You are here

ਕਰਜ਼ਾ ਪੀੜਤ ਪਿੰਡ ਬੀਹਲਾ ਦੀਆਂ ਔਰਤਾਂ ਨੇ ਦੋ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਮੁਲਾਜ਼ਮਾਂ ਨੂੰ ਬਗੈਰ ਕਿਸਤ ਭਰੇ ਵਾਪਸ ਮੋੜਿਆ 

ਮਹਿਲ ਕਲਾਂ /ਬਰਨਾਲਾ- ਅਗਸਤ 2020 ( ਗੁਰਸੇਵਕ ਸੋਹੀ)-ਨੌਜਵਾਨ ਭਾਰਤ ਸਭਾ ਦੀ ਅਗਵਾਈ ਚ ਪਿੰਡ ਬੀਹਲਾ ਦੀਆਂ ਕਰਜ਼ਾ ਪੀੜਤ ਔਰਤਾਂ ਨੇ ਦੋ ਮਾਈਕਰੋ ਫਾਇਨਾਂਸ ਕੰਪਨੀਆਂ ( ਅੱਪਮਨੀ, ਫਿਊਜ਼ਨ) ਦੇ ਮੁਲਾਜ਼ਮਾਂ ਨੂੰ ਬਗੈਰ ਕਿਸ਼ਤ ਭਰੇ ਵਾਪਸ ਮੋੜਿਆ ।ਇਸ ਵਿਰੋਧ ਦੌਰਾਨ ਔਰਤਾਂ ਨੇ ਕਿਹਾ ਕਿ ਸਰਕਾਰ ਹਰ ਸਾਲ ਦੇਸ਼ ਦੇ ਅਮੀਰਾਂ ਦੇ ਅਰਬਾਂ ਦੇ ਕਰਜ਼ੇ ਮੁਆਫ ਕਰ ਦਿੰਦੀ ਹੈ, ਪਰ ਜਿੰਨਾਂ ਗਰੀਬ ਮਜ਼ਦੂਰ ਪਰਿਵਾਰਾਂ ਦੀ ਜਿੰਦਗੀ ਥੁੜਾਂ ਮਾਰੀ ਹੁੰਦੀ ਹੈ ਉਨਾਂ ਦੀ ਕਰਜ਼ਾ ਮੁਆਫੀ ਦੀ ਕਿਧਰੇ ਗੱਲ ਤੱਕ ਨਹੀਂ ਕੀਤੀ ਜਾਂਦੀ।  

ਫਾਇਨਾਂਸ ਕੰਪਨੀਆਂ ਖਿਲਾਫ਼ ਔਰਤਾਂ ਦੀ ਕਰਜ਼ਾ ਮੁਕਤੀ ਲਈ ਗੱਲ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਜਿਲਾ ਬਰਨਾਲਾ ਤੋਂ ਮਨਵੀਰ ਬੀਹਲਾ ਨੇ ਆਖਿਆ ਕਿ ਵੱਖ-ਵੱਖ ਜਨਤਕ ਜੱਥੇਬੰਦੀਆਂ ਦੁਆਰਾ ਔਰਤਾਂ ਦੀ ਕਰਜ਼ਾ ਮੁਕਤੀ ਲਈ ਕੀਤੇ ਜਾ ਰਹੇ ਸੰਘਰਸ਼ ਦੇ ਬਾਵਜੂਦ ਅਤੇ ਤਹਿਸੀਲਦਾਰ, ਡੀ ਐਸ ਪੀ, ਡੀ ਸੀ ਪੱਧਰ ਤੱਕ ਮੰਗ ਪੱਤਰ ਰੱਖਣ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਇਨਾਂ ਫਾਇਨਾਂਸ ਕੰਪਨੀਆਂ ਨੂੰ ਨੱਥ ਨਹੀਂ ਪਾ ਰਿਹਾ। ਇਸੇ ਕਰਕੇ ਇਨਾਂ ਫਾਇਨਾਂਸ ਕੰਪਨੀਆਂ ਦੇ ਮੁਲਾਜ਼ਮ ਐਨੇ ਵਿਰੋਧ ਦੇ ਬਾਵਜੂਦ ਵੀ ਪਿੰਡਾਂ, ਕਸਬਿਆਂ,ਸ਼ਹਿਰਾਂ ਚ ਜਾ-ਜਾ ਕੇ ਔਰਤਾਂ ਤੋਂ ਜਬਰੀ ਕਿਸ਼ਤਾਂ ਵਸੂਲਣ ਤੋਂ ਪਿੱਛੇ ਨਹੀਂ ਹਟ ਰਹੇ।  

ਇਸ ਵਿਰੋਧ ਮੌਕੇ ਪਿੰਡ ਬੀਹਲਾ ਦੀਆਂ ਕਰਜ਼ਾ ਪੀੜਤ ਔਰਤਾਂ ਚੋਂ ਚਰਨਜੀਤ ਕੌਰ, ਵੀਰਪਾਲ ਕੌਰ, ਕਿਰਨਜੀਤ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਸੋਨੀ ਕੌਰ ਅਤੇ ਬਾਕੀ ਔਰਤਾਂ ਨੇ ਕਿਹਾ ਕਿ ਸਾਡੇ ਔਰਤਾਂ ਸਿਰ ਚੜੇ ਫਾਇਨਾਂਸ ਕੰਪਨੀਆਂ ਅਤੇ ਪ੍ਰਾਈਵੇਟ ਬੈਂਕਾਂ ਦੇ ਕਰਜ਼ੇ ਸਰਕਾਰ ਮੁਆਫ ਕਰੇ ਅਤੇ ਇਨਾਂ ਫਾਇਨਾਂਸ ਕੰਪਨੀਆਂ ਦੀ ਦਖਲਅੰਦਾਜ਼ੀ ਬੰਦ ਕਰਕੇ ਸਾਨੂੰ ਸਰਕਾਰੀ ਸਿੱਧਾ ਅਤੇ ਸਸਤਾ ਕਰਜ਼ਾ ਜਾਰੀ ਕਰੇ।ਇਸ ਤੋਂ ਇਲਾਵਾ ਔਰਤਾਂ ਤੋਂ ਲਏ ਕੁੱਲ ਦਸਤਾਵੇਜ਼ ਇਨਾਂ ਫਾਇਨਾਂਸ ਕੰਪਨੀਆਂ ਤੋਂ ਵਾਪਸ ਕਰਵਾਏ ਜਾਣ ।