You are here

ਦੁਸ਼ੰਤ ਚੌਟਾਲਾ ਆਪਣਾ ਨਾਤਾ ਭਾਜਪਾ ਨਾਲੋਂ ਤੋੜੇ- ਦਵਿੰਦਰ ਸਿੰਘ ਬੀਹਲਾ 

ਮਹਿਲ ਕਲਾਂ/ਬਰਨਾਲਾ-ਸਤੰਬਰ 2020 (ਗੁਰਸੇਵਕ ਸੋਹੀ)-  ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ 22 ਸਾਲ ਪੁਰਾਣਾ ਗੱਠਜੋੜ ਤੋੜਨਾ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਫੈਸਲਾ ਹੈ।ਕਿਉਂਕਿ ਕੇਂਦਰ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਖ਼ਤਮ ਕਰਨ ਤੇ ਤੁਲੀ ਹੈ।ਸ਼੍ਰੋਮਣੀ ਅਕਾਲੀ ਦਲ ਲਈ ਗੱਠਜੋੜ ਜ਼ਰੂਰੀ ਨਹੀਂ ਕਿਸਾਨਾਂ ਦੇ ਹਿੱਤਾਂ ਤੋਂ ਵੱਧ ਕੁੱਝ ਵੀ ਨਹੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਂਝੇ ਕੀਤੇ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਪੂਰੇ ਦੇਸ਼ ਨੂੰ ਅੰਨ ਪੈਦਾ ਕਰਕੇ ਦਿੱਤਾ ਹੈ ਤੇ  ਦੇਸ਼ ਦੇ ਵਿਕਾਸ ਚ ਕਿਸਾਨਾਂ ਦਾ ਵੱਡਾ ਰੋਲ ਹੈ।ਜੇਕਰ ਦੇਸ਼ ਦਾ ਕਿਸਾਨ ਹੀ ਸੁਰੱਖਿਅਤ ਨਹੀਂ ਤਾਂ ਹਰ ਵਰਗ ਦੀ ਆਰਥਿਕ ਹਾਲਤ ਡਾਵਾਂਡੋਲ ਹੋ ਜਾਵੇਗੀ।ਉਨ੍ਹਾਂ ਕਿਹਾ ਕਿ 1975 ਚ ਇੰਦਰਾ ਗਾਂਧੀ ਸਰਕਾਰ ਵੱਲੋਂ ਅਜਿਹੀ ਹੀ ਚਾਲ ਚੱਲਦਿਆਂ ਕਿਸਾਨ ਵਿਰੋਧੀ ਫੈਸਲੇ ਲਏ ਜਾ ਰਹੇ ਸਨ। ਜਿਸ ਦਾ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਡੱਟ ਕੇ ਵਿਰੋਧ ਕਰਦਿਆਂ ਮੋਰਚੇ ਲਗਾਏ ਸੀ।  ਹੁਣ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਕਿਸਾਨ ਵਿਰੋਧੀ ਫ਼ੈਸਲੇ ਲਏ ਹਨ । ਉਸ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਕਿਸਾਨ ਕਿਸੇ ਹਾਲਤ ਵਿਚ ਬਰਦਾਸ਼ਤ ਨਹੀਂ ਕਰਨਗੇ।ਦਿੱਲੀ ਸਰਕਾਰ ਨੂੰ ਹਰ ਵਾਰ ਝੁਕਣਾ ਪਿਆ ਹੈ ਅਤੇ ਇਸ ਵਾਰ ਵੀ ਕਿਸਾਨਾਂ ਦੇ ਰੋਹ ਅੱਗੇ ਝੁਕਣਾ ਪਵੇਗਾ।ਉਨ੍ਹਾਂ ਕਿਹਾ ਕਿ ਗੱਠਜੋੜ ਤੋੜਨ ਤੋਂ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਰੋਧ ਕੀਤਾ।ਜਦੋਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਗਈ ਤਾਂ ਉਨ੍ਹਾਂ ਆਪਣਾ ਅਸਤੀਫ਼ਾ ਦੇ ਕੇ ਰੋਸ ਪ੍ਰਗਟ ਕੀਤਾ । ਵਿਰੋਧੀ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਡੀ ਸਿਆਸਤ ਕਰ  ਮੋਦੀ ਸਰਕਾਰ ਦਾ ਪੱਖ ਲੈ ਰਹੀਆਂ ਹਨ।ਦਵਿੰਦਰ ਸਿੰਘ ਬੀਹਲਾ ਨੇ ਹਰਿਆਣਾ ਚ ਦੁਸ਼ੰਤ ਚੌਟਾਲਾ ਨੂੰ ਅਪੀਲ ਕੀਤੀ ਕਿ ਪੰਜਾਬ ਚ ਵੀ ਗੱਠਜੋੜ ਟੁੱਟ ਚੁੱਕਾ ਹੈ ਤੇ ਜੇਕਰ ਹਰਿਆਣਾ ਚ ਵੀ ਗੱਠਜੋੜ ਟੁੱਟਦਾ ਹੈ ਤਾਂ ਕੇਂਦਰ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਹੋਵੇਗਾ।ਉਨ੍ਹਾਂ ਕਿਹਾ ਕਿ ਚੌਟਾਲਾ ਪਰਿਵਾਰ ਨੂੰ ਅੱਜ ਕਿਸਾਨਾਂ ਨਾਲ ਖੜ੍ਹਨ ਦੀ ਲੋੜ ਹੈ।ਬੀਹਲਾ ਨੇ ਕਿਹਾ ਕਿ ਪਿਛਲੇ ਦਿਨੀਂ ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਦੇ ਪੁੱਤ ਟਰੈਕਟਰ ਨੂੰ ਫੂਕਣ ਦਾ ਸੇਕ ਕੇਂਦਰ ਦੀ ਬੋਲੀ ਸਰਕਾਰ ਤੱਕ ਪੁੱਜਾ ਹੈ । ਉਨ੍ਹਾਂ ਚਿਤਾਵਨੀ ਭਰੀ ਸੁਰ ਵਿਚ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਉਕਤ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਨਾ ਲਏ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।ਕਿਸਾਨਾਂ ਦੇ ਇਸ ਸੰਘਰਸ਼ ਲਈ ਜੇਕਰ ਰੇਲਾਂ, ਗ੍ਰਿਫ਼ਤਾਰੀਆਂ ਜਾਂ ਸ਼ਹਾਦਤਾਂ ਦੇਣੀਆਂ ਪਈਆਂ ਤਾਂ ਉਹ ਪਿੱਛੇ ਨਹੀਂ ਹਟਣਗੇ ।ਇਸ ਮੌਕੇ ਮੱਖਣ ਸਿੰਘ ਧਨੌਲਾ, ਸਰਪੰਚ ਹਰਜਿੰਦਰ ਸਿੰਘ ਭੂਰੇ ਤੇ ਪੀ ਏ ਅਮਨਜੋਤ ਸਿੰਘ ਹਾਜਰ ਸਨ।