਹਿਲਾ ਵੀ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਇਸ 'ਤੇ ਸ਼ਾਮ ਨੂੰ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਅਤੇ ਡੀਐੱਸਪੀ ਗੁਰਦੀਪ ਸਿੰਘ ਗੋਸਲ ਸਥਾਨਕ ਰੇਲਵੇ ਸਟੇਸ਼ਨ 'ਤੇ ਡਟੇ ਕਿਸਾਨਾਂ ਦੇ ਧਰਨੇ 'ਤੇ ਜਾ ਪੁੱਜੇ, ਜਿੱਥੇ ਉਨ੍ਹਾਂ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਜੱਥੇਬੰਦੀਆਂ ਤੋਂ ਮੰਗ ਪੱਤਰ ਲਿਆ ਅਤੇ ਇਸ ਸਬੰਧੀ ਜਲਦੀ ਹੀ ਕੋਈ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੰਵਲਜੀਤ ਖੰਨਾ, ਮਹਿੰਦਰ ਸਿੰਘ ਕਮਾਲਪੁਰਾ, ਪਰਵਾਰ ਸਿੰਘ ਗਾਲਬ, ਹਰਦੀਪ ਸਿੰਘ ਗਾਲਿਬ, ਬੂਟਾ ਸਿੰਘ ਚਕਰ, ਇੰਦਰਜੀਤ ਸਿੰਘ ਧਾਲੀਵਾਲ , ਬਲਬਿੰਦਰ ਸਿੰਘ ਕਮਾਲਪੁਰਾ ਆਦਿ ਹਾਜ਼ਰ ਸਨ।