ਗਲਾਸਗੋ/ਲੰਡਨ, ਅਗਸਤ 2020 -(ਗਿਆਨੀ ਰਵਿੰਦਰਪਾਲ ਸਿੰਘ)- ਉੱਤਰੀ-ਪੂਰਬੀ ਸਕਾਟਲੈਂਡ ਵਿਚ ਭਾਰੀ ਬਾਰਿਸ਼ ਕਾਰਨ ਇਕ ਟ੍ਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਛੇ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਬਿ੍ਟਿਸ਼ ਟ੍ਰਾਂਸਪੋਰਟ ਪੁਲਿਸ ਅਨੁਸਾਰ ਮਿ੍ਤਕਾਂ 'ਚ ਟ੍ਰੇਨ ਦਾ ਡਰਾਈਵਰ ਤੇ ਕੰਡਕਟਰ ਸ਼ਾਮਲ ਹਨ। ਰਾਹਤ ਕਾਰਜਾਂ ਵਿਚ ਕੋਸਟ ਗਾਰਡ ਦੇ ਹੈਲੀਕਾਪਟਰਾਂ ਅਤੇ ਏਅਰ ਐਂਬੂਲੈਂਸ ਦੀ ਮਦਦ ਲਈ ਗਈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਹਾਦਸੇ ਦਾ ਕਾਰਨ ਮੋਹਲੇਧਾਰ ਬਾਰਿਸ਼ ਲੱਗਦੀ ਹੈ। ਬਰਤਾਨੀਆ 'ਚ ਰੇਲ ਹਾਦਸੇ ਬਹੁਤ ਘੱਟ ਹੁੰਦੇ ਹਨ ਤੇ ਪਿਛਲਾ ਵੱਡਾ ਰੇਲ ਹਾਦਸਾ 2007 'ਚ ਹੋਇਆ ਸੀ।