You are here

ਕਣਕ ਸੜਨ ਤੋਂ ਬਚਾਉਣ ਲਈ ਕਿਸਾਨਾਂ ਨੂੰ ਅਧਿਕਾਰੀਆਂ ਨੇ ਜਾਗ੍ਰਿਤ ਕੀਤਾ

ਬਿਜਲੀ ਸਪਲਾਈ ਨੂੰ 3 ਗਰੁੱਪਾਂ 'ਚ ਵੰਡਿਆ, ਐਮਰਜੈਂਸੀ ਮੋਬਾਇਲ ਨੰਬਰ ਕੀਤੇ ਜਾਰੀ

ਜਗਰਾਉਂ, (ਰਛਪਾਲ ਸਿੰਘ ਸ਼ੇਰਪੁਰੀ)। ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਹਿਲ-ਕਦਮੀਂ ਕਰਦਿਆਂ ਇਲਾਕੇ ਦੇ ਪਿੰਡਾਂ ਕਾਉਂਕੇ ਕਲਾਂ, ਕਾਉਂਕੇ ਖੋਸਾ, ਨਾਨਕਸਰ, ਗੁਰੂਸਰ ਕਾਉਂਕੇ ਆਦਿ ਪਿੰਡਾਂ ਵਿੱਚ ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਕਿਸਾਨਾਂ ਨੂੰ ਜਾਗ੍ਰਿਤ ਕੀਤਾ ਗਿਆ। ਬਿਜਲੀ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜੇ ਅਧਿਕਾਰੀਆਂ ਡਿਪਟੀ ਚੀਫ ਇੰਜਨੀਅਰ, ਦਿਹਾਤੀ ਹਲਕਾ ਲੁਧਿਆਣਾ ਇੰਜ:ਮਨਦੀਪ ਸਿੰਘ ਅਤੇ ਐਕਸੀਅਨ ਪਾਵਰਕਾਮ ਜਗਰਾਉਂ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਖੇਤਾਂ ਵਿੱਚ ਕਿਸੇ ਵੀ ਟਰਾਸਫਾਮਰ ਦੀ ਜੀ.ਓ. ਸਵਿੱਚ ਸਪਾਰਕ ਕਰਦੀ ਹੈ, ਤਾਰਾਂ ਢਿੱਲੀਆਂ ਹਨ, ਬਿਜਲੀ ਦੋ ਖੰਬੇ ਲੱਗਣ ਵਾਲੇ ਹਨ ਜਾਂ ਟੇਡੇ ਹਨ, ਜੰਪਰ ਮਾੜੇ ਹਨ ਜਾਂ ਸਪਾਰਕ ਕਰਦੇ ਹਨ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਹੋਰ ਊਣਤਾਈ ਖੇਤਾਂ ਵਿੱਚ ਕਿਸਾਨਾਂ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਇਸ ਬਾਰੇ ਆਪਣੇ ਏਰੀਏ ਦੇ ਜੇਈ, ਐਸ.ਡੀ.ਓ. ਜਾਂ ਐਕਸੀਅਨ ਨੂੰ ਫੋਨ ਰਾਹੀਂ ਸੂਚਿਤ ਕੀਤਾ ਜਾਵੇ ਤਾਂ ਜੋ ਕਣਕ ਨੂੰ ਅੱਗ ਲੱਗਣ ਤੋਂ ਬਚਾਇਆ ਜਾ ਸਕੇ। ਅਧਿਕਾਰੀਆਂ ਨੇ ਕਿਸਾਨਾਂ ਨੂੰ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਖੇਤਾਂ ਨੂੰ ਬਿਜਲੀ ਸਪਲਾਈ ਦੇਣ ਲਈ ਤਿੰਨ ਗਰੁੱਪਾਂ ਵਿੱਚ ਵੰਡ ਦਿੱਤਾ ਗਿਆ ਹੈ। ਜਿਸ ਵਿੱਚ ਰਾਤ 09:00 ਵਜੇ ਤੋਂ ਸਵੇਰ 01:00 ਵਜੇ ਤੱਕ, ਸਵੇਰ 01:00 ਵਜੇ ਤੋਂ ਸਵੇਰ 05:00 ਵਜੇ ਤੱਕ ਅਤੇ ਸਵੇਰ 05:00 ਵਜੇ ਤੋਂ ਸਵੇਰ 09:00 ਵਜੇ ਤੱਕ ਤਿੰਨ ਗਰੁੱਪਾਂ ਵਿੱਚ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਬਿਜਲੀ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਜਾਗ੍ਰਿਤ ਕਰਦਿਆਂ ਦੱਸਿਆ ਕਿ ਜਿੱਥੇ ਵੀ ਟਰਾਸਫਾਰਮਰ ਜਾਂ ਜੀ.ਓ. ਸਵਿੱਚ ਲੱਗੀ ਹੈ ਅਤੇ ਉਹਨਾਂ ਹੇਠਾਂ ਕਣਕ ਹੈ ਤਾਂ ਉਹਨਾਂ ਦੇ ਆਲੇ-ਦੁਆਲੇ ਘੱਟੋ-ਘੱਟ 10-10 ਫੁੱਟ ਤੱਕ ਕਣਕ ਵੱਢ ਦਿੱਤੀ ਜਾਵੇ ਅਤੇ ਉਸ ਏਰੀਏ ਨੂੰ ਹਲ਼ ਨਾਲ ਵਾਹ ਦਿੱਤਾ ਜਾਵੇ, ਖੇਤਾਂ ਵਿੱਚ ਮੋਟਰਾਂ 'ਤੇ ਬਣੇ ਪਾਣੀ ਵਾਲੇ ਚਬੱਚੇ, ਖਾਲ਼, ਪਾਣੀ ਵਾਲੀਆਂ ਟੈਂਕੀਆਂ ਆਦਿ ਪਾਣੀ ਨਾਲ ਭਰਕੇ ਰੱਖੇ ਜਾਣ, ਤਾਂ ਜੋ ਕਿਸੇ ਵੀ ਅਣ-ਸੁਖਾਵੀਂ ਘਟਨਾਂ ਮੌਕੇ ਪਾਣੀ ਵਰਤੋਂ ਵਿੱਚ ਲਿਆਂਦਾ ਜਾ ਸਕੇ ਅਤੇ ਕਣਕ ਨੂੰ ਅੱਗ ਲੱਗਣ ਤੋਂ ਬਚਾਇਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਐਸ.ਡੀ.ਓ. ਦਿਹਾਤੀ ਜਗਰਾਉਂ ਨਾਲ ਮੋਬਾਇਲ ਨੰਬਰ 96461-11564, ਐਸ.ਡੀ.ਓ. ਸਿੱਧਵਾਂ ਖੁਰਦ ਨਾਲ ਮੋਬਾਇਲ ਨੰਬਰ 96461-11626, ਐਸ.ਡੀ.ਓ. ਸਿੱਧਵਾਂ ਬੇਟ ਨਾਲ 96461-11566 ਅਤੇ ਐਕਸੀਅਨ ਜਗਰਾਉਂ ਨਾਲ 96461-11519 ਉਪਰ ਸੰਪਰਕ ਕਰਕੇ ਸੂਚਨਾਂ ਦੇ ਸਕਦੇ ਹਨ।