ਪਿਛਲੇ ਚਾਰ ਦਿਨਾਂ ਤੋਂ ਵੈਂਟੀਲੇਟਰ 'ਤੇ ਸਨ
ਪਿਸ਼ਾਵਰ ,ਜੂਨ 2020-(ਏਜੰਸੀ )
ਉੱਤਰੀ-ਪੱਛਮੀ ਪਾਕਿਸਤਾਨ ਵਿਚ ਇਕ ਸਿੱਖ ਡਾਕਟਰ ਜੋਕਿ ਟੈਸਟ ਵਿਚ ਕੋਰੋਨਾ ਪਾਜ਼ੇਟਿਵ ਆਇਆ ਸੀ ਦੀ ਹਸਪਤਾਲ ਵਿਚ ਮੌਤ ਹੋ ਗਈ। ਡਾ. ਫਾਗਚੰਦ ਸਿੰਘ ਪਿਸ਼ਾਵਰ ਦੇ ਇਕ ਨਿੱਜੀ ਹਸਪਤਾਲ ਵਿਚ ਪਿਛਲੇ ਚਾਰ ਦਿਨਾਂ ਤੋਂ ਵੈਂਟੀਲੇਟਰ 'ਤੇ ਸਨ। ਉਨ੍ਹਾਂ ਦਾ ਸਸਕਾਰ ਸੋਮਵਾਰ ਨੂੰ ਕਰ ਦਿੱਤਾ ਗਿਆ।
ਡਾ. ਸਿੰਘ ਨੇ ਆਪਣੀ ਐੱਮਬੀਬੀਐੱਸ ਡਿਗਰੀ ਖ਼ੈਬਰ ਮੈਡੀਕਲ ਕਾਲਜ ਤੋਂ 1980 'ਚ ਕੀਤੀ ਸੀ। ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਜ਼ਿਆ-ਉਲ-ਹਕ ਨੇ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਆਪਣਾ ਕਰੀਅਰ ਨੌਸ਼ਹਿਰਾ ਦੇ ਜ਼ਿਲ੍ਹਾ ਹਸਪਤਾਲ 'ਚ ਮੈਡੀਕਲ ਅਫਸਰ ਵਜੋਂ ਸ਼ੁਰੂ ਕੀਤਾ ਤੇ ਤਿੰਨ ਦਹਾਕਿਆਂ ਤਕ ਸੇਵਾ ਦਿੱਤੀ। ਚਾਰ ਸਾਲ ਪਹਿਲੇ ਉਹ ਡਿਪਟੀ ਮੈਡੀਕਲ ਸੁਪਰਡੈਂਟ ਵਜੋਂ ਸੇਵਾਮੁਕਤ ਹੋਏ ਸਨ। ਉਹ ਗ਼ਰੀਬ ਮਰੀਜ਼ਾਂ ਦੀ ਸੇਵਾ ਕਰਨ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਸਨ।