You are here

ਸ਼ੋ੍ਮਣੀ ਕਮੇਟੀ ਤੇ ਬਾਦਲ ਪਰਿਵਾਰ 'ਤੇ ਵਰ੍ਹੇ ਢੀਂਡਸਾ ਤੇ ਹਮਾਇਤੀ

ਸੰਗਰੂਰ, ਅਗਸਤ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਗੁਰੂ ਗ੍ੰਥ ਸਾਹਿਬ ਦੇ 267 ਸਰੂਪ ਘੱਟਣ ਕਾਰਨ ਪਸ਼ਚਾਤਾਪ ਕਰਨ ਲਈ ਸਮੁੱਚੇ ਪੰਜਾਬ ਅੰਦਰ ਅਖੰਡ ਪਾਠਾਂ ਦੀ ਲੜੀ ਦਾ ਆਰੰਭ ਕੀਤੀ ਗਈ ਹੈ। ਇਸ ਦੀ ਕੜੀ ਵਜੋਂ ਅੱਜ ਇਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗੁਰਦੁਆਰਾ ਗੁਰ ਸਾਗਰ ਮਸਤੂਆਣਾ ਸਾਹਿਬ ਵਿਖੇ ਪਾਏ ਗਏ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਸਾਬਕਾ ਐੱਮਪੀ ਬੀਬੀ ਪਰਮਜੀਤ ਕੌਰ ਗੁਲਸ਼ਨ, ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ, ਭਾਈ ਮੋਹਕਮ ਸਿੰਘ, ਸਾਬਕਾ ਸਪੀਕਰ ਬੀਰਦਵਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਬਲੰਵਤ ਸਿੰਘ ਰਾਮੂੰਵਾਲੀਆ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਐੱਮਐੱਲਏ ਰਣਜੀਤ ਸਿੰਘ ਤਲਵੰਡੀ, ਸਾਬਕਾ ਚੇਅਰਮੈਨ ਐੱਸਐੱਸ ਬੋਰਡ ਤੇਜਿੰਦਰਪਾਲ ਸਿੰਘ ਸੰਧੂੂ, ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ, ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ, ਸਾਬਕਾ ਏਐੱਮ ਗੁਰਬਚਨ ਸਿੰਘ ਬਚੀ, ਆਲ ਇੰਡੀਆ ਸਿੱਖ ਸਟੂਡੈਂਟਸ ਦੇ ਸਾਬਕਾ ਸੀਨੀਅਰ ਆਗੂ ਸਰਬਜੀਤ ਸਿੰਘ ਸੋਹਲ, ਜਸਵੀਰ ਸਿੰਘ ਘੁੰਮਣ, ਗੁਰਸੇਵਕ ਸਿੰਘ ਹਰਪਾਲ, ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ ਸਮੇਤ ਸੰਗਤ ਵੀ ਸ਼ਾਮਲ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪ ਘੱਟਣ ਤੇ ਕਈ ਥਾਵਾਂ 'ਤੇ ਅਗਨ ਭੇਟ ਹੋਣ ਕਾਰਨ ਹਰ ਸਿੱਖ ਦੇ ਹਿਰਦੇ ਵਲੂੰਧਰੇ ਗਏੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਹੀ ਸੰਗਤ ਨੂੰ ਜਾਣਕਾਰੀ ਦਿੱਤੀ ਤੇ ਨਾ ਹੀ ਕੋਈ ਜਾਂਚ ਕਰਵਾਈ ਅਤੇ ਨਾ ਹੀ ਪਸ਼ਚਾਤਾਪ ਕੀਤਾ, ਜੋ ਸਾਰੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਬਣਦੀ ਸੀ। ਇਨ੍ਹਾਂ ਦੁਖਦਾਈ ਘਟਨਾਵਾਂ ਪ੍ਰਤੀ ਲਾਪਰਵਾਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਤੇ ਉਨ੍ਹਾਂ ਦੇ ਆਕਾਵਾਂ ਦੀ ਸ਼ੱਕੀ ਭੂਮਿਕਾ ਜੱਗ ਜ਼ਾਹਰ ਕਰਦੀ ਹੈ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਸੰਗਤ ਨੂੰ ਬਕਾਇਦਾ ਅਪੀਲ ਕੀਤੀ ਸੀ ਕਿ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਆਪੋ ਆਪਣੇ ਘਰਾਂ ਵਿਚ ਰਹਿ ਕੇ ਹੀ ਪਸ਼ਚਾਤਾਪ ਦੀ ਅਰਦਾਸ ਕੀਤੀ ਜਾਵੇ। ਢੀਂਡਸਾ ਨੇ ਕਿਹਾ ਕਿ ਪਸ਼ਚਾਤਾਪ ਲਈ ਅਰਦਾਸ ਕਰਨ ਵਾਸਤੇ ਅਖੰਡ ਪਾਠਾਂ ਦੇ ਭੋਗ 8 ਅਗਸਤ ਨੂੰ ਹੁਸ਼ਿਆਰਪੁਰ ਵਿਖੇ ਅਤੇ 17 ਅਗਸਤ ਨੂੰ ਗੁਰਦਾਸਪੁਰ ਵਿਖੇ ਪਾਏ ਜਾਣਗੇ। ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਖ਼ਾਲਸਾ ਪੰਥ ਦੀ ਆਨ ਤੇ ਸ਼ਾਨ ਨੂੰ ਬਚਾਉਣ ਲਈ ਸਿੱਖ ਸੰਗਤ ਨੂੰ ਬਾਦਲ ਪਰਿਵਾਰ ਨੂੰ ਹਰ ਹਾਲਾਤ ਵਿਚ ਲਾਂਭੇ ਕਰਨਾ ਪਵੇਗਾ। ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸਿੱਖ ਸਿਧਾਂਤਾਂ ਤੇ ਰਵਾਇਤਾਂ ਨੂੰ ਬਚਾਉਣਾ ਸਮੇਂ ਦੀ ਲੋੜ ਹੈ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਕਿਹਾ ਕਿ ਸ਼੍ਰੋਮਣੀ ਕਮੇਟੀ ਹੁਣ ਤਕ ਗੁਰੂ ਗ੍ੰਥ ਸਾਹਿਬ ਦੀ ਅਜਮੱਤ ਨੂੰ ਸੰਭਾਲਣ ਵਿਚ ਫੇਲ੍ਹ ਸਾਬਤ ਹੋਈ ਹੈ।