ਤਿਰੂਵਨੰਤਪੁਰ/ ਮਮਾਨਚੈਸਟਰ-(ਅਮਨਜੀਤ ਸਿੰਘ ਖਹਿਰਾ) ਲੋਕ ਸਭਾ ਚੋਣਾਂ ’ਚ ਇਸ ਵਾਰ ਰਾਹੁਲ ਗਾਂਧੀ ਦੇ ਵਾਇਨਾਡ ਤੋਂ ਵੀ ਕਿਸਮਤ ਅਜ਼ਾਉਣ ਕਾਰਨ ਇਹ ਹਲਕਾ ਜਿੱਥੇ ਸੁਰਖੀਆਂ ’ਚ ਹੈ ਉੱਥੇ ਹੀ ਇਸ ਖੇਤਰ ਦਾ ਸਬੰਧ ਬਰਤਾਨੀਆ ਦੇ ਇੱਕ ਸਾਬਕਾ ਪ੍ਰਧਾਨ ਮੰਤਰੀ ਤੇ ਵਾਟਰਲੂ ਦੀ ਲੜਾਈ ਦੇ ਨਾਇਕ ਨਾਲ ਵੀ ਰਿਹਾ ਹੈ।
‘ਵਾਟਰਲੂ ਜੰਗ’ ਦਾ ਨਾਇਕ ਆਰਥਰ ਵੈਲਜ਼ਲੀ ਸਿਆਸਤ ’ਚ ਆਉਣ ਤੋਂ ਪਹਿਲਾਂ ਬਰਤਾਨਵੀ ਫੌਜ ’ਚ ਸੀ। ਵਾਇਨਾਡ ਤੇ ਭਾਰਤ ਤੋਂ 1805 ’ਚ ਵਾਪਸ ਜਾਣ ਤੋਂ ਬਾਅਦ ਹੀ ਉਸ ਨੂੰ ‘ਡਿਊਕ ਆਫ ਵੈਲਿੰਗਟਨ’ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 1828 ਅਤੇ ਫਿਰ 1834 ’ਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਬਣੇ। ਸੈਨਾ ਦੇ ਕਮਾਂਡਰ ਵਜੋਂ ਉਨ੍ਹਾਂ ਦਾ ਨਾਂ ਵਾਟਰਲੂ ਦੀ ਲੜਾਈ ਦੇ ਨਾਇਕ ਵਜੋਂ ਵੀ ਜੁੜਿਆ ਹੋਇਆ ਹੈ। ਇਸ ਲੜਾਈ ’ਚ ਉਨ੍ਹਾਂ ਬਰਤਾਨਵੀ ਸੈਨਾ ਦੀ ਅਗਵਾਈ ਕੀਤੀ ਸੀ ਜਿਸ ਨੇ ਫਰਾਂਸ ਦੇ ਸ਼ਾਸਕ ਨੈਪੋਲੀਅਨ ਬੋਨਾਪਾਰਟ ’ਤੇ ਜਿੱਤ ਹਾਸਲ ਕੀਤੀ ਸੀ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਬਰਤਾਨਵੀ ਕਮਾਂਡਰ ਪੂਰੀ ਮਿਹਨਤ ਕਰਨ ਦੇ ਬਾਵਜੂਦ ਕੇਰਲ ਦੇ ਵਿਦਰੋਹੀ ਰਾਜਾ ਵਰਮਾ ਪਜ਼ਹੱਸੀ ਰਾਜਾ ਨੂੰ ਕਾਬੂ ਕਰਨ ’ਚ ਨਾਕਾਮ ਰਹੇ ਸੀ। ਪਜ਼ਹੱਸੀ ਰਾਜਾ ਨੇ ਈਸਟ ਇੰਡੀਆ ਕੰਪਨੀ ਨੂੰ ਵੀ ਕਾਫੀ ਪ੍ਰੇਸ਼ਾਨ ਕੀਤਾ ਸੀ।
ਦਸਤਾਵੇਜ਼ਾਂ ਅਨੁਸਾਰ ਵੈਲੇਸਲੀ (1769-1852) ਨੂੰ ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਅਤੇ ਵਾਇਨਾਡ ਦੇ ਰਾਜਾ ਨੂੰ ਕੰਟਰੋਲ ਕਰਨ ਲਈ ਮਾਲਾਬਾਰ, ਦੱਖਣੀ ਕੇਨਰਾ ਅਤੇ ਮੈਸੂਰ ਦੇ ਬਸਤੀਵਾਦੀ ਦਸਤਿਆਂ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਸੀ। ਇਨ੍ਹਾਂ ਉਨ੍ਹਾਂ ਖ਼ਿਲਾਫ਼ ਗੁਰੀਲਾ ਜੰਗ ਦੀ ਰਣਨੀਤੀ ਵੀ ਅਪਣਾਈ ਸੀ। ਕੋਟਾਯਮ ਸ਼ਾਹੀ ਪਰਿਵਾਰ ਦੇ ਰਾਜੇ ਨੇ ਵਾਇਨਾਡ ’ਤੇ ਦਾਅਵਾ ਕੀਤਾ ਅਤੇ ਉਸ ’ਤੇ ਆਪਣਾ ਕਬਜ਼ਾ ਕਰੀ ਰੱਖਿਆ ਸੀ।
ਈਸਟ ਇੰਡੀਆ ਕੰਪਨੀ ਨੇ ਹਾਲਾਂਕਿ ਉਨ੍ਹਾਂ ਦੇ ਦਾਅਵਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਨ੍ਹਾਂ ਦੀ ਇੱਥੋਂ ਦੀ ਮਿਆਰੀ ਕਾਲੀ ਮਿਰਚ, ਇਲਾਇਚੀ ਤੇ ਹੋਰਨਾਂ ਮਸਾਲਿਆਂ ਦੇ ਭੰਡਾਰ ’ਚ ਦਿਲਚਸਪੀ ਸੀ। ਇਸ ਤੋਂ ਬਾਅਦ ਲੰਮੇ ਸੰਘਰਸ਼ ਮਗਰੋਂ 7 ਅਪਰੈਲ 1800 ’ਚ ਆਪਣੇ ਸਾਥੀ ਫੌਜੀ ਲੈਫਟੀਨੈਂਟ ਕਰਨਲ ਕਿਰਕਪੈਟ੍ਰਿਕ ਨੂੰ ਲਿਖੇ ਪੱਤਰ ’ਚ ਵੈਲਜ਼ਲੀ ਨੇ ਵਾਇਨਾਡ ਤੇ ਉਸ ਦੇ ਲੋਕਾਂ ਦੀ ਆਲੋਚਨਾ ਕੀਤੀ ਸੀ।
ਇੱਥੋਂ ਦੀ ਕਸੂਤੀ ਭੂਗੋਲਿਕ ਸਥਿਤੀ ਵੀ ਬਰਤਾਨਵੀ ਫੌਜੀ ਮੁਹਿੰਮ ਲਈ ਸਮੱਸਿਆ ਬਣੀ ਰਹੀ। ਵੈਲਜ਼ਲੀ ਨੇ ਆਪਣੇ ਪੱਤਰ ’ਚ ਇੱਥੋਂ ਦੇ ਮੂਲ ਵਾਸੀਆਂ ਨੂੰ ਬਰਬਰ ਤੇ ਜ਼ਾਲਮ ਵੀ ਦੱਸਿਆ ਸੀ।
ਕੇਰਲ ਇਤਿਹਾਸ ਸਮਿਤੀ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਰਾਜਾ ਦੇ ਈਸਟ ਇੰਡੀਆ ਕੰਪਨੀ ਹੱਥੋਂ ਹਾਰਨ ਤੋਂ ਪਹਿਲਾਂ ਹੀ ਵੈਲਜ਼ਲੀ ਨੂੰ ਵਤਨ ਪਰਤਨਾ ਪਿਆ ਸੀ। ਇਸ ਤੋਂ ਬਾਅਦ ਪਜਹੱਸੀ ਰਾਜਾ ਦਾ 1805 ’ਚ ਦੇਹਾਂਤ ਹੋ ਗਿਆ। ਇਤਿਹਾਸਕਾਰਾਂ ਦੇ ਇੱਕ ਵਰਗ ਦਾ ਕਹਿਣਾ ਹੈ ਕਿ ਬਰਤਾਨਵੀ ਸੈਨਾ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ ਜਦਕਿ ਕੁਝ ਦਾ ਕਹਿਣਾ ਹੈ ਕਿ ਰਾਜਾ ਨੇ ਬਸਤੀਵਾਦੀ ਦਸਤਿਆਂ ਦੇ ਵਾਇਨਾਡ ’ਤੇ ਕਬਜ਼ਾ ਕੀਤੇ ਜਾਣ ਤੋਂ ਪਹਿਲਾਂ ਹੀ ਖੁਦਕੁਸ਼ੀ ਕਰ ਲਈ ਸੀ।