You are here

ਗੈਂਗਸਟਰ ਬਿੱਲਾ ਮੰਡਿਆਲਾ ਸੱਤ ਸਾਥੀਆਂ ਸਮੇਤ ਗ੍ਰਿਫ਼ਤਾਰ

ਹਥਿਆਰਾਂ ਦੀ ਵੱਡੀ ਖੇਪ ਬਰਾਮਦ ਹੋਈ

ਚੰਡੀਗੜ੍ਹ, ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਨਾਮੀ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਅਤੇ ਸੁਖਜਿੰਦਰ ਸਮੇਤ ਸੱਤ ਖੂੰਖਾਰ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਕਿਸੇ ਗੈਂਗਸਟਰ ਗਿਰੋਹ ਤੋਂ ਹਥਿਆਰਾਂ ਦੀ ਵੱਡੀ ਖੇਪ ਦੀ ਬਰਾਮਦੀ ਦਾ ਦਾਅਵਾ ਕਰਦੇ ਹੋਏ ਪੰਜਾਬ ਪੁਲਿਸ ਨੇ ਕਿਹਾ ਕਿ ਬਿੱਲਾ ਗਿਰੋਹ ਕੋਲੋਂ ਜਰਮਨੀ 'ਚ ਬਣੀ ਐੱਸਆਈਜੀ ਸਾਏਰ ਵਰਗੇ ਅਤਿ ਆਧੁਨਿਕ ਪਿਸਤੌਲ ਬਰਾਮਦ ਹੋਏ ਹਨ ਜਿਨ੍ਹਾਂ ਨੂੰ ਯੂਐੱਸਏ ਦੇ ਰਾਸ਼ਟਰਪਤੀ ਦੀ ਸੁਰੱਖਿਆ 'ਚ ਤਾਇਨਾਤ ਯੂਐੱਸ ਸੀਕ੍ਰੇਟ ਸਰਵਿਸ ਦੇ ਜਵਾਨ ਪ੍ਰਯੋਗ ਕਰਦੇ ਹਨ।

ਬਿੱਲਾ ਦਾ ਸੰਪਰਕ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਹਰਮੀਤ ਸਿੰਘ ਹੈਪੀ ਅਤੇ ਜਰਮਨੀ 'ਚ ਰਹਿਣ ਵਾਲੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਬੱਗਾ ਨਾਲ ਵੀ ਰਿਹਾ ਹੈ। ਉਸ ਦੇ ਖ਼ਿਲਾਫ਼ ਹੱਤਿਆ, ਹੱਤਿਆ ਦਾ ਯਤਨ ਅਤੇ ਹਥਿਆਰਾਂ ਤੇ ਨਸ਼ੇ ਦੀ ਤਸਕਰੀ ਵਰਗੇ 18 ਸੰਗੀਨ ਮਾਮਲੇ ਦਰਜ ਹਨ। ਇਹ ਕਾਰਵਾਈ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਦੀ ਯੂਨਿਟ, ਜਲੰਧਰ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਅਤੇ ਕਪੂਰਥਲਾ ਦੀ ਪੁਲਿਸ ਨੇ ਸਾਂਝੇ ਤੌਰ 'ਤੇ ਕੀਤੀ ਹੈ।

ਬਿੱਲਾ ਦੀ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਨੇ ਕਿਹਾ ਕਿ ਯੂਨਿਟ ਦੇ ਏਐੱਸਆਈ ਗੁਰਮੀਤ ਚੌਹਾਨ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਡੀਐੱਸਪੀ ਬਿਕਰਮ ਬਰਾੜ ਨੂੰ ਇਸ ਮਿਸ਼ਨ 'ਤੇ ਤਾਇਨਾ ਕੀਤਾ ਗਿਆ। ਬਰਾੜ ਨੇ ਜਲੰਧਰ ਕਾਊਂਟਰ ਇੰਟੈਲੀਜੈਂਸ ਯੂਨਿਟ ਦੇ ਏਆਈਜੀ ਹਰਕਮਲਪ੍ਰੀਤ ਸਿੰਘ ਖਾਖ ਅਤੇ ਐੱਸਐੱਸਪੀ, ਕਪੂਰਥਲਾ ਸਤਿੰਦਰ ਸਿੰਘ ਦੀ ਸਹਾਇਤਾ ਨਾਲ ਸੁਲਤਾਨਪੁਰ ਲੋਧੀ ਪੁਲਿਸ ਥਾਣੇ ਕੋਲ ਦਾਦਵਿੰਡੀ ਅਤੇ ਮੋਠਨਵਾਲਾ ਖੇਤਰ 'ਚ ਜਾਲ ਵਿਛਾਇਆ। ਜਿੱਥੋਂ ਬਿੱਲਾ ਮੰਡਿਆਲਾ ਸਮੇਤ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਨ੍ਹਾ ਵਿੱਚ ਬਲਜਿੰਦਰ ਸਿੰਘ ਉਰਫ਼ ਬਿੱਲਾ ਮੰਡਿਆਲ ਤੋਂ ਇਲਾਵਾ ਅੰਮ੍ਰਿਤਸਰ ਦੇ ਸੁਖਜਿੰਦਰ ਸਿੰਘ ਅਤੇ ਕਪੂਰਥਲਾ ਦੇ ਮੋਹਿਤ ਸ਼ਰਮਾ, ਲਵਪ੍ਰੀਤ ਸਿੰਘ, ਮੰਗਲ ਸਿੰਘ, ਮਨਿੰਦਰਜੀਤ ਸਿੰਘ ਉਰਫ਼ ਹੈਪੀ ਅਤੇ ਵਲਟੋਹਾ ਦੇ ਲਵਪ੍ਰੀਤ ਸਿੰਘ ਉਰਫ਼ ਲਵਲੀ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 384,465,467,468,471,473,489 ਅਤੇ ਆਰਮਜ਼ ਐਕਟ ਦੀ ਧਾਰਾ 13,18, ਯੂਏਪੀਏ ਅਤੇ 25 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਨ੍ਹਾਂ ਗੈਂਗਸਟਰਾਂ ਦੇ ਕਬਜ਼ੇ 'ਚੋਂ 30 ਬੋਰ ਦੀਆਂ ਦੋ ਡਰੰਮ ਮਸ਼ੀਨ ਗੰਨਾਂ, ਜਰਮਨੀ ਮੇਡ ਐੱਸਆਈਜੀ ਸਾਏਰ ਬ੍ਰਾਂਡ ਦੇ ਤਿੰਨ ਪਿਸਤੌਲ, ਆਸਟ੍ਰੀਆ ਮੇਡ ਦੋ ਬਲਾਕ ਪਿਸਤੌਲ, ਦੋ 30 ਬੋਰ ਪਿਸਤੌਲ, ਇਕ 32 ਬੋਰਡ ਪਿਸਤੌਲ, ਇਕ .315 ਬੋਰਡ ਰਾਈਫਲ, 341 ਜ਼ਿੰਦਾ ਕਾਰਤੂਸ ਅਤਾ ਦੋ ਡਰੰਮ ਮੈਗਜ਼ੀਨ ਤੋਂ ਇਲਾਵਾ 14 ਪਿਸਤੌਲ ਮੈਗਜ਼ੀਨ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇਨ੍ਹਾਂ ਕੋਲੋਂ 3.08 ਲੱਖ ਰੁਪਏ ਅਤੇ ਇਕ ਸੌ ਆਸਟ੍ਰੇਲੀਅਨ ਡਾਲਰ ਵੀ ਮਿਲੇ ਹਨ।