ਚੰਡੀਗੜ੍ਹ, ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਪੰਜਾਬ ਵਿਚ ਐਤਵਾਰ ਨੂੰ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਦਸ ਹਜ਼ਾਰ ਨੂੰ ਪਾਰ ਕਰ ਗਈ ਹੈ। ਹਾਲਾਂਕਿ ਇਨ੍ਹਾਂ ਵਿੱਚੋਂ ਸਰਗਰਮ ਕੇਸ 3396 ਹੀ ਹਨ। 6535 ਸਿਹਤਯਾਬ ਹੋ ਚੁੱਕੇ ਹਨ ਜਦਕਿ 250 ਦੀ ਮੌਤ ਹੋ ਗਈ ਹੈ। ਐਤਵਾਰ ਨੂੰ ਬੀ ਜੇ ਪੀ ਦੇ ਸੂਬਾ ਖਜ਼ਾਨਚੀ ਗੁਰੂਦੇਵ ਸ਼ਰਮਾ ਦੇਬੀ ਸਮੇਤ 337 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਉਹ ਇਕ ਹਫ਼ਤੇ ਤੋਂ ਬਿਮਾਰ ਚੱਲ ਰਹੇ ਹਨ। ਪਟਿਆਲਾ ਵਿਚ ਸਭ ਤੋਂ ਜ਼ਿਆਦਾ 80, ਲੁਧਿਆਣਾ ਵਿਚ 76, ਜਲੰਧਰ ਵਿਚ 50, ਅੰਮ੍ਰਿਤਸਰ ਵਿਚ 28, ਮੋਹਾਲੀ 'ਚ 22, ਸੰਗਰੂਰ ਵਿਚ 19 ਅਤੇ ਫ਼ਤਹਿਗੜ੍ਹ ਸਾਹਿਬ ਵਿਚ 18, ਜਦਕਿ ਹੋਰ ਜ਼ਿਲ੍ਹਿਆਂ ਵਿਚ 45 ਮਾਮਲੇ ਆਏ। ਹੁਣ ਸਿਰਫ਼ 16 ਦਿਨ ਵਿਚ ਹੀ ਪੰਜ ਹਜ਼ਾਰ ਤੋਂ ਜ਼ਿਆਦਾ ਕੇਸ ਆ ਗਏ ਹਨ। ਪਾਜ਼ੇਟਿਵ ਮਾਮਲੇ ਆਉਣ ਦੀ ਰਫ਼ਤਾਰ ਅੱਠ ਗੁਣਾ ਵੱਧ ਗਈ ਹੈ। ਦੂਜੇ ਪਾਸੇ, ਐਤਵਾਰ ਨੂੰ ਲੁਧਿਆਣਾ ਵਿਚ ਇਕ ਔਰਤ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਇਨ੍ਹਾਂ 'ਚ ਇਕ 72 ਸਾਲਾ ਔਰਤ, 50 ਸਾਲਾ, 46 ਸਾਲਾ ਅਤੇ 55 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 60 ਸਾਲਾ ਵਿਅਕਤੀ ਤੇ ਮੋਹਾਲੀ 'ਚ 82 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪਾਜ਼ੇਟਿਵ ਆਉਣ ਵਾਲਿਆਂ ਵਿਚ ਫਾਜ਼ਿਲਕਾ ਦੇ ਦੋ ਬੀਐੱਸਐੱਫ ਜਵਾਨ ਤੇ ਸੰਗਰੂਰ ਜ਼ਿਲ੍ਹੇ ਦੇ ਦੋ ਐੱਸਐੱਚਓ ਵੀ ਸ਼ਾਮਲ ਹਨ।