ਐਸ.ਏ.ਐਸ. ਨਗਰ (ਮੁਹਾਲੀ), ਮਾਰਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲ ਪਰਿਵਾਰ ਦੇ ਅਤਿ ਨਜ਼ਦੀਕੀ, ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਸਾਬਕਾ ਮੈਂਬਰ ਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀਆਂ ਮੁਸ਼ਕਲਾਂ ਹੋਰ ਵਧਣੀਆਂ ਸ਼ੁਰੂ ਹੋ ਗਈਆਂ ਹਨ। ਲੋਕਾਂ ਸਭਾ ਚੋਣਾਂ ਦੇ ਐਨ ਮੌਕੇ ਮੁਹਾਲੀ ਅਦਾਲਤ ਵੱਲੋਂ ਜਥੇਦਾਰ ਕੋਲਿਆਂਵਾਲੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਰੱਦ ਕਰਨ ਤੋਂ ਬਾਅਦ ਹੁਣ ਪੰਜਾਬ ਵਿਜੀਲੈਂਸ ਨੇ ਅਕਾਲੀ ਜਥੇਦਾਰ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੀਆਂ ਟੀਮਾਂ ਵੱਲੋਂ ਅਕਾਲੀ ਆਗੂ ਦੀ ਗ੍ਰਿਫ਼ਤਾਰੀ ਲਈ ਅੱਜ ਕਈ ਥਾਵਾਂ ’ਤੇ ਛਾਪੇ ਮਾਰੇ ਗਏ।
ਇਸ ਸਬੰਧੀ ਵਿਜੀਲੈਂਸ ਦੇ ਐਸਐਸਪੀ ਅਸ਼ੋਕ ਬਾਠ ਨੇ ਦੱਸਿਆ ਕਿ ਜਥੇਦਾਰ ਕੋਲਿਆਂਵਾਲੀ ਖ਼ਿਲਾਫ਼ ਪਹਿਲਾਂ ਤੋਂ ਦਰਜ ਕੇਸ ਵਿੱਚ ਹੁਣ ਆਈਪੀਸੀ ਦੀ ਧਾਰਾ 120ਬੀ, 465, 467, 468 ਅਤੇ 471 ਦੇ ਤਹਿਤ ਜੁਰਮ ਵਿੱਚ ਹੋਰ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਥੇਦਾਰ ਨੇ ਜ਼ਮੀਨ ਦੇ ਤਬਾਦਲੇ ਸਬੰਧੀ ਦੂਜੀ ਧਿਰ ਨਾਲ ਧੋਖਾਧੜੀ ਕੀਤੀ ਹੈ। ਅਕਾਲੀ ਆਗੂ ਨੇ ਜ਼ਮੀਨ ਤਬਾਦਲੇ ਸਬੰਧੀ ਦੂਜੀ ਧਿਰ ਤੋਂ ਤਾਂ ਲੋੜੀਂਦੀ ਜ਼ਮੀਨ ਆਪਣੇ ਨਾਂ ਕਰਵਾ ਲਈ ਪਰ ਬਦਲੇ ਵਿੱਚ ਜਿਹੜੀ ਜ਼ਮੀਨ ਦੂਜੀ ਧਿਰ ਨੂੰ ਦਿੱਤੀ ਗਈ, ਉਹ ਜਥੇਦਾਰ ਦੀ ਮਲਕੀਅਤ ਨਹੀਂ ਸੀ। ਜਥੇਦਾਰ ਵੱਲੋਂ ਉਕਤ ਦੇ ਜਾਅਲੀ ਦਸਤਾਵੇਜ਼ ਤਿਆਰ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਜਥੇਦਾਰ ਦੀ ਗ੍ਰਿਫ਼ਤਾਰੀ ਲਈ ਸ਼ੁੱਕਰਵਾਰ ਸ਼ਾਮ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਕੋਲਿਆਂਵਾਲੀ ਤੇ ਹੋਰ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਸਨ। ਅੱਜ ਵੀ ਵਿਜੀਲੈਂਸ ਦੀਆਂ ਵੱਖ ਵੱਖ ਟੀਮਾਂ ਵੱਲੋਂ ਕਈ ਥਾਵਾਂ ’ਤੇ ਛਾਪੇ ਮਾਰੇ ਗਏ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਥੇਦਾਰ ਦੀ ਉਨ੍ਹਾਂ ਦੇ ਜੱਦੀ ਪਿੰਡ ਕੋਲਿਆਂਵਾਲੀ ਵਿੱਚ ਸਥਿਤ ਮਹਿਲਨੁਮਾ ਆਲੀਸ਼ਾਨ ਕੋਠੀ ਦੀ ਪੈਮਾਇਸ਼ ਬਾਰੇ ਜਾਂਚ ਰਿਪੋਰਟ ਮਿਲ ਗਈ ਹੈ। ਵਿਜੀਲੈਂਸ ਵਲੋਂ ਜਥੇਦਾਰ ਖ਼ਿਲਾਫ਼ ਦਰਜ ਕੇਸ ਵਿੱਚ ਜਿਹੜੇ ਦੋਸ਼ ਲਗਾਏ ਗਏ ਹਨ, ਜਾਂਚ ਵਿੱਚ ਸਹੀ ਸਾਬਤ ਹੋਏ ਹਨ। ਇੱਥੇ ਇਹ ਦੱਸਣਯੋਗ ਹੈ ਕਿ ਅਕਾਲੀ ਜਥੇਦਾਰ ਵਿਰੁੱਧ ਬੀਤੀ ਪਹਿਲੀ ਜੁਲਾਈ ਨੂੰ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।