You are here

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ 'ਪੰਜਾਬ ਸਮਾਰਟ ਕੁਨੈਕਟ ਸਕੀਮ' ਦਾ ਜ਼ਿਲ੍ਹਾ ਲੁਧਿਆਣਾ 'ਚ ਆਗਾਜ਼

ਜ਼ਿਲ੍ਹਾ ਲੁਧਿਆਣਾ ਦੇ 16677 ਵਿਦਿਆਰਥੀਆਂ ਨੂੰ ਮਿਲਣਗੇ ਸਮਾਰਟ ਫੋਨ - ਭਾਰਤ ਭੂਸ਼ਣ ਆਸ਼ੂ

ਉਨ੍ਹਾਂ ਕਿਹਾ ਇਹ ਸਕੀਮ ਨੌਜਵਾਨਾਂ ਦੇ ਡਿਜੀਟਲ ਸਸ਼ਕਤੀਕਰਨ ਵੱਲ ਮੀਲ ਪੱਥਰ ਸਾਬਿਤ ਹੋਵੇਗੀ

ਲੁਧਿਆਣਾ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) ਪੰਜਾਬ ਸਰਕਾਰ ਵੱਲੋ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬਾਰਵ੍ਹੀ ਜਮਾਤ ਦੇ ਬੱਚਿਆਂ ਨੂੰ ਸਮਾਰਟ ਫੋਨ ਵੰਡਣ ਸਬੰਧੀ ਯੋਜਨਾ 'ਪੰਜਾਬ ਸਮਾਰਟ ਕੁਨੈਕਟ ਸਕੀਮ' ਦਾ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਵੀ ਆਗਾਜ ਹੋ ਗਿਆ ਹੈ। ਇਸ ਯੋਜਨਾ ਤਹਿਤ ਪਜੰਾਬ ਦੇ ਖਰਾਕ, ਸਿਵਲ ਸਪਲਾਈ ਤੇ ਖ਼ਪਤਾਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਸਥਾਨਕ ਬੱਚਤ ਭਵਨ ਵਿਖੇ ਹੋਏ ਸੰਖੇਪ ਸਮਾਗਮ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ 10 ਵਿਦਿਆਰਥੀਆਂ ਨੂੰ ਇਨ੍ਹਾਂ ਸਮਾਰਟ ਫੋਨਾਂ ਦੀ ਵੰਡ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਨਾਲ ਵਿਧਾਇਕ ਸੁਰਿੰਦਰ ਡਾਵਰ ਅਤੇ ਕੁਲਦੀਪ ਸਿੰਘ ਵੈਦ, ਮੇਅਰ ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਰਮਨ ਬਾਲਾਸੁਬਰਾਮਨੀਅਮ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਵੀ ਹਾਜ਼ਰ ਸਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਆਸ਼ੂ ਨੇ ਦੱਸਿਆ ਕਿ ਇਸ ਸਕੀਮ ਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਵਿਖੇ ਆਨਲਾਈਨ ਆਗਾਜ਼ ਕੀਤਾ ਹੈ। ਜਦਕਿ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੰਤਰੀ ਸਾਹਿਬਾਨ ਵਿਸੇਸ਼ ਤੌਰ ਤੇ ਪਹੁੰਚ ਕੇ ਆਪਣੇ ਹੱਥਾਂ ਨਾਲ ਵਿਦਿਆਰਥੀਆਂ ਨੂੰ ਇਹ ਫੋਨ ਸਪੁਰਦ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਸਮਾਰਟ ਫੋਨ ਜਰੀਏ ਨੌਜਵਾਨਾਂ ਦਾ ਡਿਜ਼ੀਟਲ ਸਸ਼ਕਤੀਕਰਨ ਵੱਲ ਮੀਲ ਪੱਥਰ ਸਾਬਤ ਹੋਵੇਗੀ। ਇਸ ਸਕੀਮ ਨੂੰ ਪਵਿੱਤਰ ਤਿਉਹਾਰ ਜਨਮ ਅਸ਼ਟਮੀ ਅਤੇ ਕੌਮਾਂਤਰੀ ਨੌਜਵਾਨ ਦਿਵਸ ਮੌਕੇ ਲਾਂਚ ਕਰਨ ਨਾਲ ਇਸਦੀ ਹੋਰ ਵੀ ਮਹੱਤਤਾ ਵੱਧ ਜਾਂਦੀ ਹੈ।

ਸ੍ਰੀ ਆਸ਼ੂ ਨੇ ਦੱਸਿਆ ਜ਼ਿਲ੍ਹਾ ਲੁਧਿਆਣਾ ਦੇ 188 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ  16677 ਵਿਦਿਆਰਥੀਆਂ ਨੂੰ ਪਹਿਲੇ ਫੇਸ ਵਿੱਚ ਇਹ ਸਮਾਰਟ ਫੋਨ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ 'ਚ 8179 ਲੜਕੇ ਅਤੇ 8498 ਲੜਕੀਆਂ ਨੂੰ ਸਮਾਰਟ ਫੋਨ ਵੰਡੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨੌਜਵਾਨਾਂ ਨੂੰ ਸਮੇ ਦੇ ਹਾਣੀ ਬਣਾਉਣ ਲਈ ਸਮਾਰਟ ਫੋਨ ਦੇਣ ਦਾ ਉਪਰਾਲਾ ਕੀਤਾ ਹੈ, ਜਿਸ ਲਈ ਸਾਲ 2018-19 ਦੇ ਬਜ਼ਟ ਵਿੱਚ ਹੀ 100 ਕਰੋੜ ਰੁਪਏ ਵਿਸੇਸ਼ ਤੌਰ ਤੇ ਰੱਖੇ ਗਏ ਸਨ। ਸਮਾਰਟ ਫੋਨ ਦੇ ਨਾਲ ਬੱਚੇ ਆਧੁਨਿਕ ਸਿੱਖਿਆ, ਕਿੱਤੇ ਦੀ ਚੋਣ, ਕਿੱਤਾਮੁੱਖੀ ਸਿੱਖਿਆ, ਰੋਜ਼ਗਾਰ ਮੌਕਿਆਂ ਅਤੇ ਹੋਰ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣਗੇ। ਇਹ ਸਮਾਰਟ ਫੋਨ ਪ੍ਰਸਿੱਧ ਮੋਬਾਇਲ ਨਿਰਮਾਤਾ ਕੰਪਨੀ ਲਾਵਾ ਵੱਲੋ ਤਿਆਰ ਕੀਤੇ ਗਏ ਹਨ। ਆਧੁਨਿਕ ਸਹੂਲਤਾਂ ਨਾਲ ਲੈਸ ਇਸ ਮੋਬਾਇਲ ਵਿੱਚ ਸਿੱਖਿਆ ਨਾਲ ਸਬੰਧਤ ਸਾਰੇ ਐਪ, ਐਮ-ਸੇਵਾ, ਕੈਪਟਨ ਕੁਨੈਕਟ ਅਤੇ ਹੋਰ ਫੀਚਰ ਪਹਿਲਾਂ ਹੀ ਇੰਨਸਟਾਲ ਹਨ।

ਇਸ ਮੌਕੇ ਸਮਾਰਟ ਫੋਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਸ ਯੋਜਨਾ ਨਾਲ ਉਨ੍ਹਾਂ ਨੂੰ ਕੋਵਿਡ 19 ਦੌਰਾਨ ਘਰ ਬੈਠ ਕੇ ਆਪਣੀ ਪੜ੍ਹਾਈ ਨੂੰ ਜਾਰੀ ਰੱਖਣ ਵਿੱਚ ਬਹੁਤ ਸਹਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਇਸ ਤਕਨੀਕ ਦੇ ਯੁੱਗ ਵਿੱਚ ਬਿਨ੍ਹਾਂ ਮੋਬਾਇਲ ਫੋਨ ਅਤੇ ਇੰਟਰਨੈਟ ਸੁਵਿਧਾ ਤੋ ਸਮੇ ਦੇ ਹਾਣੀ ਬਣਨ ਵਿੱਚ ਕਾਫੀ ਮੁਸ਼ਕਿਲਾਂ ਪੇਸ਼ ਆਉਦੀਆਂ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਇਸ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਅੱਜ ਦੀ ਲੋੜ ਮੋਬਾਇਲ ਫੋਨ ਦੇ ਕੇ ਆਪਣੀ ਪੜ੍ਹਾਈ ਅੱਗੇ ਤੋਰਨ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਹੈ, ਜਿਸਦਾ ਪੰਜਾਬ ਦਾ ਵਿਦਿਆਰਥੀ ਵਰਗ ਉਨ੍ਹਾ ਦਾ ਬਹੁਤ ਰਿਣੀ ਰਹੇਗਾ।ਮਿਸ ਪਰਨੀਤ ਕੌਰ, ਮਿਸ ਹਰਪ੍ਰੀਤ ਕੌਰ, ਮਿਸ ਸਿਮਰਨਦੀਪ ਕੌਰ, ਮਿਸ ਖੁਸ਼ੀ ਰਾਵਤ ਅਤੇ ਮਿਸ ਜਸਪ੍ਰੀਤ ਕੌਰ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਸਚਿਨ ਕੁਮਾਰ, ਵਨੀਤ, ਅਰਵਿੰਦ, ਅਮਿਤ ਅਤੇ ਅਰਵਿੰਦ ਕੁਮਾਰ ਜਵਾਹਰ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਵੱਲੋਂ ਪ੍ਰਾਪਤ ਕੀਤੇ ਸਮਾਰਟ ਫੋਨ ਇਸ ਮੁਸ਼ਕਲ ਕੋਵਿਡ ਮਹਾਂਮਾਰੀ ਦੌਰਾਨ ਆਨਲਾਈਨ ਪੜ੍ਹਾਈ ਲਈ ਸਹਾਈ ਸਿੱਧ ਹੋਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਾਜ਼ਰ ਪ੍ਰਮੁੱਖ ਸਖਸ਼ੀਅਤਾਂ ਵਿੱਚ ਸੀਨੀਅਰ ਕਾਂਗਰਸੀ ਆਗੂ ਕਰਨਜੀਤ ਸਿੰਘ ਸੋਨੀ ਗਾਲਿਬ, ਅਸ਼ਵਨੀ ਸ਼ਰਮਾ, ਸ੍ਰੀਮਤੀ ਸਤਵਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਰਜੀਤ ਬੈਂਸ, ਐਸ.ਡੀ.ਐਮ (ਵੈਸਟ) ਅਮਰਿੰਦਰ ਸਿੰਘ ਮੱਲ੍ਹੀ, ਡੀ.ਈ.ਓ. (ਸੈਕੰਡਰੀ) ਸ੍ਰੀਮਤੀ ਸਵਰਨਜੀਤ ਕੌਰ ਹਾਜ਼ਰ ਸਨ।