You are here

'ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ' ਤਹਿਤ ਜ਼ਿਲਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ

 

 ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਚਾਹਵਾਨ ਬੇਰੁਜ਼ਗਾਰਾਂ ਦੀ ਹੋਈ ਇੰਟਰਵਿਊ

 ਯੋਗ ਬਿਨੈਕਾਰਾਂ ਦੀਆਂ ਅਰਜ਼ੀਆਂ ਕਰਜ਼ਾ ਮਨਜ਼ੂਰ ਕਰਨ ਲਈ ਬੈਂਕਾਂ ਨੂੰ ਭੇਜੀਆਂ

 ਉਦਯੋਗ ਸਥਾਪਿਤ ਕਰਨ ਲਈ 25 ਲੱਖ ਰੁਪਏ ਤੱਕ ਦਾ ਮਿਲਦਾ ਹੈ ਕਰਜ਼ਾ-ਭੁੱਲਰ

ਕਪੂਰਥਲਾ-(ਹਰਜੀਤ ਸਿੰਘ ਵਿਰਕ)-

ਡਿਪਟੀ ਕਮਿਸ਼ਨਰ ਸ੍ਰੀ ਮੁਹੰਮਦ ਤਇਅਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 'ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ' ਤਹਿਤ ਜ਼ਿਲਾ ਪੱਧਰੀ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਤਹਿਤ ਕਰਜ਼ਾ ਲੈ ਕੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਦੇ ਚਾਹਵਾਨ 60 ਦੇ ਕਰੀਬ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਦੀ ਇੰਟਰਵਿਊ ਲਈ ਗਈ, ਜਿਨਾਂ ਵਿਚੋਂ ਯੋਗ ਬਿਨੈਕਾਰਾਂ ਦੀਆਂ ਅਰਜ਼ੀਆਂ ਵੱਖ-ਵੱਖ ਬੈਂਕਾਂ ਨੂੰ ਬਿਨੈਕਾਰਾਂ ਦੀ ਲੋੜ ਅਨੁਸਾਰ ਕਰਜ਼ਾ ਮਨਜ਼ੂਰ ਕਰਨ ਲਈ ਭੇਜੀਆਂ ਗਈਆਂ। ਇਸ ਮੌਕੇ ਸ. ਅਵਤਾਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਰਵਿਸ ਯੂਨਿਟ ਲਗਾਉਣ ਲਈ 10 ਲੱਖ ਰੁਪਏ ਤੱਕ ਅਤੇ ਮੈਨੂਫੈਕਚਰਿੰਗ ਯੂਨਿਟ ਲਗਾਉਣ ਲਈ 25 ਲੱਖ ਰੁਪਏ ਤੱਕ ਦਾ ਕਰਜ਼ਾ ਲਿਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਵਿਚ 15 ਤੋਂ 35 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਕਰਜ਼ਿਆਂ ਸਬੰਧੀ ਜ਼ਿਲਾ ਪੱਧਰੀ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਹਰੇਕ ਮਹੀਨੇ ਕੀਤੀ ਜਾਂਦੀ ਹੈ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਸਬੰਧੀ ਜ਼ਿਆਦਾ ਉਡੀਕ ਨਹੀਂ ਕਰਨੀ ਪੈਦੀ। ਉਨਾਂ ਜ਼ਿਲੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈ ਕੇ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਸਕੀਮ ਸਬੰਧੀ ਜ਼ਿਲਾ ਉਦਯੋਗ ਕੇਂਦਰ, ਹਮੀਰਾ ਰੋਡ, ਕਪੂਰਥਲਾ ਜਾਂ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਪੂਰਥਲਾ ਪਾਸੋਂ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਸਰਕਾਰ ਦਾ ਮਕਸਦ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਪ੍ਰਦਾਨ ਕਰਕੇ ਉਨਾਂ ਨੂੰ ਆਪਣੇ ਪੈਰਾਂ 'ਤੇ ਖੜੇ ਕਰਨ ਦਾ ਹੈ। ਇਸ ਮੌਕੇ ਜੀ. ਐਮ ਇੰਡਸਟਰੀ ਸ. ਬਲਵਿੰਦਰ ਪਾਲ ਸਿੰਘ ਵਾਲੀਆ, ਚੀਫ ਜ਼ਿਲਾ ਲੀਡ ਬੈਂਕ ਮੈਨੇਜਰ ਸ੍ਰੀ ਸਰਵੇਂਦਰ ਸਿੰਘ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਕੁੰਡਲ, ਕੇ. ਵੀ. ਆਈ. ਵੀ ਤੋਂ ਸ੍ਰੀ ਕਿਸ਼ਨ ਦਾਸ, ਜ਼ਿਲਾ ਉਦਯੋਗ ਕੇਂਦਰ ਦੇ ਫੰਕਸ਼ਨਲ ਮੈਨੇਜਰ ਸ੍ਰੀ ਰਵਿੰਦਰ ਕੁਮਾਰ ਝਿੱਗਣ ਅਤੇ ਹੋਰ ਅਧਿਕਾਰੀ ਹਾਜ਼ਰ ਸਨ।