ਭਗਤ ਸਿੰਘ ਨੂੰ ਸਮਰਪਿਤ!
ਭਗਤ ਸਿਆਂ!
ਤੇਰੀ ਸੋਚ ਦੇ
ਉਲਟ
ਟਰੈਕਟਰਾਂ ਨੂੰ
ਸਾੜਨਾ,
ਸੰਦਾਂ ਨੂੰ ਭੰਨਣਾ ,
ਰੋਹ ਨਹੀਂ,
ਬੁਜਦਿਲੀ ਆ!
ਭਗਤਾਂ ਸਿਆਂ -
ਤੇਰੇ ਪੈਰੋਕਾਰ,
ਬਣੇ ਠੇਕੇਦਾਰ,
ਸੰਘਰਸ਼ ਨਹੀਂ
ਸੰਘਰਸ਼ ਦੇ ਨਾਂ 'ਤੇ
ਵੰਡੀਆਂ ਪਾਉਣ
ਲੱਗ ਪਏ ਨੇ।
ਤੇਰੇ ਪੈਰੋਕਾਰ ਅਖਵਾਉਣ ਵਾਲੇ -
ਤੇਰੇ ਸਾਥੀਆਂ ਦੀਆਂ
ਜਾਤਾਂ-ਕੁਜਾਤਾਂ
ਪਰਖਣ ਲੱਗ ਪਏ ਨੇ ਹੁਣ!
ਤੈਨੂੰ ਦੇਸ਼ ਦਾ ਨਹੀਂ
ਆਪਣਾ ਆਖਣ
ਵਾਲਿਆਂ ਨੇ
' ਜੱਟ ਸਿੱਖ ਕਿਸਾਨ ਬਰਾਦਰੀ '
ਬਣਾਕੇ ਸੰਘਰਸ਼ ਨੂੰ
ਨੁਕਰੇ ਲਾਉਣ ਲਈ
ਵਿਉੰਤਿਆ ਏ!
ਪਰ ਤੂੰ -
'ਜੱਟਾਂ' ਲਈ ਨਹੀਂ
ਦੇਸ਼ ਲਈ
ਲੜਿਆ ਸੀ
ਆਪਣੇ ਸਾਥੀਆਂ ਨਾਲ ਮਿਲ ਕੇ!
ਇੱਕੀ ਦੇ ਇਕਵੰਜਾ
ਮੋੜਨਾ!
ਇੱਟ ਦਾ ਜਵਾਬ
ਪੱਥਰ
ਨਾਲ ਭੋਰਨਾ!
ਹੰਕਾਰੀ ਦਾ ਹੰਕਾਰ,
ਦਿਮਾਗ ਨਾਲ ਸੋਚਕੇ
ਹਿੱਕ ਦੇ ਜੋਰ ਨਾਲ
ਤੋੜਨਾ!
ਸੰਘਰਸ਼ ਦਾ ਨਾਂ ਏ!
ਖੁਦਕੁਸ਼ੀ ਕਰਨਾ,
ਟਰੈਕਟਰ ਸਾੜਨਾ,
ਹਥਿਆਰ ਸਾੜਨਾ,
ਸੰਦ ਸਾੜਨਾ,
ਸੰਘਰਸ਼ ਨਹੀਂ
ਬੁਜਦਿਲੀ ਹੁੰਦੀ ਐ!
ਹੱਕ ਲੈਣ ਲਈ
ਸੰਘਰਸ਼ ਦੇ
ਬਹੁਤ ਰਾਹ ਨੇ!
ਆਪਣੇ ਆਪ ਨੂੰ
ਮਾਰਨਾ
ਸੰਘਰਸ਼ ਨਹੀਂ ਹੁੰਦਾ!
ਕਾਫਲਾ ਬਣਾਕੇ
ਯੁੱਧ ਲੜੀ ਦਾ!
ਹੱਕਾਂ ਲਈ
ਯੁੱਧ ਲੜਨਾ
ਸੌਖਾ ਨਹੀਂ!
ਪਰ -
ਐਨਾ ਔਖਾ ਵੀ ਨਹੀਂ!
ਭਾਵੇਂ ਲੁਟੇਰਾ
ਬਹੁਤ ਚਲਾਕ ਏ!
-ਸੁਖਦੇਵ ਸਲੇਮਪੁਰੀ
09780620233
28 ਸਤੰਬਰ, 2020