ਮਹਿਲ ਕਲਾਂ/ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਪਿੰਡ ਕੁਰੜ ਨਾਲ ਸਬੰਧਤ ਉੱਭਰਦੇ ਪੰਜਾਬੀ ਗੀਤਕਾਰ ਦੀ ਕੈਨੇਡਾ 'ਚ ਮੌਤ ਹੋਣ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਸਰਾਂ (30) ਪੁੱਤਰ ਬਲਵੀਰ ਸਿੰਘ ਵਾਸੀ ਕੁਰੜ ਸਵਾ ਕੁ ਸਾਲ ਪਹਿਲਾਂ ਆਪਣੇ ਸੁਪਨੇ ਪੂਰੇ ਕਰਨ ਲਈ ਰੋਜ਼ੀ ਰੋਟੀ ਦੀ ਭਾਲ 'ਚ ਆਪਣੀ ਪਤਨੀ ਕਿਰਨਪਾਲ ਕੌਰ ਸਮੇਤ ਅਡਮਿੰਟਨ, ਕੈਨੇਡਾ ਗਿਆ ਸੀ। ਕਿਰਨਪਾਲ ਕੌਰ ਇਸ ਵੇਲੇ ਸਟੱਡੀ ਵੀਜ਼ੇ 'ਤੇ ਹੈ ਜਦਿਕ ਗੁਰਿੰਦਰ ਸਿੰਘ ਕੋਲ ਕੈਨੇਡਾ ਦਾ ਵਰਕ ਪਰਮਿਟ ਸੀ। ਕੁਝ ਦਿਨ ਪਹਿਲਾਂ ਜਦੋਂ ਉਹ ਆਪਣੇ ਪਤਨੀ ਸਮੇਤ ਇਕ ਪੀਜ਼ਾ ਰੈਸਟੋਰੈਂਟ 'ਚ ਗਿਆ ਤਾਂ ਉਸ ਨੂੰ ਉੱਥੇ ਦਿਮਾਗ ਦਾ ਦੌਰਾ ਪੈ ਗਿਆ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਰਾਇਲ ਅਲੈਗਜ਼ੈਂਡਰ ਹਸਪਤਾਲ, ਐਡਮਿੰਟਨ ਵਿਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਪਰ ਉਹ ਜ਼ਿੰਦਗੀ 'ਤੇ ਮੌਤ ਦੀ ਲੜਾਈ ਲੜਦਾ ਹੋਇਆ 30 ਜੁਲਾਈ ਦੀ ਨੂੰ ਆਖ਼ਿਰ ਦਮ ਤੋੜ ਗਿਆ। ਉਸ ਦੇ ਦੋਸਤ ਕਿਰਨ ਸਿੱਧੂ ਅਨੁਸਾਰ ਨੌਜਵਾਨ ਗੁਰਿੰਦਰ ਸਿੰਘ ਦਾ ਸੁਪਨਾ ਸੀ ਕਿ ਉਹ ਜਲਦ ਭਾਰਤ ਜਾ ਕੇ ਆਪਣੇ ਮਾਤਾ ਪਿਤਾ ਨੂੰ ਮਿਲੇਗਾ, ਪਰ ਉਸ ਇਸ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਉਹ ਅਲਵਿਦਾ ਆਖ ਗਿਆ। ਹੁਣ ਉਹਨਾ ਵਲੋਂ ਗੁਰਿੰਦਰ ਸਿੰਘ ਕੁਰੜ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਲੋੜੀਂਦੇ ਫੰਡ ਜੁਟਾਏ ਜਾ ਰਹੇ ਹਨ ਤਾਂ ਉਸ ਦੇ ਮਾਤਾ ਪਿਤਾ ਆਪਣੇ ਇਕਲੌਤੇ ਪੁੱਤ ਦੀ ਆਖ਼ਰੀ ਝਲ਼ਕ ਦੇਖ ਸਕਣ। ਜ਼ਿਕਰਯੋਗ ਹੈ ਕਿ ਗੀਤਕਾਰ ਗੁਰਿੰਦਰ ਕੁਰੜ ਵਲੋਂ ਲਿਖੇ ਗੀਤ 'ਰੈੱਡ ਲੀਫ਼,ਸਰਦਾਰ' ਗਾਇਕ ਸਿੱਪੀ ਗਿੱਲ ਅਤੇ 'ਗੁੱਤ ਨਾਰ ਦੀ' ਗਾਇਕ ਕੁਲਵਿੰਦਰ ਬਿੱਲਾ ਦੀ ਆਵਾਜ਼ 'ਚ ਕਾਫ਼ੀ ਮਕਬੂਲ ਹੋਏ ਹਨ।