ਪੰਜਾਬ ਦੇ ਤਿੰਨ ਜ਼ਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਜ਼ਹਿਰੀਲ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ 112 ਤੱਕ ਪਹੁੰਚ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਅੱਜ ਤਰਨ ਤਾਰਨ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 88 ਤੱਕ ਪਹੁੰਚ ਗਈ ਜਦੋਂਕਿ ਕੱਲ੍ਹ ਦੇਰ ਸ਼ਾਮ ਤੱਕ ਇਹ ਗਿਣਤੀ 63 ਸੀ। ਇਸ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਵਿੱਚ ਅੱਜ 25 ਹੋਰ ਵਿਅਕਤੀ ਜ਼ਹਿਰੀਲੀ ਸ਼ਰਾਬ ਦੀ ਭੇਟ ਚੜ੍ਹ ਗਏ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 75 ਦੱਸੀ ਜਾ ਰਹੀ ਹੈ।ਤਰਨ ਤਾਰਨ ਤੋਂ ਇਲਾਵਾ ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਵਿੱਚ ਹੁਣ ਤੱਕ 12 ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ’ਚ 12 ਮੌਤਾਂ ਹੋ ਚੁੱਕੀਆਂ ਹਨ।ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇਲਾਕੇ ਅੰਦਰ ਹੋਈਆਂ ਮੌਤਾਂ ਨੇ ਪੁਲੀਸ ਤੇ ਪ੍ਰਸ਼ਾਸਨ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ| ਇਸ ਦੌਰਾਨ ਜਿੱਥੇ ਪੀੜਤ ਪਰਿਵਾਰਾਂ ਨੂੰ ਜਿੱਥੇ ਮ੍ਰਿਤਕਾਂ ਦੇ ਪੋਸਟਮਾਰਟਮ ਕਰਵਾਉਣ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ ਉੱਥੇ ਹੀ ਸਿਹਤ ਅਧਿਕਾਰੀਆਂ ਨੂੰ ਵੀ ਦੇਰ ਰਾਤ ਤੱਕ ਲੱਗ ਕੇ ਪੋਸਟਮਾਰਟਮ ਦਾ ਕੰਮ ਪੂਰਾ ਕਰਨਾ ਪੈ ਰਿਹਾ ਹੈ| ਇਲਾਕੇ ਵਿੱਚ ਲਗਾਤਾਰ ਤੀਜੇ ਦਿਨ ਅੱਜ ਵੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਅੱਜ 25 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 88 ਹੋ ਗਈ| ਇਹ ਗਿਣਤੀ 24 ਮੌਤਾਂ ਤੋਂ ਸ਼ੁਰੂ ਹੋਈ ਸੀ| ਛੇ ਵਿਅਕਤੀ ਅਜੇ ਵੀ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹਨ ਜਿਨ੍ਹਾਂ ਦੀ ਸ਼ਨਾਖ਼ਤ ਕੱਕਾ ਕੰਡਿਆਲਾ ਦੇ ਵਸਨੀਕ ਜੋਬਨਜੀਤ ਸਿੰਘ, ਸੁਖਦੇਵ ਸਿੰਘ, ਉਸ ਦੇ ਭਰਾ ਕੁਲਦੀਪ ਸਿੰਘ, ਕੱਲ੍ਹਾ ਵਾਸੀ ਰਾਮ ਸਿੰਘ, ਬਚੜੇ ਵਾਸੀ ਸੁਰਿੰਦਰ ਸਿੰਘ ਤੇ ਤਰਨ ਤਾਰਨ ਵਾਸੀ ਮਨਜੀਤ ਸਿੰਘ ਵਜੋਂ ਹੋਈ ਹੈ| ਦੋ ਜਣਿਆਂ ਦੀ ਹਾਲਤ ਗੰਭੀਰ ਹੋਣ ਕਰ ਕੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ ਹੈ| ਅੱਜ ਹੋਈਆਂ ਮੌਤਾਂ ਵਿੱਚੋਂ ਵਧੇਰੇ ਮ੍ਰਿਤਕ ਤਰਨ ਤਾਰਨ ਸ਼ਹਿਰ ਤੋਂ ਇਲਾਵਾ ਪਿੰਡ ਕੰਗ, ਕੱਕਾ ਕੰਡਿਆਲਾ, ਕੱਲ੍ਹਾ, ਭੁੱਲਰ, ਪੰਡੋਰੀ ਗੋਲਾ ਆਦਿ ਪਿੰਡਾਂ ਨਾਲ ਸਬੰਧਤ ਸਨ| ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੇ ਪੋਸਟਮਾਰਟਮ ਕਰਵਾਉਣ ਲਈ ਪੀੜਤ ਪਰਿਵਾਰ ਕਾਫੀ ਖ਼ੁਆਰ ਹੋ ਰਹੇ ਹਨ। ਜ਼ਹਿਰੀਲੀ ਸ਼ਰਾਬ ਦੀ ਭੇਟ ਚੜ੍ਹੇ ਇਸ ਇਲਾਕੇ ਦੇ ਪਿੰਡ ਕੱਦਗਿੱਲ ਦੇ 50 ਸਾਲਾ ਹਰਜਿੰਦਰ ਸਿੰਘ ਦੀ ਮੌਤ ਸ਼ੁੱਕਰਵਾਰ ਨੂੰ ਹੋਈ ਸੀ। ਉਸ ਦੀ ਲਾਸ਼ ਦਾ ਪੋਸਟਮਾਰਟਮ ਅੱਜ ਹੀ ਕੀਤਾ ਜਾ ਸਕਿਆ ਹੈ| ਮ੍ਰਿਤਕ ਦੇ ਲੜਕੇ ਸਾਜਨ ਸਿੰਘ ਨੇ ਦੱਸਿਆ ਕਿ ਉਹ ਤਿੰਨ ਦਿਨਾਂ ਤੋਂ ਹਸਪਤਾਲ ਆ ਰਹੇ ਹਨ ਪਰ ਲਾਸ਼ ਦਾ ਪੋਸਟਮਾਰਟਮ ਅੱਜ ਹੀ ਹੋਇਆ ਹੈ| ਸ਼ਨਿਚਰਵਾਰ ਨੂੰ ਮਰਨ ਵਾਲੇ ਪਿੰਡ ਕੱਕਾ ਕੰਡਿਆਲਾ ਦੇ ਵਸਨੀਕ 35 ਸਾਲਾ ਸਤਨਾਮ ਸਿੰਘ ਦੇ ਰਿਸ਼ਤੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਤੋਂ ਉਸ ਸਮੇਤ ਕਈ ਜਣੇ ਕੱਲ੍ਹ ਤੋਂ ਹਸਪਤਾਲ ’ਚ ਡੇਰਾ ਲਾਈ ਬੈਠੇ ਹਨ ਪਰ ਲਾਸ਼ ਦਾ ਪੋਸਟਮਾਰਟਮ ਹੋਣ ਦੀ ਆਸ ਅੱਜ ਬੱਝੀ ਹੈ| ਉਨ੍ਹਾਂ ਪੋਸਟਮਾਰਟਮ ਦੀ ਲੰਬੀ ਪ੍ਰਕਿਰਿਆ ਨੂੰ ਸਰਲ ਕਰਨ ਦੀ ਵਕਾਲਤ ਕੀਤੀ| ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਹਸਪਤਾਲ ਕੋਲ ਇਕੋ ਵੇਲੇ ਸਿਰਫ਼ ਦੋ ਲਾਸ਼ਾਂ ਦਾ ਪੋਸਟਮਾਰਟਮ ਕਰਨ ਦੀ ਵਿਵਸਥਾ ਹੈ| ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ ਡਾਕਟਰਾਂ ਦੀਆਂ ਟੀਮਾਂ ਨੇ ਸ਼ਾਮ 5 ਵਜੇ ਦੀ ਥਾਂ ਰਾਤ 8 ਵਜੇ ਤੱਕ ਕੰਮ ਕਰ ਕੇ 13 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਸੀ| ਡਾਕਟਰਾਂ ਨੇ ਅੱਜ 14 ਹੋਰ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਹੈ ਅਤੇ ਉਨ੍ਹਾਂ ਆਪਣੀ ਡਿਊਟੀ ਲਗਾਤਾਰ ਜਾਰੀ ਰੱਖੀ ਹੋਈ ਹੈ।ਨਜ਼ਰ ਘਟਣ ਤੇ ਬੈਚੇਨੀ ਦੀ ਸ਼ਿਕਾਇਤ ਕਰ ਰਹੇ ਨੇ ਬਚਣ ਵਾਲੇਪੰਜਾਬ ’ਚ ਜ਼ਹਿਰੀਲੀ ਸ਼ਰਾਬ ਕਾਰਨ ਹੋਈ ਤ੍ਰਾਸਦੀ ’ਚ ਮੌਤ ਦੇ ਮੂੰਹੋਂ ਬਚਣ ਵਾਲਿਆਂ ਵਿਚੋਂ ਕਈਆਂ ਦੀ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋਈ ਹੈ, ਕਈ ਹੋਰ ਤਰ੍ਹਾਂ ਦੀ ਔਖ ਮਹਿਸੂਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ 98 ਮੌਤਾਂ ਹੋ ਚੁੱਕੀਆਂ ਹਨ। ਬਟਾਲਾ ਨਗਰ ਨਿਗਮ ਦੇ ਠੇਕਾ ਮੁਲਾਜ਼ਮ ਤਿਲਕ ਰਾਜ ਨੇ ਦੱਸਿਆ ਕਿ ਸ਼ਰਾਬ ਪੀਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਨਜ਼ਰ ਹੀ ਨਹੀਂ ਆ ਰਿਹਾ। ਉਸ ਨੇ ਸ਼ਰਾਬ ਬਟਾਲਾ ਦੇ ਹਾਥੀ ਗੇਟ ਇਲਾਕੇ ਵਿਚੋਂ ਤ੍ਰਿਵੇਣੀ ਚੌਹਾਨ ਤੇ ਦਰਸ਼ਨਾ ਰਾਣੀ ਉਰਫ਼ ਫ਼ੌਜਣ ਕੋਲੋਂ 60 ਰੁਪਏ ਵਿਚ ਖ਼ਰੀਦੀ ਸੀ। ਉਸ ਨੇ ਦੱਸਿਆ ਕਿ ਪਰਿਵਾਰ ਤੁਰੰਤ ਡਾਕਟਰ ਕੋਲ ਲੈ ਗਿਆ ਤੇ ਉਹ ਬਚ ਗਿਆ। ਤਿਲਕ ਰਾਜ (50) ਨੇ ਕਿਹਾ ਕਿ ਵੈਸੇ ਹੁਣ ਉਹ ਠੀਕ ਮਹਿਸੂਸ ਕਰ ਰਿਹਾ ਹੈ ਪਰ ਨਜ਼ਰ ਨਹੀਂ ਵਧ ਰਹੀ। ਉਸ ਨੂੰ ਚੱਕਰ ਵੀ ਆ ਰਹੇ ਹਨ। ਬਟਾਲਾ ਦੇ ਹੀ ਰਹਿਣ ਵਾਲੇ ਅਜੈ ਕੁਮਾਰ (32) ਨੇ ਦੱਸਿਆ ਕਿ ਸ਼ਰਾਬ ਪੀਣ ਮਗਰੋਂ ਉਹ ਕੰਬਣ ਲੱਗ ਗਿਆ, ਹਾਲੇ ਵੀ ਕਮਜ਼ੋਰੀ ਹੈ। ਬਟਾਲਾ ਦੇ ਕਈ ਵਾਸੀਆਂ ਦਾ ਕਹਿਣਾ ਹੈ ਕਿ ਸ਼ਰਾਬ ਨਾਜਾਇਜ਼ ਢੰਗ ਨਾਲ ਸ਼ਰੇਆਮ ਹਾਥੀ ਗੇਟ ਇਲਾਕੇ ਵਿਚ ਵੇਚੀ ਜਾ ਰਹੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਅੰਮ੍ਰਿਤਸਰ ਦੇ ਮੁੱਛਲ ਪਿੰਡ ਦੇ ਇਕ ਵਾਸੀ ਨੇ ਵੀ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਮਗਰੋਂ ਚੰਗੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ। ਐਕਸਾਈਜ਼ ਅਧਿਕਾਰੀ ਸੰਕੇਤ ਕਰ ਰਹੇ ਹਨ ਕਿ ਸਪਿਰਿਟ ਵਿਚ ਅਦਲਾ-ਬਦਲੀ ਕਰ ਕੇ ਵੇਚੀ ਗਈ ਹੈ।