You are here

ਜ਼ਹਿਰੀਲੀ ਸ਼ਰਾਬ ਨਾਲ ਛੇ ਹੋਰਨਾਂ ਦੀ ਮੌਤ,ਮ੍ਰਿਤਕਾਂ ਦਾ ਅੰਕੜਾ 120 ਤੱਕ ਪਹੁੰਚਿਆ

ਲੁਧਿਆਣਾ 'ਚ 17 ਸਮੱਗਲਰ ਗ੍ਰਿਫ਼ਤਾਰ , 50 ਹਜ਼ਾਰ ਲੀਟਰ ਲਾਹਣ, 926 ਬੋਤਲਾਂ ਸ਼ਰਾਬ ਬਰਾਮਦ   

ਲੁਧਿਆਣਾ,ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) 

 ਜ਼ਹਿਰੀਲੀ ਸ਼ਰਾਬ ਨਾਲ ਤਰਨਤਾਰਨ, ਅੰਮ੍ਰਿਤਸਰ ਤੇ ਬਟਾਲਾ (ਗੁਰਦਾਸਪੁਰ) 'ਚ ਸੋਮਵਾਰ ਨੂੰ ਛੇ ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਮ੍ਰਿਤਕਾਂ ਦਾ ਅੰਕੜਾ 120 ਪਹੁੰਚ ਗਿਆ ਹੈ। ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਦੇ ਬਾਅਦ ਪੁਲਿਸ ਨੇ ਛਾਪੇਮਾਰੀ ਤੇਜ਼ ਕਰ ਦਿੱਤੀ ਹੈ।ਸੋਮਵਾਰ ਨੂੰ ਅੰਮ੍ਰਿਤਸਰ 'ਚ 18 ਸਮੱਗਲਰ ਗ੍ਰਿਫ਼ਤਾਰ ਕਰ ਕੇ 500 ਲੀਟਰ ਸ਼ਰਾਬ, 1500 ਕਿਲੋ ਲਾਹਣ ਵੀ ਫੜੀ, ਤਿੰਨ ਭੱਠੀਆਂ ਬਰਾਮਦ ਕੀਤੀਆਂ ਗਈਆਂ। ਸੋਮਵਾਰ ਨੂੰ ਕੁਲ 41 ਐੱਫਆਈਆਰ ਦਰਜ ਕੀਤੀਆਂ ਗਈਆਂ ਹਨ। ਉੱਥੇ, ਲੁਧਿਆਣਾ 'ਚ 17 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਕੇ 50 ਹਜ਼ਾਰ ਲੀਟਰ ਲਾਹਣ, 926 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਦੋਵੇਂ ਹੀ ਜ਼ਿਲ੍ਹਿਆਂ 'ਚ ਕੋਈ ਵੱਡਾ ਸਮੱਗਲਰ ਨਹੀਂ ਫੜਿਆ ਗਿਆ। ਯਾਨੀ ਵੱਡੀਆਂ ਮੱਛੀਆਂ ਹਾਲੇ ਦੂਰ ਹਨ। ਐੱਸਐੱਸਪੀ ਧਰੁਵ ਦਹੀਆ ਨੇ ਕਿਹਾ ਕਿ ਸਾਰੇ ਸਮੱਗਲਰਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। ਤਰਨਤਾਰਨ 'ਚ 10 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਕੋਈ ਨਵੀਂ ਗ੍ਰਿਫ਼ਤਾਰੀ ਨਹੀਂ ਹੋਈ।ਹਾਲਾਂਕਿ, ਪਿੰਡ ਪੰਡੋਰੀ ਗੋਲਾ 'ਚ ਤਿਆਰ ਜ਼ਹਿਰੀਲੀ ਸ਼ਰਾਬ ਕਿੰਨੇ ਪਿੰਡਾਂ 'ਚ ਕਿਸ ਜ਼ਰੀਏ ਪਹੁੰਚਾਈ ਗਈ ਇਸ ਨੂੰ ਲੈ ਕੇ ਪੁਲਿਸ ਨੇ ਸਮੱਗਲਰਾਂ ਦੀ ਸੂਚੀ ਤਿਆਰ ਕੀਤੀ ਹੈ। ਰਛਪਾਲ ਸਿੰਘ ਸ਼ਾਲੀ ਢੋਟੀਆਂ ਤੇ ਉਸ ਦਾ ਭਰਾ ਗੁਰਪਾਲ ਸਿੰਘ ਪਾਲੀ ਇਸ ਵਿਚ ਮੁੱਖ ਕੜੀ ਹੋਣਗੇ। ਲੁਧਿਆਣਾ 'ਚ 21 ਲੋਕ ਫ਼ਰਾਰ ਹੋਣ 'ਚ ਕਾਮਯਾਬ ਰਹੇ। ਜਲੰਧਰ 'ਚ ਸਕੂਟੀ 'ਤੇ ਜਾਅਲੀ ਨੰਬਰ ਪਲੇਟ ਲਗਾ ਕੇ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਵਾਲੇ ਆਟੋ ਡਰਾਈਵਰ ਨੂੰ ਸੀਆਈਏ ਸਟਾਫ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਤੋਂ ਪੰਜ ਪੇਟੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਉਸ ਤੋਂ ਇਕ ਹੋਰ ਨੰਬਰ ਪਲੇਟ ਦੀ ਜੋੜੀ ਵੀ ਬਰਾਮਦ ਹੋਈ ਹੈ।