You are here

ਡੀ.ਟੀ.ਐੱਫ ਬਰਨਾਲਾ ਨੇ ਸਿਹਤ ਮੰਤਰੀ ਦੇ ਅਧਿਆਪਕਾਂ ਪ੍ਰਤੀ ਦਿੱਤੇ ਗੈਰ ਜਿੰਮੇਵਾਰਾਨਾ ਬਿਆਨ ਦੀ ਸਖਤ ਨਿਖੇਧੀ

ਦੇਸ਼ ਵਿੱਚ ਆਈ ਕੋਰੋਨਾ ਮਹਾਮਾਰੀ ਸਮੇਂ ਲੋਕਾਂ ਪ੍ਰਤੀ ਆਪਣੀ ਮਾੜੀ ਕਾਰਗੁਜ਼ਾਰੀ ਤੋਂ ਧਿਆਨ ਹਟਾਉਣ ਲਈ ਸਿਹਤ ਮੰਤਰੀ ਵਲੋਂ ਦਿੱਤਾ ਬੇਤੁਕਾ ਬਿਆਨ ਨਿੰਦਣਯੋਗ: - ਜਿਲ੍ਹਾ ਪ੍ਰਧਾਨ ਸੁਖਪੁਰ

ਮਹਿਲ ਕਲਾਂ /ਬਰਨਾਲਾ-ਜੂਨ 2020 -(ਗੁਰਸੇਵਕ ਸਿੰਘ ਸੋਹੀ)-  ਡੈਮੋਕਰੈਟਿਕ ਟੀਚਰਜ਼ ਫਰੰਟ(ਡੀ.ਟੀ.ਐੱਫ) ਪੰਜਾਬ ਨੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ‘ਕੋਰੋਨਾ’ ਸੰਕਟ ਦੌਰਾਨ ਪੰਜਾਬ ਸਰਕਾਰ ਅਤੇ ਖੁਦ ਦੀ ਮਾੜੀ ਕਾਰਗੁਜ਼ਾਰੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ, ਸਿੱਖਿਆ ਵਿਭਾਗ ਵਿਚਲੇ ਅਧਿਆਪਕਾਂ ਦੇ ਕੰਮਾਂ ਨੂੰ ਅਣਗੌਲਿਆਂ ਕਰਕੇ "ਘਰ ਬੈਠਿਆਂ ਨੂੰ ਤਨਖਾਹ ਦੇਣ" "ਅਧਿਆਪਕਾਂ ਤੋਂ ਰੇਤੇ ਦੀ ਨਜਾਇਜ਼ ਮਾਇਨਿੰਗ ਰੋਕਣ ਦਾ ਗੈਰ ਵਾਜਿਬ ਕੰਮ ਲੈਣ ਨੂੰ ਸਹੀ ਠਹਿਰਾਉਣ" ਵਰਗੇ ਗੈਰ ਸੰਜੀਦਾ ਬਿਆਨ ਦੇਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।

ਡੀ.ਟੀ.ਐੱਫ. ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਸੁਖਪੁਰ ਅਤੇ ਜਨਰਲ ਸਕੱਤਰ ਰਾਜੀਵ ਕੁਮਾਰ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਿਹਤ ਮੰਤਰੀ ਆਪਣਾ ਬੇਤੁਕਾ ਬਿਆਨ ਵਾਪਸ ਕਰਵਾਕੇ ਅਧਿਆਪਕ ਵਰਗ ਤੋਂ ਬਿਨਾਂ ਸ਼ਰਤ ਮੁਆਫੀ ਮੰਗਵਾਈ ਜਾਵੇ। ਆਗੂਆਂ ਨੇ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਨਿੱਜੀਕਰਨ ਨੂੰ ਉਤਸ਼ਾਹਤ ਕਰਨ ਕਰਕੇ ਸਰਕਾਰੀ ਹਸਪਤਾਲਾਂ ਅਤੇ ਉਨ੍ਹਾਂ ਵਿੱਚ ਤਨਦੇਹੀ ਨਾਲ ਕੰਮ ਕਰ ਰਹੇ ਸਿਹਤ ਕਰਮੀਆਂ ਦੀ ਬਣੀ ਤਰਸਯੋਗ ਹਾਲਤ ਜੱਗ ਜਾਹਿਰ ਹੈ। ਕੋਵਿਡ-19 ਦੌਰਾਨ ਸਿਹਤ ਪ੍ਰਬੰਧ ਦਾ ਮੌਜੂਦਾ ਸੰਕਟ ਦਾ ਸਾਹਮਣਾ ਨਾ ਕਰਨ ਯੋਗ ਹੋਣ ਕਾਰਨ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜੵ ਅਤੇ ਬਿਨਾਂ ਲੋੜੀਂਦੀਆਂ ਨਿੱਜੀ ਸੁਰੱਖਿਆ ਸਹੂਲਤਾਂ ਤੋਂ ਕੰਮ ਕਰ ਰਹੇ ਸਿਹਤ ਕਰਮੀਆਂ ਦੀ ਜਾਨ ਜੋਖਮ ਵਿੱਚ ਪਾਉਣ ਦੀ ਪੂਰੀ ਜਿੰਮੇਵਾਰੀ ਵੀ ਸਿਹਤ ਮੰਤਰੀ ਦੀ ਹੀ ਬਣਦੀ ਹੈ। ਆਗੂਆਂ ਨੇ ਕਿਹਾ ਕਿ ਸਿਹਤ ਮੰਤਰੀ ਇਸ ਤੱਥ ਤੋਂ ਅਣਜਾਣ ਬਣ ਰਹੇ ਹਨ ਕਿ ਕਰੋਨਾ ਸੰਕਟ ਦੌਰਾਨ ਵੀ ਹਜਾਰਾਂ ਅਧਿਆਪਕਾਂ ਵਲੋਂ ਅਨਾਜ ਮੰਡੀਆਂ ਵਿੱਚ ਹੈਲਥ ਪ੍ਰੋਟੋਕਾਲ ਅਫਸਰਾਂ ਵਜੋਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡ ਅਤੇ ਹਵਾਈ ਅੱਡਿਆਂ ਵਿੱਚ, ਪਿੰਡਾਂ ਅਤੇ ਸਹਿਰਾਂ ਵਿੱਚ ਬੂਥਾਂ `ਤੇ, ਪ੍ਰਸ਼ਾਸ਼ਕੀ ਦਫਤਰਾਂ ਵਿਚਲੇ ਕੰਟਰੋਲ ਰੂਮਾਂ ਵਿੱਚ, ਅੰਤਰ ਰਾਜੀ ਅਤੇ ਅੰਤਰ ਜਿਲ੍ਹਾ ਨਾਕਿਆਂ ਤੇ ਡਾਟਾ ਐਂਟਰੀ ਕਰਨ, ਰਾਸ਼ਨ ਵੰਡਣ, ਵਿਸ਼ੇਸ਼ ਕਾਰਜਾਕਰੀ ਮੈਜਿਸਟ੍ਰੇਟ ਵਜੋਂ, ਪ੍ਰਸ਼ਾਸ਼ਨ ਵੱਲੋਂ ਬਣਾਏ ਇਕਾਂਤਵਾਸ ਕੇੰਦਰਾਂ ਵਿੱਚ, ਘਰਾਂ ਵਿੱਚ ਇਕਾਂਤਵਾਸ ਕੀਤੇ ਲੋਕਾਂ ਨੂੰ ਹਰ ਰੋਜ਼ ਚੈੱਕ ਕਰਨ ਸਮੇਤ ਕਈ ਗੈਰ ਵਿੱਦਿਅਕ ਡਿਊਟੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਨਾਲ  ਮਾਰਚ ਮਹੀਨੇ ਦੌਰਾਨ ਘਰੇਲੂ ਨਤੀਜੇ ਤਿਆਰ ਕਰਨੇ, ਵਿਦਿਆਰਥੀਆਂ ਦੇ ਘਰ ਘਰ ਮਿੱਡ ਡੇ ਮੀਲ ਦਾ ਰਾਸ਼ਨ ਪਹੁੰਚਾਉਣ, ਵਿਦਿਆਰਥੀਆਂ ਤੱਕ ਸਰਕਾਰ ਵੱਲੋਂ ਟੁੱਟਵੀਂ ਗਿਣਤੀ ਵਿੱਚ ਭੇਜੀਆਂ ਜਾ ਰਹੀਆ ਕਿਤਾਬਾਂ ਪਹੁੰਚਾਉਣ, ਵਿਦਿਆਰਥੀਆਂ ਦੇ ਆਨ ਲਾਈਨ ਦਾਖਲੇ ਕਰਨੇ, ਵਿਦਿਆਰਥੀਆਂ ਨੂੰ ਰਸਮੀ ਤੌਰ ‘ਤੇ ਆਨ ਲਾਈਨ ਸਿੱਖਿਆ ਦੇਣ, ਸਕੂਲਾਂ ਦੇ ਸਿਵਲ ਵਰਕਸ ਅਤੇ ਮਾਰਚ ਮਹੀਨੇ ਵਿੱਚ ਸਰਕਾਰ ਵੱਲੋਂ ਭੇਜੀਆਂ ਪੂਰੇ ਸਾਲ ਦੀਆਂ ਗ੍ਰਾਟਾਂ ਖਰਚਣ ਵਰਗੇ ਵਿੱਦਿਅਕ ਕੰਮਾਂ ਨੂੰ ਵੀ ਅਧਿਆਪਕਾਂ ਵਲੋਂ ਵਿਭਾਗੀ ਹਦਾਇਤਾਂ ਅਤੇ ਕੁੱਝ ਮਾਮਲਿਆਂ ਵਿੱਚ ਸਵੈ ਇੱਛਾ ਅਨੁਸਾਰ ਬਾਖੂਬੀ ਕੀਤਾ ਜਾ ਰਿਹਾ ਹੈ।

ਡੀ.ਟੀ.ਐਫ. ਦੇ ਜਿਲ੍ਹਾ ਪ੍ਰੈਸ ਸੱਕਤਰ ਬਲਜਿੰਦਰ ਪ੍ਰਭੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ` ਸੰਕਟ ਦੌਰਾਨ ਆਪਣੇ ਘਰ ਦੇ ਦਰਵਾਜੇ `ਤੇ ਲੋਕਾਂ ਨੂੰ ਸਮੱਸਿਆਵਾਂ ਸਬੰਧੀ ਨਾ ਮਿਲਣ ਆਉਣ ਦਾ ਨੋਟਿਸ ਚਿਪਕਾਉਣ ਵਾਲੇ ਮੰਤਰੀ ਨੂੰ ਆਪਣੇ "ਵਿਹਲਪੁਣੇ " ਅਤੇ "ਮਾੜੀ ਕਾਰਗੁਜ਼ਾਰੀ" ਲਈ ਜਵਾਬਦੇਹ ਬਣਾਇਆ ਜਾਵੇ। ਅਧਿਆਪਕ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ `ਤੇ ਬਿਮਾਰ ਬਣਾ ਰਹੀ ਅਤੇ ਅਸਲ ਸਿੱਖਿਆ ਤੋਂ ਦੂਰ ਕਰ ਰਹੀ ਅਖੌਤੀ ਆਨ ਲਾਈਨ ਸਿੱਖਿਆ ਦੀ ਰਸਮੀ ਕਾਰਵਾਈ ਬੰਦ ਕਰਕੇ ਵਿਦਿਆਰਥੀਆਂ ਲਈ ਉਸਾਰੂ ਵਿੱਦਿਅਕ ਮਾਹੌਲ ਨਾਲ ਲੈਸ ਸਕੂਲਾਂ ਨੂੰ ਪੜਾਅ ਵਾਰ ਢੰਗ ਨਾਲ ਖੋਲ੍ਹਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ।    

ਇਸ ਮੌਕੇ ਜ਼ਿਲ੍ਹਾ ਵਿੱਤ ਸਕੱਤਰ ਰਮੇਸ਼ਵਰ ਕੁਮਾਰ, ਮਾਲਵਿੰਦਰ ਸਿੰਘ ਬਰਨਾਲਾ, ਰਘਵੀਰ ਚੰਦ ਕਰਮਗਡ਼, ਸਤਪਾਲ ਬਾਂਸਲ, ਦਵਿੰਦਰ ਸਿੰਘ ਤਲਵੰਡੀ, ਜਗਜੀਤ ਸਿੰਘ ਠੀਕਰੀਵਾਲ, ਅੰਮ੍ਰਿਤਪਾਲ ,ਹਰਮਨਜੀਤ ਸਿੰਘ ਕੁਤਬਾ,ਮਨਪ੍ਰੀਤ ਸਿੰਘ, ਮੇਜਰ ਸਿੰਘ, ਪਰਦੀਪ ਕੁਮਾਰ, ਸੁਖਵਿੰਦਰ ਸੁੱਖ, ਲਾਭ ਸਿੰਘ ਅਕਲੀਆ, ਕੁਲਦੀਪ ਸਿੰਘ ਅਤੇ ਰਾਮੇਸ਼ ਕੁਮਾਰ ਆਦਿ ਵੀ ਮੌਜੂਦ ਰਹੇ।