ਮਹਿਲ ਕਲਾਂ 28 ਮਈ (ਗੁਰਸੇਵਕ ਸਿੰਘ ਸੋਹੀ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਉੱਪਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਲਾਕ ਮਹਿਲ ਕਲਾਂ ਇਕਾਈ ਵੱਲੋਂ ਜਥੇਬੰਦੀ ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਦੀ ਅਗਵਾਈ ਹੇਠ ਝੋਨੇ ਦੇ ਲਵਾਈ ਦੇ ਸੀਜਨ ਦੌਰਾਨ ਖੇਤੀਬਾੜੀ ਸੈਕਟਰਾਂ ਲਈ ਸਿਰਫ਼ 4 ਘੰਟੇ ਦਿੱਤੀ ਜਾ ਰਹੀ ਬਿਜਲੀ ਸਪਲਾਈ ,ਕਰੋਨਾ ਮਰੀਜ਼ਾਂ ਦਾ ਇਲਾਜ ਹਸਪਤਾਲਾਂ ਵਿੱਚ ਕਰਨ ਨੂੰ ਲੈ ਕੇ ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਵਜੀਦਕੇ ਕਲਾਂ, ਗੰਗੋਹਰ ਅਤੇ ਪੰਡੋਰੀ ਵਿਖੇ ਕੇਂਦਰ ਤੇ ਰਾਜ ਸਰਕਾਰਾਂ ਜੇ ਅਰਥੀ ਫ਼ੂਕ ਮੁਜ਼ਾਹਰੇ ਕਰਕੇ 1 ਜੂਨ ਤੋਂ ਖੇਤੀਬਾੜੀ ਸੈਕਟਰਾਂ ਲਈ 10 ਘੰਟੇ ਬਿਜਲੀ ਸਪਲਾਈ ਦੇਣ ਓਵਰਲੋਡ ਚੱਲ ਰਹੇ ਟਰਾਂਸਫਾਰਮਰਾਂ ਨੂੰ ਬਦਲ ਕੇ ਵੱਧ ਸਮਰਥਾ ਵੱਲੋਂ ਟਰਾਂਸਫਾਰਮ ਰੱਖਣ ਕੰਡਮ ਹੋ ਚੁੱਕੀਆਂ ਬਿਜਲੀ ਲੈਣਾ ਦੀਆਂ ਤਾਰਾਂ ਨੂੰ ਬਦਲ ਕੇ ਨਵੀਆਂ ਤਾਰਾਂ ਪਾਉਣ ਦੀ ਮੰਗ ਕੀਤੀ ।ਇਸ ਮੌਕੇ ਜਥੇਬੰਦੀ ਦੇ ਬਲਾਕ ਜਨਰਲ ਸਕੱਤਰ ਕੁਲਜੀਤ ਸਿੰਘ ਵਜੀਦਕੇ ,ਕੁਲਦੀਪ ਸਿੰਘ ਚੁਹਾਣਕੇ, ਦਰਸ਼ਨ ਸਿੰਘ ਸੰਧੂ ਗੰਗੋਹਰ ਸਕੱਤਰ ਨੰਬਰਦਾਰ ਹਰਜਿੰਦਰ ਸਿੰਘ ਵਜੀਦਕੇ ਕਲਾਂ ,ਚਰਨਜੀਤ ਸਿੰਘ ਦਿਓਲ ਗੰਗੋਹਰ ,ਪ੍ਰਧਾਨ ਜੋਗਿੰਦਰ ਸਿੰਘ ਤੇ ਸਕੱਤਰ ਗੁਰਦੀਪ ਸਿੰਘ, ਮਹਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਸੰਸਾਰ ਭਰ ਵਿੱਚ ਕਰੋਨਾ ਵਾਇਰਸ ਦੇ ਚੱਲ ਰਹੇ ਕਰੂਪ ਦੇ ਮੱਦੇਨਜ਼ਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲੋਕ ਡਾਊਨ ਤੇ ਕਰਫ਼ਿਊ ਦੇ ਹੁਕਮ ਜਾਰੀ ਕਰਨ ਤੋਂ ਬਾਅਦ ਕਿਸਾਨਾਂ ਤੇ ਮਜ਼ਦੂਰਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋਣ ਕਾਰਨ ਕਿਸਾਨ ਤੇ ਮਜ਼ਦੂਰ ਦੀ ਹਾਲਤ ਲਗਾਤਾਰ ਨਿੱਘਰਦੀ ਜਾ ਰਹੀ ਹੈ ਕਿਉਂਕਿ ਕਿਸਾਨਾਂ ਨੂੰ ਜਿਣਸਾਂ ਦੇ ਲਾਹੇਵੰਦ ਭਾਅ ਨਾ ਮਿਲਣ ਅਤੇ ਮਜ਼ਦੂਰਾਂ ਨੂੰ ਪੂਰਾ ਰੁਜ਼ਗਾਰ ਨਾ ਮਿਲਣ ਕਾਰਨ ਉਨ੍ਹਾਂ ਦੇ ਖੇਤੀਬਾੜੀ ਧੰਦੇ ਅਤੇ ਰੁਜ਼ਗਾਰ ਦੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ । ਪਰ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ਼ ਕਰਕੇ ਕਿਸਾਨ ਤੇ ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਦੇ ਖੇਤੀਬਾੜੀ ਦੇ ਧੰਦੇ ਲਗਾਤਾਰ ਤਬਾਹ ਹੋਣ ਕਾਰਨ ਕਿਸਾਨ ਆਪਣੇ ਸਿਰ ਚੜ੍ਹੇ ਕਰਜ਼ਿਆਂ ਨੂੰ ਦੇਖਦਿਆਂ ਲਗਾਤਾਰ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਹਨ। ਪਰ ਕੇਂਦਰ ਤੇ ਰਾਜ ਸਰਕਾਰਾਂ ਕਿਸਾਨਾਂ ਤੇ ਮਜ਼ਦੂਰਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਤਾਂ ਪੂਰੇ ਕਰਨੇ ਕੀ ਸੀ ਸਗੋਂ ਵੱਡੇ ਵੱਡੇ ਟੈਕਸ ਲਗਾ ਕੇ ਕਿਸਾਨ ਤੇ ਮਜ਼ਦੂਰ ਦੀ ਆਰਥਿਕ ਹਾਲਤ ਨੂੰ ਹੋਰ ਮੰਦਹਾਲੀ ਵੱਲ ਧੱਕਿਆ ਜਾ ਰਿਹਾ ਹੈ। ਉਕਤ ਆਗੂਆਂ ਨੇ ਕੇਂਦਰ ਤੇ ਰਾਜ ਸਰਕਾਰਾਂ ਪਾਸੋਂ ਮੰਗ ਕੀਤੀ ਕਿ ਝੋਨੇ ਦੀ ਲਵਾਈ ਦੇ ਸੀਜਨ ਦੌਰਾਨ ਖੇਤੀਬਾੜੀ ਸੈਕਟਰਾਂ ਨੂੰ 1 ਜੂਨ ਤੋਂ 10 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਓਵਰਲੋਡ ਟਰਾਂਸਫਾਰਮਰਾਂ ਦੀ ਸਮਰੱਥਾ ਵਧਾ ਕੇ ਨਵੇਂ ਟਰਾਂਸਫਾਰਮਰ ਰੱਖੇ ਜਾਣ ਕੰਡਮ ਹੋ ਚੁੱਕੀਆਂ ਤਾਰਾਂ ਨੂੰ ਬਦਲ ਕੇ ਨਵੀਆਂ ਤਾਰਾਂ ਪਾਈਆਂ ਜਾਣ ਅਤੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਹਸਪਤਾਲਾਂ ਵਿੱਚ ਹੀ ਕੀਤਾ ਜਾਵੇ।