ਖੰਨਾ/ਲੁਧਿਆਣਾ, ਜੁਲਾਈ 2020 -(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)-ਸਦਰ ਥਾਣਾ ਖੰਨਾ ਦੇ ਸਾਬਕਾ ਐੱਸਐੱਚਓ ਇੰਸਪੈਕਟਰ ਬਲਜਿੰਦਰ ਸਿੰਘ ਖ਼ਿਲਾਫ਼ ਖੰਨਾ ਦੇ ਸਿਟੀ-1 ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇੰਸਪੈਟਕਰ ਦੇ ਨਾਲ ਹੌਲਦਾਰ ਵਰੁਣ ਕੁਮਾਰ 'ਤੇ ਵੀ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਮਾਮਲਾ ਸਦਰ ਥਾਣੇ 'ਚ ਪਿਤਾ-ਪੁੱਤਰ ਸਮੇਤ ਤਿੰਨ ਲੋਕਾਂ ਨੂੰ ਨੰਗਾ ਕਰ ਕੇ ਉਨ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਦੋਸ਼ 'ਚ ਏਡੀਜੀਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ ਵਾਲੀ ਐੱਸਆਈਟੀ ਨੇ ਦਰਜ ਕੀਤਾ ਹੈ। ਐੱਫਆਈਆਰ ਸ਼ਨਿਚਰਵਾਰ ਦੀ ਰਾਤ ਨੂੰ ਦਰਜ ਕੀਤੀ ਦੱਸੀ ਜਾ ਰਹੀ ਹੈ। ਮਾਮਲੇ ਦੀ ਅਗਲੀ ਜਾਂਚ ਐੱਸਆਈਟੀ ਦੇ ਮੈਂਬਰ ਆਈਜੀ ਲੁਧਿਆਣਾ ਨੌਨਿਹਾਲ ਸਿੰਘ ਕਰਨਗੇ। ਅਪ੍ਰਰੈਲ ਮਹੀਨੇ ਤੋਂ ਬਲਜਿੰਦਰ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਨੂੰ ਲੈ ਕੇ ਚੱਲ ਰਹੇ ਪੀੜਤਾਂ ਦੇ ਸੰਘਰਸ਼ ਦੀ ਅਖ਼ੀਰ ਜਿੱਤ ਹੋ ਗਈ। ਇਸ ਨਾਲ ਇੰਸਪੈਕਟਰ ਬਲਜਿੰਦਰ ਸਿੰਘ ਦੀਆਂ ਮੁਸ਼ਕਿਲਾਂ ਵਧਦੀਆਂ ਦਿਖਾਈ ਦਿੰਦੀਆਂ ਹਨ। ਜਾਣਕਾਰੀ ਅਨੁਸਾਰ, ਇੰਸਪੈਕਟਰ ਬਲਜਿੰਦਰ ਸਿੰਘ ਤੇ ਹੌਲਦਾਰ ਵਰੁਣ ਕੁਮਾਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਵਰੁਣ ਕੁਮਾਰ ਦੇ ਮੋਬਾਈਲ ਫੋਨ ਨਾਲ ਵੀਡੀਓ ਬਣਾਈ ਗਈ ਤੇ ਬਾਅਦ 'ਚ ਵਾਇਰਲ ਕਰਨ ਦੇ ਇਲਜ਼ਾਮ ਹਨ। ਦਰਜ ਐੱਫਆਈਆਰ 'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ, ਐੱਸਸੀ-ਐੱਸਟੀ ਐਕਟ, ਮਾਰਕੁੱਟ ਕਰਨ, ਗ਼ੈਰਕਾਨੂੰਨੀ ਹਿਰਾਸਤ 'ਚ ਰੱਖਣ ਤੇ ਆਈਟੀ ਐਕਟ ਦੀਆਂ ਧਾਰਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਐੱਸਐੱਸਪੀ ਖੰਨਾ ਹਰਪ੍ਰੀਤ ਸਿੰਘ ਨੇ ਐੱਫਆਈਆਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਐੱਸਆਈਟੀ ਦੇ ਮੈਂਬਰ ਆਈਜੀ ਲੁਧਿਆਣਾ ਨੌਨਿਹਾਲ ਸਿੰਘ ਮਾਮਲੇ ਦੇ ਜਾਂਚ ਅਧਿਕਾਰੀ ਬਣਾਏ ਗਏ ਹਨ। ਪੂਰੀ ਜਾਣਕਾਰੀ ਉਹ ਹੀ ਦੇ ਸਕਦੇ ਹਨ।
ਕੀ ਸੀ ਮਾਮਲਾ...
ਸਦਰ ਥਾਣਾ ਖੰਨਾ ਦੇ ਐੱਸਐੱਚਓ ਬਲਜਿੰਦਰ ਸਿੰਘ ਵੱਲੋਂ ਪਿਤਾ, ਪੁੱਤਰ ਤੇ ਇਕ ਹੋਰ ਵਿਅਕਤੀ ਨੂੰ ਥਾਣੇ 'ਚ ਆਪਣੇ ਕੈਬਿਨ 'ਚ ਨੰਗਾ ਕਰ ਕੇ ਉਨ੍ਹਾਂ ਦੀ ਵੀਡੀਓ ਬਣਾ ਕੇ ਉਸਨੂੰ ਵਾਇਰਲ ਕਰਨ ਦੇ ਦੋਸ਼ 16 ਅਪ੍ਰਰੈਲ 2020 ਨੂੰ ਲੱਗੇ ਸਨ। ਵੀਡੀਓ ਪਿਛਲੇ ਸਾਲ 2019 'ਚ ਬਣਾਈ ਦੱਸੀ ਜਾਂਦੀ ਹੈ। ਪੀੜਤਾਂ 'ਚ ਪਿੰਡ ਦਹਿੜੂ ਦੀ ਸਾਬਕਾ ਸਰਪੰਚ ਦਾ ਪਤੀ ਜਗਪਾਲ ਸਿੰਘ ਜੋਗੀ, ਉਸਦਾ ਪੁੱਤਰ ਗੁਰਵੀਰ ਸਿੰਘ ਤੇ ਐੱਸਸੀ ਸਮਾਜ ਨਾਲ ਸਬੰਧਿਤ ਉਨ੍ਹਾਂ ਦਾ ਨੌਕਰ ਜਸਵੰਤ ਸਿੰਘ ਸ਼ਾਮਲ ਸਨ। ਇਸਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਪੀੜਤਾਂ ਦੇ ਵਕੀਲ ਗੁਨਿੰਦਰ ਸਿੰਘ ਬਰਾੜ ਨੇ ਇਸਦੀ ਸ਼ਿਕਾਇਤ ਡੀਜੀਪੀ ਪੰਜਾਬ ਨੂੰ ਕੀਤੀ ਸੀ। ਡੀਜੀਪੀ ਦਿਨਕਰ ਗੁਪਤਾ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਸਨ। ਇੰਸਪੈਕਟਰ ਬਲਜਿੰਦਰ ਸਿੰਘ ਦਾ ਤਬਾਦਲਾ ਫਿਰੋਜ਼ਪੁਰ ਰੇਂਜ ਕਰਨ ਦੇ ਨਾਲ ਹੌਲਦਾਰ ਵਰੁਣ ਕੁਮਾਰ ਨੂੰ ਵੀ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। mਇਸ ਮਗਰੋਂ ਜਦੋਂ ਕਈ ਦਿਨ ਤਕ ਖੰਨਾ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਪੀੜਤਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਹਾਈਕੋਰਟ ਨੇ ਆਪਣੇ ਆਦੇਸ਼ 'ਚ ਮਾਮਲੇ ਨੂੰ ਸ਼ਰਮਨਾਕ ਦੱਸਦੇ ਹੋਏ ਡੀਜੀਪੀ ਨੂੰ ਤੁਰੰਤ ਐੱਸਆਈਟੀ ਬਣਾ ਕੇ 8 ਜੁਲਾਈ ਨੂੰ ਜਵਾਬ ਦੇਣ ਨੂੰ ਕਿਹਾ ਸੀ। ਏਡੀਜੀਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ 'ਚ ਆਈਜੀ ਲੁਧਿਆਣਾ ਤੇ ਐੱਸਐੱਸਪੀ ਜਗਰਾਓਂ ਦੀ ਇਕ ਐੱਸਆਈਟੀ ਬਣਾਈ ਗਈ। ਇਸ ਐੱਸਆਈਟੀ ਦੀ ਜਾਂਚ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ ਹੈ।