You are here

ਡੀ ਸੀ ਦੇ ਪਰਿਵਾਰ ਦੇ ਛੇ ਮੈਂਬਰਾਂ ਸਮੇਤ 214 ਪਾਜ਼ੇਟਿਵ, ਮਰਨ ਵਾਲਿਆਂ ਦਾ ਕੁਲ ਅੰਕੜਾ 188 ਹੋਇਆ

ਚੰਡੀਗੜ੍ਹ , ਜੁਲਾਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਰੂਪਨਗਰ ਦੀ ਡਿਪਟੀ ਕਮਿਸ਼ਨਰ ਦੇ ਪਰਿਵਾਰ ਦੇ ਛੇ ਮੈਂਬਰਾਂ ਸਮੇਤ ਸੂਬੇ 'ਚ 214 ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੌਰਾਨ ਸੂਬੇ 'ਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਮਰਨ ਵਾਲਿਆਂ ਦਾ ਕੁਲ ਅੰਕੜਾ 188 'ਤੇ ਪੁੱਜ ਗਿਆ ਹੈ। ਮਰਨ ਵਾਲਿਆਂ ਵਿਚ ਅੰਮ੍ਰਿਤਸਰ ਦੇ 72 ਸਾਲਾ ਅਤੇ 48 ਸਾਲਾ ਵਿਅਕਤੀ ਸ਼ਾਮਲ ਹਨ। ਦੂਜੇ ਪਾਸੇ ਜਲੰਧਰ ਵਿਚ ਫ਼ੌਜ ਦੇ 17 ਜਵਾਨਾਂ ਅਤੇ ਇਕ ਆਈਏਐੱਸ ਅਫਸਰ ਸਮੇਤ ਸੂਬੇ ਵਿਚ 182 ਨਵੇਂ ਪਾਜ਼ੇਟਿਵ ਕੇਸ ਆਏ। ਰੂਪਨਗਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਤੀ ਤੇ ਪੇਂਡੂ ਵਿਕਾਸ ਵਿਭਾਗ ਦੇ ਡਾਇਰੈਕਟਰ ਵੀ ਇਨਫੈਕਟਿਡ ਪਾਏ ਗਏ। ਇਸ ਨਾਲ ਖ਼ਤਰਾ ਵੱਧ ਗਿਆ ਹੈ ਕਿਉਂਕਿ ਉਨ੍ਹਾਂ ਨੇ ਵੀਰਵਾਰ ਨੂੰ ਹੀ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਲ ਮੁਲਾਕਾਤ ਕੀਤੀ ਸੀ। ਮੰਤਰੀ ਬਾਜਵਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਤੋਂ ਕਾਫੀ ਦੂਰੀ 'ਤੇ ਸਨ। ਪਤਾ ਲੱਗਾ ਹੈ ਕਿ ਮੰਤਰੀ ਵੀ ਆਪਣਾ ਟੈਸਟ ਕਰਵਾ ਰਹੇ ਹਨ।

ਉੱਧਰ, ਪੰਜਾਬ ਸਰਕਾਰ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਵਿਚ ਆਮ ਲੋਕਾਂ ਦਾ ਦਾਖ਼ਲਾ ਬੰਦ ਕਰ ਦਿੱਤਾ ਹੈ। ਇਹ ਆਦੇਸ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵੱਲੋਂ ਜਾਰੀ ਕੀਤੇ ਗਏ ਹਨ। ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਹਰ ਪ੍ਰਕਾਰ ਦੀ ਡਾਕ ਆਦਿ ਰਿਸੈਪਸ਼ਨ ਕਾਊਂਟਰ 'ਤੇ ਹੀ ਦਿੱਤੀ ਜਾਵੇ। ਕਿਸੇ ਨੂੰ ਵੀ ਵਿਭਾਗਾਂ ਦੀਆਂ ਸ਼ਾਖਾਵਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸ਼ੁੱਕਰਵਾਰ ਨੂੰ ਜਲੰਧਰ ਵਿਚ ਸਭ ਤੋਂ ਜ਼ਿਆਦਾ 49, ਲੁਧਿਆਣਾ ਵਿਚ 42, ਮੋਹਾਲੀ ਤੇ ਪਟਿਆਲਾ ਵਿਚ 22-22 ਅਤੇ ਬਠਿੰਡਾ ਵਿਚ 15 ਕੇਸ ਆਏ। ਹੋਰ ਜ਼ਿਲ੍ਹਿਆਂ ਵਿਚ 19 ਕੇਸ ਰਿਪੋਰਟ ਹੋਏ। ਸੂਬੇ ਵਿਚ ਕੁਲ ਇਨਫੈਕਟਿਡਾਂ ਦੀ ਗਿਣਤੀ 7403 ਹੋ ਗਈ ਹੈ। ਹਾਲਾਂਕਿ ਸਰਗਰਮ ਕੇਸ 2197 ਹੀ ਹਨ।