You are here

ਸ਼ਰਧਾਂਜਲੀ ਮਾਹਿਰ ✍️ ਅਰਵਿੰਦਰ ਸਿੰਘ ਕੋਹਲੀ.

ਅਕਸਰ ਹੀ ਸਾਡਾ ਵਾਹ ਕੁਝ ਅਜਿਹੀਆਂ ਹਸਤੀਆਂ ਨਾਲ ਪੈ ਜਾਂਦਾ ਹੈ ਜਿਨਾਂ੍ਹ ਨੂੰ ਅਸੀਂ ਸੰਖੇਪ ਰੂਪ ਵਿਚ ਸ਼ਰਧਾਂਜਲੀ
ਮਾਹਿਰ ਵੀ ਕਹਿ ਸਕਦੇ ਹਾਂ ।ਇਹ ਲੋਕ ਕਿਸੇ ਵੱਡੀ ਛੋਟੀ ਪਾਰਟੀ ਦੇ ਨੇਤਾ, ਕਿਸੇ ਯੂਨੀਅਨ ਦੇ ਅਹੁਦੇਦਾਰ, ਰਿਟਾਇਰਡ ਮੁਲਾਜਮ ਜਾਂ
ਫਿਰ ਪਿੰਡ ਸ਼ਹਿਰ ਦੇ ਖੜਪੈਂਚ ਆਦਿ ਹੁੰਦੇ ਹਨ । ਕਿਸੇ ਮਿਤ੍ਰਕ ਦੇ ਭੋਗ ਤੇ ਆਪਣਾ ਫ਼ਨ ਦਿਖਾਉਣਾ ਇਨ੍ਹਾਂ ਲਈ ਸੁਨਹਿਰੀ
ਮੌਕਾ ਹੁੰਦਾ ਹੈ । ਇਕ ਵਾਰ ਮਾਈਕ ਹੱਥ ਆਇਆ ਨੀਂ ਕਿ ਇਹ ਸ਼ਰਧਾਂਜਲੀ ਮਾਹਿਰ ਮਿਤ੍ਰਕ ਤੇ ਉਸ ਦੇ ਪ੍ਰੀਵਾਰ ਦੇ ਗੁਣ
ਗਾਉਣੇ ਸ਼ੁਰੂ ਕਰ ਦਿੰਦੇ ਨੇਂ ਤੇ ਕਈ ਵਾਰ ਤਾਂ ਲੋਰ ਵਿਚ ਆਏ ਤਾਂ ਉਹ ਇਹ ਵੀ ਭੁੱਲ ਜਾਂਦੇ ਨੇਂ ਕਿ ਕਿਹੜੀ ਗੱਲ ਕਹਿਣ ਵਾਲੀ
ਹੈ ਤੇ ਕਿਹੜੀ ਨਹੀਂ ।
ਪਿੱਛੇ ਜਿਹੇ ਇਕ ਬਜ਼ੁਰਗ ਦੇ ਭੋਗ ਤੇ ਅੰਤਿਮ ਅਰਦਾਸ ਤੋਂ ਬਾਅਦ ਉਸ ਦਾ ਇਕ ਪੁਰਾਣਾ ਸਾਥੀ ਉਸ ਨੂੰ ਸ਼ਰਧਾ
ਦੇ ਫੁੱਲ ਭੇਂਟ ਕਰਨ ਲਈ ਉੱਠ ਖੜ੍ਹਾ ਹੋਇਆ । ਮਿਤ੍ਰਕ ਨਾਲ ਬਿਤਾਏ ਆਪਣੇੇ ਬਚਪਨ ਦੀਆਂ ਕੁਝ ਪੁਰਾਣੀਆਂ ਯਾਦਾਂ
ਸਾਂਝੀਆਂ ਕਰਨ ਉਪਰੰਤ ਉਹ ਬੋਲਿਆ“……ਥੋਡੇ ਵਿਚੋਂ ਬਹੁਤਿਆਂ ਨੂੰ ਸ਼ਾਇਦ ਇਹ ਵੀ ਪਤਾ ਨੀਂ ਹੋਣਾ ਕਿ ਨੇਕ ਸਿਹੁੰ
ਦਾ ਇਕ ਹੋਰ ਵੀ ਵਿਆਹ ਹੋਇਆ ਸੀ। ਆਪਣੀ ਯੂਨਿਟ ਦੇ ਨਾਲ ਨੇਕ ਸਿਹੁੰ ਜਦੋਂ ਜਾਮ ਨਗਰ ਵਿਚ ਡਿਊਟੀ ਤੇ ਸੀ ਤਾਂ ਓਥੇ ਓਹਦੀ
ਇਕ ਗੁਜਰਾਤਣ ਨਾਲ ਅੱਖ ਲੜ ‘ਗੀ । ਓਸ ਗੁਜਰਾਤਣ ਤੋਂ ਨੇਕ ਸਿਹੁੰ ਦਾ ਇਕ ਮੁੰਡਾ ਵੀ ਸੀ । ਆਪਣੇ ਬਾਪੂ ਤੋਂ ਡਰਦਾ
ਮਾਰਾ ਨੇਕ ਸਿਹੁੰ ਓਸ ਗੁਜਰਾਤਣ ਨੂੰ ਕਦੇ ਪਿੰਡ ਤਾਂ ਨੀਂ ਲਿਆਇਆ ਪਰ ਅਸ਼ਕੇ ਜਾਈਏ ਨੇਕ ਸਿਹੁੰ ਦੇ, ਓਹਨੇ ਓਸ
ਗੁਜਰਾਤਣ ਨਾਲ ਵੀ ਤੋੜ ਨਿਭਾਈ। ਮਰਨ ਤਾਈਂ ਉਹ ਗੁਜਰਾਤਣ ਦੇ ਟੱਬਰ ਨੂੰ ਖਰਚਾ ਭੇਜਦਾ ਰਿਹਾ…।” ਲਓ ਜੀ, ਜਿਹੜੀ ਗੱਲ ਨੇਕ
ਸਿੰਘ ਦੇ ਟੱਬਰ ਨੂੰ ਵੀ ਪਤਾ ਨੀਂ ਸੀ, ਉਹ ਗੱਲ ਹੁਣ ਸਾਰੇ ਪਿੰਡ ਨੂੰ ਵੀ ਪਤਾ ਲੱਗ ਗਈ ਸੀ । ਹਮੇਸ਼ਾਂ ਸੱਥ ਵਿਚ ਨੇਕ ਸਿੰਘ ਦੀ
ਨੇਕ-ਨਾਮੀ ਦੀ ਚਰਚਾ ਕਰਨ ਵਾਲੇ ਹੁਣ ਉਸ ਦੀ ਗੁਜਰਾਤਣ ਤੀਵੀਂ ਬਾਰੇ ਮਸਾਲੇ ਲਾ-ਲਾ ਕੇ ਗੱਲਾਂ ਕਰਦੇ ਰਹਿੰਦੇ ।
ਸਾਡੇ ਇਕ ਅਧਿਆਪਕ ਸਾਥੀ ਦੀ ਰਿਟਾਇਰਮੈਂਟ ਮੌਕੇ ਉਸ ਦੇ ਸਟਾਫ ਨੇ ਇਕ ਸ਼ਰਧਾਂਜਲੀ ਮਾਹਿਰ ਨੂੰ ਸਟੇਜ ਸਕੱਤਰ ਦੀ
ਡਿਊਟੀ ਸੰਭਾਲ ਦਿੱਤੀ । ਲਓ ਜੀ ਉਹ ਜਨਾਬ ਆਪਣੇ ਰਵਾਇਤੀ ਸੁਰ ਵਿਚ ਹੀ ਸ਼ੁਰੂ ਹੋ ਗਏ,“ਮਾਸਟਰ ਜੀ ਦੇ ਸ਼ਰਧਾਂਜਲੀ ਸਮਾਰੋਹ ਵਿਚ
ਜੁੜ ਬੈਠੇ ਸਮੂਹ ਹਾਜ਼ਰੀਨ, ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਮਾਸਟਰ ਜੀ ਹੁਣ ਸਾਡੇ ਵਿਚ ਨਹੀਂ ਰਹੇ…।”ਇਹ ਸੁਣ ਕੇ
ਪੰਡਾਲ ਵਿਚ ਹਾਸੜ ਮੱਚ ਗਈ ਤਾਂ ਸਟੇਜ ਸਕੱਤਰ ਸਾਹਿਬ ਤੁਰੰਤ ਆਪਣੀ ਜ਼ੁਬਾਨ ਸੰਭਾਲਦੇ ਹੋਏ ਬੋਲੇ,“ਮੇਰੇ ਕਹਿਣ ਦਾ ਭਾਵ
ਸੀ ਕਿ ਮਾਸਟਰ ਜੀ ਦੇ ਵਿਦਾਇਗੀ ਸਮਾਰੋਹ ਤੇ ਜੁੜ ਬੈਠੇ ਹਾਜ਼ਰੀਨ, ਮਾਸਟਰ ਜੀ ਹੁਣ ਰਿਟਾਇਰ ਹੋ ਗਏ ਨੇਂ ਤੇ ਹੁਣ ਸਕੂਲ ਦੇ
ਸਟਾਫ ਮੈਂਬਰ ਨਹੀਂ ਰਹੇ….।”ਫਿਰ ਵਿਦਾੲਗੀ ਭਾਸ਼ਣ ਦੇ ਅੰਤ ਵਿਚ ਉਹ ਬੋਲੇ,“ਅੰਤ ਵਿਚ ਮੈਂ ਅਰਦਾਸ ਕਰਦਾ ਹਾਂ ਕਿ
ਪ੍ਰਮਾਤਮਾਂ ਮਾਸਟਰ ਜੀ ਦੀ ਆਤਮਾਂ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।”
ਇਸ ਤੋਂ ਪਹਿਲਾਂ ਕਿ ਮਾਸਟਰ ਜੀ ਆਪਣੀ ਜੁੱਤੀ ਲਾਹ ਲੈਂਦੇ, ਮੌਕਾ ਸੰਭਾਲਦੇ ਹੋਏ ਉਹ ਫਿਰ ਬੋਲੇ,“ਅਸਲ ‘ਚ ਮੈਂ ਕਹਿਣਾ
ਚਾਹੁੰਦਾ ਸੀ ਕਿ ਮਾਸਟਰ ਜੀ ਹੁਣ ਘਰ ਰਹਿ ਕੇ ਚਿੜਚਿੜੇ ਸੁਭਾਅ ਦੇ ਹੋ ਜਾਣਗੇ ਤੇ ਹਰ ਇਕ ਨੂੰ ਗੱਲ-ਗੱਲ ਤੇ ਟੋਕਾ-ਟਾਕੀ
ਕਰਿਆ ਕਰਨਗੇ, ਏਸ ਲਈ ਪ੍ਰਮਾਤਮਾਂ ਉਨ੍ਹਾਂ ਦੇ ਸੁਭਾਅ ਨੂੰ ਸ਼ਾਂਤ ਰੱਖੇ ਤੇ ਪ੍ਰੀਵਾਰ ਨੂੰ ਹਰੇਕ ਤਰਾਂ੍ਹ ਦੇ ਹਾਲਾਤ
ਦਾ ਸਾਹਮਣਾ ਕਰਨ ਦਾ ਬਲ ਬਖ਼ਸ਼ੇ ।”
ਅਰਵਿੰਦਰ ਸਿੰਘ ਕੋਹਲੀ. ਜਗਰਾਉਂ ਫੋਨ : 9417985058