ਸਾਨਫਰਾਂਸਿਸਕੋ, ਅਗਸਤ 2020 (ਏਜੰਸੀ) , ਇੰਸਟਾਗ੍ਰਾਮ, ਯੂਟਿਊਬ ਅਤੇ ਟਿਕਟਾਕ ਦੇ ਲਗਪਗ 23.5 ਕਰੋੜ ਯੂਜ਼ਰ ਦਾ ਡਾਟਾ ਲੀਕ ਹੋ ਗਿਆ ਹੈ। ਸਾਰੇ ਯੂਜ਼ਰ ਦੇ ਨਿੱਜੀ ਪ੍ਰਰੋਫਾਈਲ ਡਾਰਕ ਵੈੱਬ 'ਤੇ ਮੌਜੂਦ ਹਨ। ਯੂਜ਼ਰ ਦੇ ਹਿੱਤ 'ਚ ਕੰਮ ਕਰਨ ਵਾਲੀ ਵੈੱਬਸਾਈਟ 'ਕੰਪੈਰੀਟੈੱਕ' ਦੇ ਸਕਿਓਰਿਟੀ ਰਿਸਰਚਰਸ ਅਨੁਸਾਰ ਇਸ ਡਾਟਾ ਚੋਰੀ ਦੇ ਪਿੱਛੇ ਇਕ ਅਸੁਰੱਖਿਅਤ ਡਾਟਾਬੇਸ ਹੈ। ਦੱਸਣਯੋਗ ਹੈ ਕਿ ਇੰਸਟਾਗ੍ਰਾਮ ਦੀ ਮਾਲਕੀ ਜਿੱਥੇ ਫੇਸਬੁੱਕ ਕੋਲ ਹੈ ਉੱਥੇ ਸ਼ਾਰਟ ਵੀਡੀਓ ਮੈਸੇਜਿੰਗ ਐਪ ਟਿਕਟਾਕ ਨੂੰ ਚੀਨ ਦੀ ਬਾਈਟ ਡਾਂਸ ਕੰਟਰੋਲ ਕਰਦੀ ਹੈ। ਯੂਟਿਊਬ ਦਾ ਮਾਲਕਾਨਾ ਹੱਕ ਗੂਗਲ ਕੋਲ ਹੈ।
ਫੋਰਬਸ ਨੇ ਸਕਿਓਰਿਟੀ ਰਿਸਰਚਰਸ ਦੇ ਹਵਾਲੇ ਨਾਲ ਦੱਸਿਆ ਕਿ ਯੂਜ਼ਰ ਦਾ ਡਾਟਾ ਕਈ ਡਾਟਾਸੈੱਟ ਵਿਚ ਫੈਲਿਆ ਹੋਇਆ ਸੀ ਅਤੇ ਪ੍ਰਰੋਫਾਈਲ ਰਿਕਾਰਡ ਇੰਸਟਾਗ੍ਰਾਮ ਤੋਂ ਖੋਹ ਗਏ ਸਨ। ਜੋ ਡਾਟਾ ਲੀਕ ਹੋਏ ਹਨ ਉਨ੍ਹਾਂ ਵਿਚ 4.2 ਕਰੋੜ ਟਿਕਟਾਕ ਯੂਜ਼ਰਸ ਦੇ ਹਨ ਜਦਕਿ 40 ਲੱਖ ਯੂਟਿਊਬ ਯੂਜ਼ਰ ਦੇ ਹਨ। ਬਾਕੀ ਡਾਟਾ ਇੰਸਟਾਗ੍ਰਾਮ ਯੂਜ਼ਰ ਦੇ ਹਨ। ਪੰਜ ਰਿਕਾਰਡਾਂ ਵਿੱਚੋਂ ਇਕ ਵਿਚ ਯੂਜ਼ਰ ਦਾ ਟੈਲੀਫੋਨ ਨੰਬਰ ਜਾਂ ਈ-ਮੇਲ ਐਡਰੈੱਸ, ਪ੍ਰਰੋਫਾਈਲ ਨਾਂ, ਪੂਰਣ ਵਾਸਤਵਿਕ ਨਾਂ, ਪ੍ਰਰੋਫਾਈਲ ਫੋਟੋ, ਅਕਾਊਂਟ ਦਾ ਵੇਰਵਾ, ਫਾਲੋਅਰਸ ਦੀ ਗਿਣਤੀ ਅਤੇ ਲਾਈਕਸ ਆਦਿ ਸ਼ਾਮਲ ਸਨ। ਵੈੱਬਸਾਈਟ 'ਕੰਪੈਰੀਟੈੱਕ' ਦੇ ਸੰਪਾਦਕ ਪਾਲ ਬਿਸਚਾਫ ਨੇ ਕਿਹਾ ਕਿ ਜਾਣਕਾਰੀ ਸ਼ਾਇਦ ਸਪੈਮਰ ਅਤੇ ਫਸ਼ਿੰਗ ਮੁਹਿੰਮ ਚਲਾਉਣ ਵਾਲੇ ਸਾਈਬਰ ਅਪਰਾਧੀਆਂ ਲਈ ਸਭ ਤੋਂ ਵੱਧ ਮੁੱਲਵਾਨ ਹੋਵੇਗੀ। ਬਿਸਚਾਫ ਨੇ ਰਿਪੋਰਟ ਵਿਚ ਕਿਹਾ ਕਿ ਹਾਲਾਂਕਿ ਡਾਟਾ ਜਨਤਕ ਰੂਪ 'ਚ ਮੌਜੂਦ ਹੈ ਪ੍ਰੰਤੂ ਇਸ ਦੇ ਡਾਟਾਬੇਸ ਦੇ ਤੌਰ 'ਤੇ ਲੀਕ ਹੋਣ ਨਾਲ ਇਹ ਬਹੁਤ ਜ਼ਿਆਦਾ ਮੁੱਲਵਾਨ ਹੈ।
ਖੋਜੀਆਂ ਅਨੁਸਾਰ ਯੂਜ਼ਰਸ ਦੇ ਪ੍ਰਰੋਫਾਈਲ ਡਾਟਾ ਨੂੰ ਖੰਗਾਲਨ ਪਿੱਛੋਂ 2018 ਵਿਚ ਡੀਪ ਸੋਸ਼ਲ ਨਾਮਕ ਕੰਪਨੀ ਦੇ ਲੀਕ ਹੋਏ ਡਾਟਾ ਪੁਆਇੰਟਸ 'ਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਦੋਵਾਂ ਨੇ ਪਾਬੰਦੀ ਲਗਾ ਦਿੱਤੀ ਸੀ। ਫੇਸਬੁੱਕ ਦੇ ਬੁਲਾਰੇ ਮੁਤਾਬਕ ਇੰਸਟਾਗ੍ਰਾਮ ਤੋਂ ਲੋਕਾਂ ਦੀ ਜਾਣਕਾਰੀ ਨੂੰ ਚੋਰੀ ਕਰਨਾ ਸਾਡੀਆਂ ਨੀਤੀਆਂ ਦਾ ਸਪੱਸ਼ਟ ਉਲੰਘਣ ਹੈ। ਅਸੀਂ ਜੂਨ 2018 'ਚ ਆਪਣੇ ਪਲੇਟਫਾਰਮ 'ਤੇ ਡੀਪ ਸੋਸ਼ਲ ਦੀ ਪਹੁੰਚ ਨੂੰ ਰੋਕ ਦਿੱਤਾ ਸੀ ਅਤੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। 'ਕੰਪੈਰੀਟੈੱਕ' ਅਨੁਸਾਰ ਸੂਚਨਾ ਦਿੱਤੇ ਜਾਣ ਪਿੱਛੋਂ ਡਾਟਾ ਮਾਰਕੀਟਿੰਗ ਕੰਪਨੀ ਸੋਸ਼ਲ ਡਾਟਾ ਨੇ ਅਸੁਰੱਖਿਅਤ ਡਾਟਾਬੇਸ ਨੂੰ ਬੰਦ ਕਰ ਦਿੱਤਾ। ਸੋਸ਼ਲ ਡਾਟਾ ਨੇ ਡੀਪ ਸੋਸ਼ਲ ਨਾਲ ਕਿਸੇ ਤਰ੍ਹਾਂ ਦੇ ਸਬੰਧ ਤੋਂ ਇਨਕਾਰ ਕੀਤਾ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਸ਼ਾਈਨੋਹੰਟਰਸ ਨਾਂ ਦੇ ਹੈਕਰਸ ਗਰੁੱਪ ਨੇ 18 ਕੰਪਨੀਆਂ ਤੋਂ 38.6 ਕਰੋੜ ਯੂਜ਼ਰ ਦਾ ਡਾਟਾ ਚੋਰੀ ਕਰ ਕੇ ਹੈਕਰਸ ਫੋਰਮ 'ਤੇ ਪਾ ਦਿੱਤਾ ਸੀ।
ਕੀ ਹੁੰਦਾ ਹੈ ਡਾਰਕ ਵੈੱਬ
ਡਾਰਕ ਵੈੱਬ ਜਾਂ ਡਾਰਕ ਨੈੱਟ ਇੰਟਰਨੈੱਟ ਦਾ ਉਹ ਹਿੱਸਾ ਹੁੰਦਾ ਹੈ ਜਿਸ ਨੂੰ ਆਮ ਤੌਰ 'ਤੇ ਵਰਤੇ ਜਾਣ ਵਾਲੇ ਸਰਚ ਇੰਜਣ ਤੋਂ ਅਕਸੈੱਸ ਨਹੀਂ ਕੀਤਾ ਜਾ ਸਕਦਾ ਹੈ। ਰਿਸਰਚਰਸ ਮੁਤਾਬਕ ਇੰਟਰਨੈੱਟ ਦਾ ਕੇਵਲ ਚਾਰ ਫ਼ੀਸਦੀ ਹਿੱਸਾ ਹੀ ਸਾਧਾਰਨ ਲੋਕਾਂ ਲਈ ਵਿਜ਼ੀਬਲ ਹੁੰਦਾ ਹੈ। ਇਸ ਨੂੰ ਸਰਫੇਸ ਵੈੱਬ ਕਿਹਾ ਜਾਂਦਾ ਹੈ। ਡਾਰਕ ਵੈੱਬ ਦੀ ਵਰਤੋਂ ਮਨੁੱਖੀ ਸਮੱਗਲਿੰਗ, ਨਸ਼ੀਲੇ ਪਦਾਰਥਾਂ ਦੀ ਖ਼ਰੀਦ ਅਤੇ ਵਿਕਰੀ, ਹਥਿਆਰਾਂ ਦੀ ਸਮੱਗਲਿੰਗ ਵਰਗੀਆਂ ਨਾਜਾਇਜ਼ ਸਰਗਰਮੀਆਂ ਵਿਚ ਕੀਤੀ ਜਾਂਦੀ ਹੈ। ਡਾਰਕ ਵੈੱਬ ਦੀ ਸਾਈਟਸ ਨੂੰ ਟਾਰ ਐਨਕ੍ਰਿਪਸ਼ਨ ਟੂਲ ਦੀ ਸਹਾਇਤਾ ਨਾਲ ਲੁਕਾ ਦਿੱਤਾ ਜਾਂਦਾ ਹੈ ਜਿਸ ਨਾਲ ਇਨ੍ਹਾਂ ਤਕ ਸਾਧਾਰਨ ਸਰਚ ਇੰਜਣ ਤੋਂ ਨਹੀਂ ਪੁੱਜਿਆ ਜਾ ਸਕਦਾ ਹੈ।