ਚੰਡੀਗੜ੍ਹ,ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਹੈ ਕਿ ਪੂਰੇ ਭਾਰਤ 'ਚ 275 ਨਸ਼ਾ ਗ੍ਸਤ ਜ਼ਿਲਿ੍ਆਂ 'ਚੋਂ ਪੰਜਾਬ ਦੇ 18 ਜ਼ਿਲ੍ਹੇ ਸ਼ਾਮਲ ਹਨ। ਕੇਂਦਰ ਸਰਕਾਰ ਦੇਸ਼ ਨੂੰ ਨਸ਼ਾ ਮੁਕਤ ਭਾਰਤ ਬਣਾਉਣ ਲਈ ਯਤਨਸ਼ੀਲ ਹੈ ਤੇ ਇਸ ਲਈ ਮੋਦੀ ਸਰਕਾਰ ਪੂਰਾ ਪਲਾਨ ਤਿਆਰ ਕਰ ਚੁੱਕੀ ਹੈ। ਜਲਦ ਇਸ ਨੂੰ ਜ਼ਮੀਨੀ ਪੱਧਰ 'ਤੇ ਅਮਲੀ ਰੂਪ ਦਿੱਤਾ ਜਾਵੇਗਾ।ਹਰਦੀਪ ਪੁਰੀ ਭਾਜਪਾ ਇਕਾਈ ਦੀ ਸੂਬਾ ਕਾਰਜਕਾਰਨੀ ਦੀ ਵਰਚੁਅਲ ਮੀਟਿੰਗ 'ਚ ਸੰਬੋਧਨ ਕਰ ਰਹੇ ਸਨ।
ਸਮਾਰਟ ਸਿਟੀ ਪ੍ਰਾਜੈਕਟ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਸਮਾਰਟ ਸਿਟੀ ਦੇ ਰੂਪ 'ਚ ਵਿਕਸਿਤ ਕੀਤੇ ਜਾਣ ਲਈ ਕੇਂਦਰ ਸਰਕਾਰ ਵੱਲੋਂ ਲੋੜੀਂਦੇ ਫੰਡ ਜਾਰੀ ਕਰ ਦਿੱਤੇ ਗਏ ਹਨ ਪਰ ਪੰਜਾਬ ਸਰਕਾਰ ਇਸ ਪ੍ਰਾਜੈਕਟ 'ਚ ਆਪਣੇ ਹਿੱਸੇ ਦਾ ਪੈਸਾ ਨਹੀਂ ਪਾ ਰਹੀ। ਇਸ ਕਾਰਨ ਇਹ ਪ੍ਰਾਜੈਕਟ ਲਟਕ ਰਹੇ ਹਨ। ਪੁਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੁਲਤਾਨਪੁਰ ਲੋਧੀ ਸਮਾਰਟ ਸਿਟੀ ਪ੍ਰਰਾਜੈਕਟ ਲਈ 271 ਕਰੋੜ ਰੁਪਏ ਦਾ ਖਰਚ ਦੱਸਿਆ ਸੀ ਪਰ ਸਰਕਾਰ ਨੇ ਆਪਣੇ ਹਿੱਸੇ ਦਾ ਫੰਡ ਰਿਲੀਜ਼ ਨਹੀਂ ਕੀਤਾ, ਜਿਸ ਤਹਿਤ ਇਹ ਪ੍ਰਾਜੈਕਟ ਅਜੇ ਵੀ ਲਟਕ ਰਿਹਾ ਹੈ।
ਕੇਂਦਰੀ ਮੰਤਰੀ ਨੇ ਅੰਮਿ੍ਤਸਰ ਵਾਸੀਆਂ ਨਾਲ ਕੀਤੇ ਗਏ ਆਪਣੇ ਵਾਅਦੇ ਨੂੰ ਦੁਹਰਾਉਂਦਿਆਂ ਕਿਹਾ ਕਿ ਸ੍ਰੀ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡਾ ਅੰਮਿ੍ਤਸਰ ਨੂੰ ਹੋਰ ਵਿਕਸਿਤ ਬਣਾਉਣ ਲਈ ਕਈ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੁਨੈਕਟੀਵਿਟੀ ਬਾਕੀ ਭਾਰਤ ਤੋਂ ਮਜ਼ਬੂਤ ਕੀਤੀ ਜਾ ਰਹੀ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਰਚੁਅਲ ਬੈਠਕ 'ਚ ਕੈਪਟਨ ਨੂੰ ਨਸ਼ੇ ਦੇ ਮਾਮਲੇ 'ਚ ਘੇਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮਾਫੀਆ ਦੇ ਦਬਾਅ 'ਚ ਚੱਲ ਰਹੀ ਹੈ।
ਸ਼ਰਮਾ ਨੇ ਕਿਹਾ ਕਿ ਸੂਬੇ 'ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ 128 ਮੌਤਾਂ ਦੇ ਮਾਮਲੇ ਨੂੰ ਲੈ ਕੇ ਪੂਰੇ ਸੂਬੇ 'ਚ ਭਾਜਪਾ ਵੱਲੋਂ ਪ੍ਰਦਰਸ਼ਨ ਕੀਤੇ ਜਾਣ ਤੋਂ ਬਾਅਦ ਵੀ ਕੈਪਟਨ ਸਰਕਾਰ ਸੁੱਤੀ ਰਹੀ। ਉਨ੍ਹਾਂ ਕਿਹਾ ਕਿ ਲਾਕ ਡਾਊਨ ਦੌਰਾਨ ਮੋਦੀ ਸਰਕਾਰ ਵੱਲੋਂ ਭੇਜੇ ਗਏ ਅਨਾਜ ਤੇ ਦਾਲਾਂ ਵੀ ਜਨਤਾ ਤਕ ਪਹੁੰਚਾਉਣ 'ਚ ਕੈਪਟਨ ਸਰਕਾਰ ਨਕਾਮ ਸਾਬਿਤ ਹੋਈ ਤੇ ਇਸ ਦੇ ਨੇਤਾ ਜਨਤਾ ਦਾ ਰਾਸ਼ਨ ਡਕਾਰ ਗਏ। ਅੱਜ ਵੀ ਕਾਂਗਰਸੀ ਨੇਤਾਵਾਂ ਦੇ ਘਰਾਂ 'ਚ ਰਾਸ਼ਨ ਕਿੱਟਾਂ ਬਰਾਮਦ ਹੋਈਆਂ ਹਨ, ਜਿਸ ਦਾ ਪਰਦਾਫਾਸ਼ ਭਾਜਪਾ ਦੇ ਨੇਤਾਵਾਂ ਵੱਲੋਂ ਕੀਤਾ ਗਿਆ ਹੈ।