ਸਿਆਣੇ ਕਹਿੰਦੇ ਨੇ ਕਿ ਜਦੋਂ ਇੱਕੋ ਪਰਿਵਾਰ ਦੇ ਦੋ ਲੋਕਾਂ ਦੀ ਲੜਾਈ ਕੋਰਟ ਕਚਿਹਰੀਆਂ ਵਿੱਚ ਪੁੱਜਦੀ ਹੈ।ਤਾਂ ਬਦਨਾਮੀ ਜਿੱਤਣ ਅਤੇ ਹਾਰਨ ਵਾਲੇ ਦੀ ਇਕ ਬਰਾਬਰ ਹੀ ਹੁੰਦੀ ਹੈ।ਇਸੇ ਤਰ੍ਹਾਂ ਸਿਆਸਤ ਦੀ ਦੁਨੀਆ ਆਮ ਦੁਨੀਆ ਨਾਲੋ ਬਿਲਕੁਲ ਵੱਖਰੀ ਹੈ।ਆਮ ਵਿਅਕਤੀ ਨੂੰ ਇਹ ਦੁਨੀਆ ਇਸ ਤਰਾਂ ਲੱਗਦੀ ਹੈ ਜਿਵੇਂ ਉਹ ਕਿਸੇ ਅਣਜਾਣ ਸ਼ਹਿਰ ਵਿੱਚ ਗੁਆਚ ਗਿਆ ਹੋਵੇ।ਸਿਆਸਤੀ ਦੁਨੀਆ ਅਜਿਹੀ ਹੈ ਕਿ ਜਿੱਥੇ ਖੂਨ, ਯਾਰੀ, ਰਿਸ਼ਤੇਦਾਰੀ ਅਤੇ ਸਾਧਾਰਨ ਮਿੱਤਰਤਾ ਸਭ ਇਕ ਬਰਾਬਰ ਹਨ। ਇਥੇ ਜੋ ਦੋ ਪਲ ਪਹਿਲੇ ਦਿਖਾਈ ਦਿੰਦਾ ਹੈ ਦੋ ਪਲ ਬਾਅਦ ਉਹ ਨਹੀਂ ਰਹਿੰਦਾ।ਕੁਰਸੀ ਦਾ ਮੋਹ ਤਾਂ ਇਹਨਾਂ ਲੀਡਰਾਂ ਨੂੰ ਐਸਾ ਹੈ ਕਿ ਜੇਕਰ ਇੰਨਾ ਨੂੰ ਜੰਗਲ ਵਿੱਚ ਵੀ ਮਿਲਜੇ ਤਾਂ ਇਹ ਉਥੇ ਹੀ ਡੇਰੇ ਲਾ ਲੈਣ। ਬਸ ਇਹੀ ਹਾਲ ਅੱਜ-ਕੱਲ੍ਹ ਸਾਡੇ ਪੰਜਾਬ ਦੀ ਸਿਆਸਤ ਦਾ ਹੈ, ਜਿੱਥੇ ਲੜਾਈ ਸਿਰਫ ਔਰ ਸਿਰਫ ਚੌਧਰ ਅਤੇ ਕੁਰਸੀ ਦੀ ਹੀ ਹੈ।ਪਿਛਲੇ ਦਿਨੀਂ ਪੰਜਾਬ ਦੀ ਸਬਤੋਂ ਬਜੁਰਗ ਪਾਰਟੀ ਅਤੇ ਦੇਸ਼ ਦੀ ਦੂਜੀ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਆਪਣਾ 100ਵਾਂ ਬਰਥਡੇ ਮਨਾ ਕੇ ਹਟੀ ਸੀ।"ਕੱਲਾ ਬਰਥਡੇ" ਹੈਪੀ ਇਸ ਲਈ ਨਹੀਂ ਕਿਉਂਕਿ ਅਕਾਲੀ ਦਲ ਲਈ ਇਹ ਸਮਾਂ ਜਿਆਦਾ ਖੁਸ਼ੀ ਭਰਿਆ ਨਹੀਂ ਬੀਤ ਰਿਹਾ।ਵੈਸੇ ਤਾਂ ਇਸ 2020 ਨੇ ਪੂਰੀ ਦੁਨੀਆ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਹੈ ਕਰੋਨਾ ਵਾਇਰਸ ਕਾਰਨ, ਪਰੰਤੂ ਅਕਾਲੀ ਦਲ ਨੂੰ ਕਰੋਨਾ ਵਾਇਰਸ ਤੋਂ ਜਿਆਦਾ ਕੁਝ ਆਪਣੇ ਹੀ ਲੀਡਰ ਸਾਹਿਬਾਨਾਂ ਨੇ ਝੰਜੋੜਿਆ ਹੋਇਆ ਹੈ। ਜੋ ਕਿ ਆਏ ਦਿਨ ਨਵੇਂ ਹੀ ਬੋਲ ਕੱਢ ਰਹੇ ਹਨ। ਪਹਿਲਾਂ ਬਾਦਲ ਸਾਬ੍ਹ ਤੋਂ ਬਾਅਦ ਅਕਾਲੀ ਦਲ ਦੇ ਦੂਜੇ ਸਭ ਤੋਂ ਬਜ਼ੁਰਗ ਸਿਆਸਤਦਾਨ ਸ:ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਅਜਨਾਲਾ ਸਾਬ੍ਹ ਨੇ ਪਾਰਟੀ ਤੋਂ ਕਿਨਾਰਾ ਕੀਤਾ। ਇਹ ਤਿੰਨੇ ਚਿਹਰੇ ਮਾਝੇ ਤੋਂ ਆਉਂਦੇ ਹਨ, ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਸੀ। ਪਰੰਤੂ 2017 ਦੇ ਇਲੈਕਸ਼ਨ ਵਿੱਚ ਮਾਝੇ ਦੀਆਂ 25 ਵਿਧਾਨ ਸਭਾ ਸੀਟਾਂ ਵਿੱਚ ਅਕਾਲੀ ਦਲ ਨੂੰ ਸਿਰਫ 3 ਸੀਟਾ ਹੀ ਮਿਲੀਆਂ।ਹੁਣ ਇੰਨੀ ਵੱਡੀ ਹਾਰ ਨੂੰ ਨਾ ਸਹਾਰਦੇ ਹੋਏ।ਆਪਣੇ ਆਪ ਨੂੰ ਮਾਝੇ ਦੇ ਜਰਨੈਲ ਕਹਾਉਣ ਵਾਲੇ ਸ: ਰਣਜੀਤ ਸਿੰਘ ਬ੍ਰਹਮਪੁਰਾ ਅਤੇ ਬਿਕਰਮਜੀਤ ਮਜੀਠੀਆ ਵਿੱਚ ਅੰਦਰ ਖਾਤੇ ਤਲਖ਼ੀ ਵੱਧੀ ਜੋ ਕਿ ਸੁਭਾਵਿਕ ਵੀ ਸੀ ਕਿਉਂਕਿ ਕੋਈ ਵੀ ਹਾਰ ਦਾ ਸਿਹਰਾ ਆਪਣੇ ਸਿਰ ਨਹੀਂ ਸੀ ਲੈਣਾ ਚਾਹੁੰਦਾ। ਹਾਂ ਜਿੱਤ ਜਾਂਦੇ ਤਾਂ ਸਿਹਰਾ ਕੋਈ ਵੀ ਲੈ ਸਕਦਾ ਸੀ।ਜਦੋਂ ਇਹ ਮਾਮਲਾ ਭੱਖਦਾ-ਭੱਖਦਾ ਇੰਨਾ ਤੱਪ ਗਿਆ ਕਿ ਇਸਦੇ ਸੁਲਝਣ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹੀ। ਤਾਂ ਬ੍ਰਹਮਪੁਰਾ ਸਾਬ੍ਹ ਨੇ ਆਪਣਾ ਅਲੱਗ ਘਰ ਵਸਾਉਣਾ ਹੀ ਬਿਹਤਰ ਸਮਝਿਆ ਅਤੇ ਇਸੇ ਦੇ ਚੱਲਦਿਆਂ ਉਹਨਾਂ ਨੇ ਆਪਣੇ ਕੁਝ ਲੀਡਰਾਂ ਅਤੇ ਸਮਰਥਕਾਂ ਨੂੰ ਲਾਮਬੰਦ ਕਰਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾ ਲਿਆ। ਫਿਰ ਇਸੇ ਲੜੀ ਤਹਿਤ ਪੰਜਾਬ ਤੋਂ ਲੈਕੇ ਦਿੱਲੀ ਤੱਕ ਅਕਾਲੀ ਦਲ ਨੂੰ ਝਟਕੇ ਲੱਗਣੇ ਸ਼ੁਰੂ ਹੋ ਗਏ। ਫਿਰ ਵਾਰੀ ਆਈ ਮਾਲਵੇ ਤੋਂ ਪਾਰਟੀ ਦੇ ਵੱਡੇ ਨੇਤਾ ਸ:ਸੁਖਦੇਵ ਸਿੰਘ ਢੀਂਡਸਾ ਦੀ ਜਿੰਨਾ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਬਗਾਵਤ ਦਾ ਝੰਡਾ ਚੁੱਕ ਲਿਆ।ਜਦੋਂ ਉਹਨਾਂ ਨੇ ਸ਼ਰੇਆਮ ਹੀ ਪਾਰਟੀ ਪ੍ਰਧਾਨ ਖਿਲਾਫ ਬਿਆਨਬਾਜੀ ਸ਼ੁਰੂ ਕਰ ਦਿੱਤੀ ਤਾਂ ਦੇਖਦੇ ਹੀ ਦੇਖਦੇ ਉਹਨਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਫਾਰਗ ਕਰ ਦਿੱਤਾ ਗਿਆ।ਪਰੰਤੂ ਉਨ੍ਹਾਂ ਦੇ ਫਰਜੰਦ ਪਰਮਿੰਦਰ ਢੀਂਡਸਾ ਨੇ ਆਪਣੇ ਬਾਪੂ ਦੀ ਹਦਾਇਤ ਨੂੰ ਨਾ ਮੰਨਦੇ ਹੋਏ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਪਾਰਲੀਮੈਂਟ ਸੀਟ ਲੜੀ। ਜੋ ਕਿ ਉਹ ਹਾਰੇ ਅਤੇ ਤੀਜੇ ਨੰਬਰ ਤੇ ਆਏ। ਉਸਤੋਂ ਬਾਅਦ ਕੁਜ਼- ਕੁ-ਸਮਾਂ ਬੀਤਣ ਮਗਰੋਂ ਉਹ ਵੀ ਖੁਲ ਕੇ ਪਾਰਟੀ ਲੀਡਰਸ਼ਿਪ ਖਿਲਾਫ ਬੋਲਣ ਲੱਗੇ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਨਾਮੰਜ਼ੂਰ ਕਰ ਦਿੱਤਾ।ਪਾਰਟੀ ਛੱਡਣ ਤੋਂ ਬਾਅਦ ਇੰਨਾ ਸਾਰੇ ਹੀ ਅਕਾਲੀ ਲੀਡਰ ਸਾਹਿਬਾਨਾਂ ਦਾ ਕਹਿਣਾ ਸੀ ਕਿ ਪਾਰਟੀ ਦੀ ਅਗਵਾਈ ਹੁਣ ਯੋਗ ਹੱਥਾਂ ਵਿੱਚ ਨਹੀਂ ਹੈ। ਦੂਸਰਾ ਬੇਅਦਬੀ ਸਿੱਖਾਂ ਦਾ ਇੱਕ ਐਸਾ ਭਾਵਨਾਤਮਕ ਮਸਲਾ ਹੈ ਕਿ ਹੁਣ ਇਸ ਪਾਸੋਂ ਹਰ ਇੱਕ ਵੱਡਾ ਅਕਾਲੀ ਲੀਡਰ ਖਹਿੜਾ ਛੁਡਾਉਣ ਚਾਹੁੰਦਾ ਹੈ।ਹੁਣ ਅਕਾਲੀ ਦਲ ਦਾ ਵੋਟ ਬੈਂਕ ਤਾਂ ਸਾਰੇ ਹੀ ਹਥਿਆਉਣਾ ਚਾਹੁੰਦੇ ਹਨ ਪਰੰਤੂ ਇਹ ਬਾਗੀ ਲੀਡਰ ਇਹ ਸੋਚਦੇ ਹਨ ਕਿ ਜਦੋਂ ਇਹ ਲੋਕਾਂ ਵਿੱਚ ਜਾਣ ਤਾਂ ਕੋਈ ਵੀ ਇਹਨਾਂ ਨੂੰ ਇਹ ਨਾਂ ਕਹੇ ਕਿ ਤੁਸੀ ਉਹੀ ਅਕਾਲੀ ਹੋ ਜਿੰਨਾ ਦੀ ਸਰਕਾਰ ਮੌਕੇ ਬੇਅਦਬੀ ਵਰਗਾ ਦੁਖਦ ਕਾਂਡ ਹੋਇਆ।ਜਦਕਿ ਬੇਅਦਬੀ ਕਾਂਡ ਤੋਂ ਬਾਅਦ ਲਗਭਗ ਡੇਢ ਸਾਲ ਤੱਕ ਅਕਾਲੀ/ਭਾਜਪਾ ਸਰਕਾਰ ਰਹੀ।ਪ੍ਰੰਤੂ ਉਦੋਂ ਇੰਨਾ ਵਿੱਚੋ ਕੋਈ ਵੀ ਲੀਡਰ ਨਹੀਂ ਬੋਲਿਆ ਕਿਉਂਕਿ ਸਾਰੇ ਆਪੋ ਆਪਣੇ ਉਚ ਅਹੁਦਿਆਂ ਦਾ ਲੁਤਫ ਉਠਾ ਰਹੇ ਸੀ।ਇਹ ਤਾਂ ਉਹੀ ਗੱਲ ਆ ਕਿ "ਖਾਣ-ਪੀਣ ਨੂੰ ਸਾਰੇ ਤੇ ਭਾਂਡੇ ਧੋਣ ਨੂੰ ਮੈਂ ਨੀਂ" ਜਦੋਂ ਲੋਕਾਂ ਦਾ ਵਿਰੋਧ ਝੱਲਣਾ ਪੈ ਰਿਹਾ ਸੀ ਤਾਂ ਸਾਰੇ ਆਪੋ ਆਪਣੇ ਢੰਗ ਤਰੀਕੇ ਨਾਲ ਬੱਚਕੇ ਨਿਕਲਣ ਲੱਗੇ।ਹੁਣ ਪਿਛਲੇ ਦਿਨੀਂ ਢੀਂਡਸਾ ਸਾਬ੍ਹ ਨੇ ਆਪਣੇ ਸਮਰਥੱਕਾਂ ਨੂੰ ਨਾਲ ਲੈਕੇ ਨਵੀਂ ਪਾਰਟੀ ਬਣਾਈ।ਜਿਸਦਾ ਨਾਮ ਫਿਰਤੋਂ ਪੁਰਾਣੀ ਪਾਰਟੀ ਵਾਲਾ ਸ਼੍ਰੋਮਣੀ ਅਕਾਲੀ ਦਲ ਹੀ ਰੱਖਿਆ ਅਤੇ ਨਾਲ ਹੀ ਪਾਰਟੀ ਚੋਣ ਨਿਸ਼ਾਨ ਤੱਕੜੀ ਉਪਰ ਵੀ ਆਪਣਾ ਦਾਅਵਾ ਠੋਕ ਦਿੱਤਾ ਹੈ।ਚਲੋ! ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਤੱਕੜੀ ਕਿਸ ਦੇ ਹਿੱਸੇ ਆਵੇਗੀ।ਇਥੇ ਹੁਣ ਜਿਕਰਯੋਗ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਯੂਨਿਟ ਨੇ ਢੀਂਡਸਾ ਵਿਰੁੱਧ ਆਪਣਾ ਹਲਫੀਆ ਬਿਆਨ ਕੋਰਟ ਵਿੱਚ ਦਰਜ ਕਰਾਉਣ ਦੀ ਗੱਲ ਆਖ ਦਿੱਤੀ ਹੈ।ਜੋ ਕਿ ਪਾਰਟੀ ਦਾ ਨਾਂ ਅਤੇ ਚਿੰਨ੍ਹ ਦੀ ਦੁਰਵਰਤੋਂ ਕਰਨ ਉਪਰ ਆਧਾਰਿਤ ਹੈ।ਜਿਸ ਤੇ ਢੀਂਡਸਾ ਨੇ ਵੀ ਇਸ ਮਸਲੇ ਉਤੇ ਕਾਨੂੰਨੀ ਲੜਾਈ ਲੜਨ ਦੀ ਗੱਲ ਕਹੀ ਹੈ।ਪ੍ਰੰਤੂ ਇੱਥੇ ਹੁਣ ਆਮ ਲੋਕਾਂ ਦੀ ਚਿੰਤਾ ਦਾ ਵਿਸ਼ਾ ਇਹ ਹੈ, ਕੀ ਸਿਆਸਤਦਾਨ ਹੁਣ ਲੋਕਾਂ ਦੇ ਹੱਕਾਂ ਲਈ ਲੜਨ ਦੀ ਥਾਂ ਚੋਣ ਨਿਸ਼ਾਨਾਂ ਪਿੱਛੇ ਲੜਨਗੇ?ਜੇਕਰ ਵਿਰੋਧੀ ਧਿਰਾਂ ਇੱਕ-ਦੂਜੀ ਨਾਲ ਕੋਰਟ ਕਚਹਿਰੀਆਂ ਵਿੱਚ ਉਲਝਦੀਆਂ ਫੀਰਨਗੀਆਂ ਤਾਂ ਸਰਕਾਰ ਦੇ ਜਨਤਾ ਵਿਰੋਧੀ ਅਤੇ ਚੰਗੇ ਮਾੜੇ ਕੰਮਾਂ ਉਪਰ ਨਜ਼ਰ ਕੌਣ ਰੱਖੇਗਾ।ਇਸ ਪਾਸੋਂ ਇੱਕ ਹੋਰ ਗੱਲ ਵੀ ਨਿਕਲਕੇ ਸਾਹਮਣੇ ਆਉਂਦੀ ਹੈ ਕਿ ਹੁਣ ਸਿਆਸੀ ਧੀਰਾਂ ਜਾਂ ਸਿਆਸਤਦਾਨਾਂ ਦਾ ਮੁੱਖ ਮੰਤਵ ਸਿਰਫ ਚੋਣ ਲੜਨਾ ਹੀ ਰਹਿ ਗਿਆ ਹੈ।ਕੀ ਆਮ ਲੋਕਾਂ ਦੇ ਮੁੱਦੇ ਇਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੇ? ਆਮ ਵਰਗ ਦੀ ਮੁੱਖ ਮੰਗ ਅਤੇ ਜਰੂਰਤ ਹੈ ਚੰਗੀ ਸਿੱਖਿਆ ਅਤੇ ਰੁਜ਼ਗਾਰ।ਅੱਜ ਕਿਸਾਨ,ਗਰੀਬ, ਮਿਡਲਕਲਾਸ ਵਰਗ ਫਾਹੇ ਲੈਕੇ ਮਰ ਰਿਹਾ ਹੈ। ਇਹ ਇੰਨੇ ਵੱਡੇ-ਵੱਡੇ ਮਸਲੇ ਸੁਲਝਾਉਣ ਦੀ ਥਾਂ ਕੀ ਲੋਕ ਹੁਣ ਇਹਨਾਂ ਲੀਡਰਾਂ ਦੇ ਪਾਰਟੀ ਨਾਵਾਂ ਅਤੇ ਚੁਣਾਵੀ ਚਿੰਨ੍ਹਾ ਦੀ ਲੜਾਈ ਦੇਖਣ ਜੋਗੇ ਹੀ ਰਹਿ ਜਾਣਗੇ।ਭਾਵੇਂ ਚੋਣ ਨਿਸ਼ਾਨ ਸੰਗਮਰਮਰ ਤੋਂ ਵੀ ਵੱਧ ਸਫੇਦ ਹੋਵੇ ਜੇਕਰ ਤੁਹਾਡੇ ਕੰਮ ਕੋਲੇ ਤੋਂ ਵੀ ਕਾਲੇ ਹਨ ਤਾਂ ਲੋਕ ਤੁਹਾਡੇ ਉਪਰ ਭਰੋਸਾ ਕਰਕੇ ਵੋਟ ਕਿਵੇਂ ਪਾਉਣਗੇ।ਇਸੇ ਲਈ ਮੇਰੀ ਸਾਡੇ ਸੂਝਵਾਨ ਸਿਆਸਤਦਾਨਾਂ ਨੂੰ ਬੇਨਤੀ ਹੈ ਕਿ ਚੋਣ ਨਿਸ਼ਾਨ ਦੀ ਲੜਾਈ ਦੀ ਜਗ੍ਹਾ ਲੋਕਾਂ ਦੇ ਹੱਕਾਂ ਲਈ ਲੜਾਈ ਕਰੋ।ਤਾਂ ਹੋ ਸਕਦਾ ਲੋਕ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਉੱਪਰ ਵਿਸ਼ਵਾਸ ਕਰ ਲੈਣ।
ਲੇਖਕ:- ਰਣਜੀਤ ਸਿੰਘ ਹਿਟਲਰ
ਫਿਰੋਜ਼ਪੁਰ, ਪੰਜਾਬ।
ਮੋ:ਨੰ:-7901729507