ਖੰਨਾ/ਲੁਧਿਆਣਾ, ਮਈ 2020 -(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-
ਖੰਨਾ ਦੇ ਆਹਲੂਵਾਲੀਆ ਮੁਹੱਲੇ ਦੀ 13 ਸਾਲ ਦੀ ਕੁੜੀ ਕੋਰੋਨਾ ਪਾਜ਼ੇਟਿਵ ਆਈ ਹੈ। ਜਿਸ ਦੇ ਬਾਅਦ ਸਿਹਤ ਵਿਭਾਗ ਸੋਮਵਾਰ ਦੀ ਸਵੇਰੇ ਹੀ ਹਰਕਤ 'ਚ ਆ ਗਿਆ ਪਰ ਇਸ ਕੇਸ ਨੂੰ ਲੈ ਕੇ ਵਿਭਾਗ ਦੀ ਵੱਡੀ ਫਿਕਰ ਇਹ ਹੈ ਕਿ ਬੱਚੀ ਦੇ ਕੋਰੋਨਾ ਪੀੜ੍ਹਤ ਹੋਣ ਦੇ ਸੰਪਰਕ ਦਾ ਪਤਾ ਨਹੀਂ ਲੱਗਿਆ। ਬੱਚੀ ਦੇ ਮਾਪਿਆਂ ਅਨੁਸਾਰ ਬੱਚੀ ਲਾਕਡਾਊਨ ਦੇ ਬਾਅਦ ਘਰ ਤੋਂ ਬਾਹਰ ਹੀ ਨਹੀਂ ਨਿਕਲੀ ਸੀ ਤੇ ਜਿਆਦਾਤਰ ਸਮ੍ਹਾਂ ਘਰ 'ਚ ਪਹਿਲੀ ਮੰਜਿਲ 'ਤੇ ਕਮਰੇ 'ਚ ਹੀ ਗੁਜ਼ਾਰਦੀ ਸੀ।
ਸਿਹਤ ਵਿਭਾਗ ਦੀ ਟੀਮ ਸੋਮਵਾਰ ਨੂੰ ਕੁੜੀ ਦੇ ਘਰ ਪਹੁੰਚੀ ਤੇ ਪਰਿਵਾਰ ਦੇ ਮੈਂਬਰਾਂ ਨਾਲ ਸਿਵਲ ਹਸਪਤਾਲ ਲੈ ਕੇ ਪਹੁੰਚੇ। ਬੱਚੀ ਦੇ ਦਾਦੇ, ਦਾਦੀ, ਪਿਤਾ, ਮਾਂ ਤੇ ਛੋਟੇ ਭਰਾ ਦੇ ਸੈਂਪਲ ਇਕੱਠੇ ਕਰਨ ਦੇ ਬਾਅਦ ਸਾਰੇ ਪੰਜੇ ਮੈਂਬਰਾਂ ਨੂੰ ਸਿਵਲ ਹਸਪਤਾਲ 'ਚ ਹੀ ਆਈਸੋਲੇਟ ਕੀਤਾ ਗਿਆ ਹੈ। ਇਸਦੇ ਇਲਾਵਾ ਪਰਿਵਾਰ ਦੇ ਸੰਪਰਕ 'ਚ ਆਏ 10 ਹੋਰ ਲੋਕਾਂ ਨੂੰ ਵੀ ਘਰਾਂ 'ਚ ਹੀ ਕੁਆਰੰਟਾਇਨ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬੱਚੀ ਨੂੰ ਸਕੂਲ 'ਚ ਪੜ੍ਹਦੇ ਸਮੇਂ ਹੀ ਕਰੀਬ ਚਾਰ ਮਹੀਨੇ ਪਹਿਲਾਂ ਸਾਹ ਦੀ ਤਕਲੀਫ਼ ਹੋਈ ਸੀ, ਉਸਦਾ ਕਈ ਡਾਕਟਰਾਂ ਕੋਲ ਇਲਾਜ ਕਰਵਾਇਆ ਸੀ। ਉਸਦੇ ਬਾਅਦ ਉਹ ਠੀਕ ਰਹੀ ਪਰ ਤਿੰਨ ਦਿਨ ਪਹਿਲਾਂ ਹੀ ਉਸਨੂੰ ਫਿਰ ਤੋਂ ਸਾਹ ਲੈਣ ਦੀ ਤਕਲੀਫ਼ ਹੋਈ ਤਾਂ ਖੰਨਾ ਦੇ ਨਿੱਜੀ ਹਸਪਤਾਲ 'ਚ ਲਿਆਂਦਾ ਗਿਆ। ਡਾਕਟਰ ਦੀ ਸਲਾਹ ਦੇ ਬਾਅਦ ਹੀ ਉਸਨੂੰ ਕੋਰੋਨਾ ਟੈਸਟ ਲਈ ਲੁਧਿਆਣਾ ਲੈ ਕੇ ਗਏ। ਜਿੱਥੇ ਉਹ ਕੋਰੋਨਾ ਪਾਜ਼ੇਟਿਵ ਆਈ।
ਸੋਮਵਾਰ ਨੂੰ ਖੰਨਾ ਪੁਲਿਸ ਨੇ ਕੁੜੀ ਦੇ ਘਰ ਜਾਣ ਵਾਲੀ ਗਲੀ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ। ਦੋਵੇਂ ਪਾਸਿਆਂ ਤੋਂ ਦਾਖ਼ਲੇ 'ਤੇ ਰੋਕ ਲਗਾ ਦਿੱਤੀ। ਫਾਇਰ ਅਫਸਰ ਯਸ਼ਪਾਲ ਰਾਏ ਗੋਮੀ ਦੀ ਅਗਵਾਈ 'ਚ ਟੀਮ ਨੇ ਗਲੀਨੂੰ ਸੈਨੇਟਾਇਜ ਕੀਤਾ।
ਪਰਿਵਾਰ ਦੀ ਰਿਪੋਰਟ ਆਉਣ ਵਿਚ ਦੇਰੀ-ਐੱਸਐੱਮਓ
ਸਿਵਲ ਹਸਪਤਾਲ ਖੰਨਾ ਦੇ ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਕਿਹਾ ਕਿ ਪਰਿਵਾਰ ਦੇ ਹੋਰ ਮੈਂਬਰਾਂ ਦੀ ਰਿਪੋਰਟ ਹਾਲੇ ਨਹੀਂ ਆਈ, ਜਿਸ ਤੋਂ ਬਾਅਦ ਹੀ ਬੱਚੀ ਦੇ ਕੋਰੋਨਾ ਪੀੜ੍ਹਤ ਹੋਣ ਦੇ ਕਾਰਨਾਂ ਦਾ ਪਤਾ ਲੱਗੇਗਾ। ਸੰਭਵ ਹੈ ਕਿ ਪਰਿਵਾਰ ਦੇ ਕਿਸੇ ਮੈਂਬਰ ਨੂੰ ਵੀ ਇਫੈਕਸ਼ਨ ਹੋਈ ਹੋਵੇ ਤੇ ਇਮੀਊਨਿਟੀ ਸਿਸਟਮ ਤਾਕਤਵਰ ਹੋਣ ਕਰਕੇ ਅਸਰ ਨਾ ਹੋਇਆ ਹੋਵੇ ਤੇ ਬੱਚੀ ਨੂੰ ਇਸ ਦਾ ਅਸਰ ਹੋ ਗਿਆ ਹੋਵੇ।