ਮਹਿਲ ਕਲਾਂ /ਬਰਨਾਲਾ-ਜੁਲਾਈ 2020 (ਗੁਰਸੇਵਕ ਸਿੰਘ ਸੋਹੀ)- ਸ਼੍ਰੋਮਣੀ ਅਕਾਲੀ ਦਲ (ਬਾਦਲ)ਦੇ ਸੀਨੀਅਰ ਆਗੂ ਉੱਘੇ ਸਮਾਜ ਸੇਵੀ ਤੇ ਐੱਨ ਆਰ ਆਈ ਦਵਿੰਦਰ ਸਿੰਘ ਬੀਹਲਾ ਨੇ ਅੱਜ ਪ੍ਰੈਸ ਨੋਟ ਜਾਰੀ ਕਰਨ ਸਮੇਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਲਏ ਗਏ ਫੰਡਾਂ ਦਾ ਹਿਸਾਬ ਹੁਣ ਐੱਨ ਆਰ ਆਈ ਭਰਾ ਰਲ ਕੇ ਲੈਣਗੇ । ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਫੰਡਾਂ ਦੇ ਹਿਸਾਬ ਕਿਤਾਬ ਲਈ ਇੱਕ ਵੈੱਬਸਾਈਟ ਬਣਾਉਣ ਨੂੰ ਕਿਹਾ ਸੀ , ਜੋ ਅੱਜ ਤੱਕ ਨਹੀਂ ਬਣੀ । ਜਿਸ ਕਾਰਨ ਵਿਦੇਸ਼ਾਂ ਵਿੱਚੋਂ ਆਇਆ ਅਰਬਾਂ ਕਰੋੜਾਂ ਅਰਬਾਂ ਦਾ ਹਿਸਾਬ ਕਿਤਾਬ ਆਮ ਜਨਤਾ ਨੂੰ ਨਹੀਂ ਦੱਸਿਆ ਗਿਆ ਹੈ । ਆਖਰ ਇਹ ਏਨਾ ਪੈਸਾ ਕਿੱਥੇ ਗਿਆ ? ਜਦ ਕਿ ਪੰਜਾਬ ਚ' ਕੋਈ ਵੀ ਪੈਸਾ ਨਹੀਂ ਆਇਆ । ਜਿਸ ਦਾ ਹਿਸਾਬ ਕਿਤਾਬ ਲੈਣ ਦੇ ਲਈ ਸਮੁੱਚੇ ਐਨ ਆਰ ਆਈ ਮਾਣਯੋਗ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਉਣ ਜਾ ਰਹੇ ਹਨ । ਬੀਹਲਾ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਇਹ ਦੱਸਣ ਕਿੱਥੇ ਹਨ ਵੈਨਕੂਵਰ ਵਾਲੇ ਡਾਲਰ ਅਤੇ ਹੋਰਨਾਂ ਬਾਹਰਲੇ ਮੁਲਕਾਂ ਵਿੱਚੋਂ ਆਇਆ ਪੈਸਾ ? ਦਵਿੰਦਰ ਬੀਹਲਾ ਨੇ ਕਿਹਾ ਕਿ ਐਨ ਆਰ ਆਈ ਚਾਰ ਤਰ੍ਹਾਂ ਠੱਗੇ ਗਏ ਹਨ । ਸਭ ਤੋਂ ਪਹਿਲਾਂ ਤਾਂ ਦਿੱਲੀ ਦੀ ਟੀਮ ਵੱਲੋਂ ਚਲਾਈ ਗਈ ਆਨਲਾਈਨ ਫੰਡ ਸਕੀਮ, ਦੂਜਾ ਭਗਵੰਤ ਮਾਨ ਅਤੇ ਹੋਰ ਠੱਗਾਂ ਵੱਲੋਂ ਵਿਦੇਸ਼ਾਂ ਚ ਜਾ ਕੇ ਪੈਸੇ ਇਕੱਠੇ ਕੀਤੇ ਗਏ ,ਤੀਸਰਾ ਐਮ ਐਲ ਏ ਉਮੀਦਵਾਰਾਂ ਨੂੰ ਪੈਸੇ ਭੇਜਣੇ ਅਤੇ ਚੌਥਾ ਖੁਦ ਜਹਾਜ਼ ਦੀ ਟਿਕਟ ਲੈ ਕੇ ਆਪਣੇ ਬੱਚਿਆਂ ਤੋਂ ਦੂਰ ਕਾਰੋਬਾਰ ਛੱਡ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਇਨ੍ਹਾਂ ਦੀਆਂ ਚੋਣਾਂ ਵਿੱਚ ਪੈਸੇ ਆਪਣੀ ਜੇਬ ਚੋਂ ਖਰਚ ਕੇ ਮੁਹਿੰਮ ਨੂੰ ਅੱਗੇ ਤੋਰਿਆ ।ਇਨ੍ਹਾਂ ਸਭ ਗੱਲਾਂ ਦਾ ਪੂਰਾ ਹਿਸਾਬ ਕਿਤਾਬ ਪਰੂਫਾਂ ਸਮੇਤ ਹੋਵੇਗਾ । ਆਮ ਆਦਮੀ ਪਾਰਟੀ ਤੇ ਵਰਦੇ ਹੋਏ ਬੀਹਲਾ ਨੇ ਕਿਹਾ ਕਿ "ਆਪ "ਦੇ ਆਗੂ ਇੰਨਕਲਾਬ ਲਿਆਉਣ ਦੀ ਗੱਲ ਕਰਦੇ ਸਨ। ਪਰ ਇਨ੍ਹਾਂ ਦੇ ਜਿੱਤਣ ਤੋਂ ਬਾਅਦ ਸਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ ਇਨਕਲਾਬ ਤਾਂ ਨਹੀਂ ਆਇਆ ਪ੍ਰੰਤੂ ਇਨ੍ਹਾਂ ਦੇ MLAs ਦਾ ਇਨਕਲਾਬ ਜ਼ਰੂਰ ਆਇਆ ਹੈ । ਜਿਨ੍ਹਾਂ ਦੇ ਮੋਟਰਸਾਈਕਲ ਕਿਸ਼ਤਾਂ ਤੇ ਸਨ ਅੱਜ ਉਹ ਦੋ ਮੰਜ਼ਿਲਾਂ ਕੋਠੀਆਂ ਪਾ ਕੇ ਬੈਠ ਗਏ ਹਨ । ਕੁਝ ਨੇ ਤਾਂ ਪੈਂਤੀ ਲੱਖ ਰੁਪਏ ਦੀ ਵੱਡੀ ਕੀਮਤ ਵਾਲੀ ਗੱਡੀ ਲੈ ਕੇ ਢਾਈ ਢਾਈ ਲੱਖ ਦੇ ਵੀਆਈਪੀ ਨੰਬਰ ਵੀ ਲਗਾਏ ਹਨ ।