ਕੋਰੋਨਾ ਵਾਇਰਸ ਮਹਾਮਾਰੀ 'ਤੇ ਕਾਬੂ ਪਾਉਣ ਲਈ ਲਗਾਏ ਗਏ ਲਾਕਡਾਊਨ ਕਾਰਨ ਦੂਜੀ ਤਿਮਾਹੀ ਦੌਰਾਨ ਬਰਤਾਨੀਆ ਦੀ ਜੀਡੀਪੀ 'ਚ 20.4 ਫ਼ੀਸਦੀ ਦੀ ਕਮੀ ਆਈ ਹੈ। ਇਸ ਸਾਲ ਅਪ੍ਰੈਲ-ਜੂਨ ਤਿਮਾਹੀ ਦੇ ਇਨ੍ਹਾਂ ਅੰਕੜਿਆਂ ਨਾਲ ਹੀ ਬਰਤਾਨੀਆ ਦਾ ਅਰਥਚਾਰਾ ਅਧਿਕਾਰਤ ਤੌਰ 'ਤੇ ਮੰਦੀ ਦੀ ਲਪੇਟ 'ਚ ਆ ਗਿਆ ਹੈ। ਬਰਤਾਨੀਆ 'ਚ ਲਗਾਤਾਰ ਦੋ ਤਿਮਾਹੀਆਂ ਦੌਰਾਨ ਨਾਂਹ-ਪੱਖੀ ਵਿਕਾਸ ਦਰ ਹੋਣ 'ਤੇ ਅਰਥਚਾਰੇ ਨੂੰ ਅਧਿਕਾਰਤ ਤੌਰ 'ਤੇ ਮੰਦੀ ਦੀ ਲਪੇਟ 'ਚ ਮੰਨਿਆ ਜਾਂਦਾ ਹੈ। ਕੌਮੀ ਸੰਖਿਆਕੀ ਦਫ਼ਤਰ ਦੇ ਅੰਕੜਿਆਂ ਮੁਤਾਬਕ 2020 ਦੀ ਪਹਿਲੀ ਤਿਮਾਹੀ ਭਾਵ ਜਨਵਰੀ-ਮਾਰਚ, 2020 'ਚ ਅਰਥਚਾਰੇ ਦੀ ਵਿਕਾਸ ਦਰ 2.2 ਫ਼ੀਸਦੀ ਟੁੱਟੀ ਸੀ। ਹੋਰਨਾਂ ਦੇਸ਼ਾਂ ਤੋਂ ਉਲਟ ਬਰਤਾਨੀਆ ਦੀ ਸੰਖਿਆਕੀ ਏਜੰਸੀ ਤਿਮਾਹੀ ਦੇ ਨਾਲ ਹੀ ਮਾਸਿਕ ਅੰਕੜੇ ਵੀ ਜਾਰੀ ਕਰਦੀ ਹੈ। ਵੈਸੇ ਇਨ੍ਹਾਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਰਥਚਾਰੇ 'ਚ ਸੁਧਾਰ ਦੀ ਉਮੀਦ ਹੈ। ਜੂਨ 'ਚ ਗ਼ੈਰ-ਬੁਨਿਆਦੀ ਵਸਤੂਆਂ ਦੀਆਂ ਦੁਕਾਨਾਂ ਮੁੜ ਤੋਂ ਖੁੋਲ੍ਹਣ ਦੀ ਇਜਾਜ਼ਤ ਦੇਣ ਤੋਂ ਬਾਅਦ ਬਰਤਾਨੀਆ ਦਾ ਅਰਥਚਾਰਾ 8.7 ਫ਼ੀਸਦੀ ਦੀ ਦਰ ਨਾਲ ਵਧਿਆ। ਸਥਾਨਕ ਸਰਕਾਰ ਨੂੰ ਉਮੀਦ ਹੈ ਕਿ ਅਰਥਚਾਰੇ ਨੂੰ ਖੋਲ੍ਹਣ ਤੇ ਕੰਮਕਾਜ ਨੂੰ ਸੌਖਾ ਬਣਾਉਣ ਨਾਲ ਭਵਿੱਖ 'ਚ ਸੁਧਾਰ ਹੋਵੇਗਾ।