ਦੋਸਤੋ, ਅੱਜ ਗੱਲ ਕਰਦੇ ਹਾਂ ਪੰਜਾਬ ਵਿੱਚੋਂ ਮਜਦੂਰਾਂ ਦੇ ਪਲਾਇਣ ‘ਤੇ, ਉਹਨਾਂ ਦੇ ਜਾਣ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ‘ਤੇ ,ਉਨ੍ਹਾਂ ਦੁਆਰਾ ਖਾਲੀ ਕੀਤੇ ਸਥਾਨਾਂ ਨੂੰ ਭਰਨ ਬਾਰੇ ਅਤੇ ਪੰਜਾਬ ਦੀ ਨੌਜਵਾਨੀ ਲਈ ਜਾਗੀ ਰੁਜ਼ਗਾਰ ਦੀ ਆਸ ਬਾਰੇ।
ਕਰੋਨਾ ਦੇ ਕਾਰਨ ਲਗਭਗ ਹਰ ਦੇਸ਼ ਦਾ ਕਾਰੋਬਾਰ ਬੰਦ ਹੈ। ਸਾਡੇ ਦੇਸ਼ ਵਿੱਚ ਵੀ ਸਭ ਕੰਮ ਧੰਦੇ ਠੱਪ ਨੇ। ਪੰਜਾਬ ਦੀਆਂ 98 ਪ੍ਰਤੀਸ਼ਤ ਉਦਯੋਗਿਕ ਇਕਾਈਆਂ ਵੀ ਬੰਦ ਪਈਆਂ ਹਨ। ਇਹਨਾਂ ਉਦਯੋਗਿਕ ਇਕਾਈਆਂ ਵਿੱਚ ਜੋ ਮਜ਼ਦੂਰ ਕੰਮ ਕਰਦੇ ਹਨ ਉਹ ਲਗਭਗ ਦੂਸਰੇ ਰਾਜਾਂ ਤੋਂ ਆਏ ਹਨ। ਕਰੋਨਾ ਦੀ ਮਹਾਂਮਾਰੀ ਤੋਂ ਬਚਾਅ ਲਈ ਸਰਕਾਰ ਵੱਲੋਂ ਜੋ ਪਿਛਲੇ ਡੇਢ ਮਹੀਨੇ ਤੋਂ ਤਾਲਾਬੰਦੀ ਕੀਤੀ ਗਈ ਹੈ ਉਸ ਕਾਰਨ ਇਨ੍ਹਾਂ ਦੇ ਸਾਹਮਣੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਨਾ ਵੀ ਬਹੁਤ ਮੁਸਕਿਲ ਹੋਇਆ ਪਿਆ ਹੈ ਭਾਵੇਂ ਪੰਜਾਬ ਵਾਸੀਆਂ ਨੇ ਹੁਣ ਤੱਕ ਰਾਸਨ ਤੇ ਲੰਗਰ ਦੀ ਕੋਈ ਵੀ ਕਮੀਂ ਨਹੀਂ ਆਉਣ ਦਿੱਤੀ ਪਰ ਇਹ ਮਜ਼ਦੂਰ ਪੰਜਾਬ ਵਿੱਚ ਕੰਮ ਕਰਨ ਲਈ ਆਏ ਸਨ ਹੁਣ ਜਦ ਕੋਈ ਕੰਮ ਧੰਦਾ ਹੀ ਨਹੀਂ ਤਾਂ ਉਨ੍ਹਾਂ ਨੇ ਵੀ ਵਾਪਿਸ ਜਾਣਾ ਠੀਕ ਸਮਝਿਆ ਇਸ ਲਈ ਹੁਣ ਤੱਕ ਲਗਭਗ ਦਸ ਲੱਖ ਮਜ਼ਦੂਰਾਂ ਵੱਲੋਂ ਵਾਪਿਸ ਜਾਣ ਲਈ ਰਜਿਸਟਰੇਸ਼ਨ ਕਰਵਾਇਆ ਜਾ ਚੁੱਕਾ ਹੈ, ਇਕੱਲੇ ਲੁਧਿਆਣਾ ਤੋਂ ਹੀ ਪੌਣੇ ਛੇ ਲੱਖ ਦੇ ਕਰੀਬ ਮਜ਼ਦੂਰਾਂ ਨੇ ਵਾਪਸੀ ਲਈ ਬੇਨਤੀ ਕੀਤੀ ਹੈ। ਬਾਕੀ ਮਾੜੇ ਵਕਤ ਵਿੱਚ ਹਰ ਕੋਈ ਆਪਣੇ ਘਰ ਜਾਣ ਨੂੰ ਪਹਿਲ ਦਿੰਦਾ ਹੈ ਚਾਹੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਵੇ, ਆਪਣੇ ਘਰ ਪਰਿਵਾਰ ਵਿੱਚ ਜਾ ਕੇ ਹਰ ਇਨਸਾਨ ਖ਼ੁਸ਼ੀ ਮਹਿਸੂਸ ਕਰਦਾ ਹੈ। ਇਸ ਲਈ ਅਸੀਂ ਇਨ੍ਹਾਂ ਨੂੰ ਗਲਤ ਨਹੀਂ ਕਹਿ ਸਕਦੇ, ਸਰਕਾਰ ਨੂੰ ਚਾਹੀਦਾ ਸੀ ਕਿ ਇਨ੍ਹਾਂ ਦੇ ਪਲਾਇਣ ਨੂੰ ਰੋਕਣ ਲਈ ਉਚਿਤ ਕਦਮ ਚੁੱਕੇ ਪਰ ਸਰਕਾਰ ਤਾਂ ਪੰਜਾਬ ਦੇ ਪੱਕੇ ਵਸਨੀਕਾਂ ਲਈ ਵੀ ਹੁਣ ਤੱਕ ਕੋਈ ਕਾਰਗਰ ਸਾਬਤ ਹੋਣ ਵਾਲੀ ਯੋਜਨਾ ਨਹੀਂ ਲਾਗੂ ਕਰ ਸਕੀ ਇਹ ਤਾਂ ਫਿਰ….
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਹ ਸਭ ਮਜ਼ਦੂਰ ਆਪਣੇ ਘਰ ਵਾਪਿਸ ਚਲੇ ਜਾਂਦੇ ਹਨ ਤਾਂ ਕੀ ਹੋਵੇਗਾ ? ਬਹੁਤਿਆਂ ਨੇ ਕਹਿਣਾ ਕਿ ਕੋਈ ਖ਼ਾਸ ਫਰਕ ਨਹੀਂ ਪੈਂਦਾ।ਹਕੀਕਤ ਵਿੱਚ ਇਨ੍ਹਾਂ ਦੇ ਜਾਣ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝਣਾ ਪੈਣਾ। ਮੈਂ ਕੋਈ ਅਰਥ ਸਾਸ਼ਤਰੀ ਤਾਂ ਨਹੀਂ ਪਰ ਫਿਰ ਇਹ ਕਹਾਂਗਾ ਕਿ ਜੇ ਇਨ੍ਹਾਂ ਵਿੱਚੋਂ ਅੱਧੇ ਵੀ ਵਾਪਸ ਚਲੇ ਗਏ ਤਾਂ ਪੰਜਾਬ ਦੀ ਅਰਥ ਵਿਵਸਥਾ ਹਿੱਲ ਜਾਵੇਗੀ। ਕਾਰਖਾਨੇ ਮਜ਼ਦੂਰਾਂ ਦੀ ਕਮੀ ਨਾਲ ਜੂਝਦੇ ਨਜ਼ਰ ਆਉਣਗੇ ਤੇ ਸਾਇਦ ਬਹੁਤੇ ਬੰਦ ਹੋ ਜਾਣ ਜਾਂ ਕਿਸੇ ਹੋਰ ਸੂਬੇ ਵਿੱਚ ਚਲੇ ਜਾਣ, ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੋਣ ਕਾਰਨ ਪੰਜਾਬ ਵਿੱਚ ਖੇਤ ਮਜ਼ਦੂਰਾਂ ਦੀ ਕਮੀ ਵੀ ਰੜਕੂ, ਹੋਰ ਤਾਂ ਹੋਰ ਸਾਨੂੰ ਸਬਜ਼ੀਆਂ, ਫਲ਼ਾਂ ਤੇ ਫਾਸਟ ਫੂਡ ਦੀਆਂ ਰੇਹੜੀਆਂ ਵੀ ਬਹੁਤ ਘੱਟ ਨਜ਼ਰ ਆਉਣਗੀਆਂ। ਇਹਨਾਂ ਤੋਂ ਇਲਾਵਾ ਹੋਰ ਵੀ ਨਿੱਕੀਆਂ ਮੋਟੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
ਪੰਜਾਬ ਜਿਸ ਦੇ ਬਹੁਤੇ ਉਦਯੋਗ ਪਹਿਲਾਂ ਹੀ ਪੰਜਾਬ ਤੋਂ ਬਾਹਰ ਜਾ ਚੁੱਕੇ ਹਨ, ਜੇ ਹਕੀਕਤ ਵਿੱਚ ਅਜਿਹਾ ਹੋਇਆ ਤਾਂ ਬਾਕੀ ਉਦਯੋਗ ਵੀ ਪੰਜਾਬ ਤੋਂ ਬਾਹਰ ਚਲੇ ਜਾਣਗੇ। ਹੁਣ ਇਹਨਾਂ ਮਜ਼ਦੂਰਾਂ ਵੱਲੋਂ ਖਾਲੀ ਕੀਤੇ ਸਥਾਨਾਂ ਨੂੰ ਕੌਣ ਭਰੇਗਾ ? ਇਸਦਾ ਇੱਕ ਹੀ ਉੱਤਰ ਹੈ ਤੇ ਉਹ ਹੈ ਪੰਜਾਬ ਦੇ ਨੌਜਵਾਨ। ਹੁਣ ਪੰਜਾਬ ਦੇ ਨੌਜਵਾਨਾਂ ਜੋ ਬੇਰੁਜ਼ਗਾਰੀ, ਆਰਥਿਕ ਮੰਦਹਾਲੀ, ਨਸ਼ਿਆਂ, ਕਰਜੇ ਆਦਿ ਸਮੱਸਿਆਵਾਂ ਨਾਲ ਜੂਝ ਰਹੇ ਹਨ, ਨੂੰ ਹਰ ਤਰ੍ਹਾਂ ਦੀ ਸੰਗ ਸ਼ਰਮ, ਛੋਟੇ ਵੱਡੇ ਕੰਮ ਦੇ ਫਰਕ ਛੱਡ ਅੱਗੇ ਆਉਣਾ ਪਵੇਗਾ। ਇਹਨਾਂ ਪ੍ਰਵਾਸੀ ਮਜ਼ਦੂਰਾਂ ਦੁਆਰਾ ਛੱਡੇ ਗਏ ਕੰਮਾਂ ਨੂੰ ਅਪਣਾਉਣਾ ਪਵੇਗਾ ਅਤੇ ਆਪਣੇ ਨਾਲ ਨਾਲ ਅਸੀਂ ਆਪਣੇ ਪੰਜਾਬ ਦੇ ਆਰਥਿਕ ਸੰਕਟ ਨੂੰ ਵੀ ਹੱਲ ਕਰਨ ਵਿੱਚ ਮਦਦ ਕਰ ਸਕਦੇ ਹਾਂ। ਇਹ ਜੋ ਪੰਜਾਬੀ ਨੌਜਵਾਨਾਂ ਲਈ ਰੁਜ਼ਗਾਰ ਦੀ ਆਸ ਜਾਗੀ ਹੈ, ਪੰਜਾਬੀਆਂ ਨੂੰ ਇਸ ਆਪਣੇ ਹੱਥੋਂ ਨਹੀਂ ਗੁਆਉਣਾ ਚਾਹੀਦਾ, ਸਗੋਂ ਪੰਜਾਬ ਨੂੰ ਫਿਰ ਤੋਂ ਖੜ੍ਹਾ ਹੋਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਜਿੱਥੇ ਪੰਜਾਬ ਦਾ ਪੈਸਾ ਪਹਿਲਾਂ ਪੰਜਾਬ ਤੋਂ ਬਾਹਰ ਮਾਲਕ ਅਤੇ ਮਜ਼ਦੂਰ ਦੋਨੋਂ ਹੀ ਲੈ ਕੇ ਜਾ ਰਹੇ ਸਨ ਹੁਣ ਇੰਨਾ ਤਾਂ ਹੋ ਸਕਦਾ ਕਿ ਇੱਕ ਪੱਖ ਦੀ ਕਮਾਈ ਤਾਂ ਪੰਜਾਬ ਵਿੱਚ ਰਹਿ ਸਕਦੀ ਹੈ ਅਤੇ ਪੰਜਾਬ, ਪੰਜਾਬੀ ਫਿਰ ਤੋਂ ਤਰੱਕੀ ਦੀਆਂ ਰਾਹਾਂ ਉੱਤੇ ਤੁਰ ਸਕਦੇ ਹਨ। ਮੈਂ ਕਿਸੇ ਦੂਸਰੇ ਸੂਬੇ ਤੋਂ ਪੰਜਾਬ ਵਿੱਚ ਆ ਕਿ ਕਿਸੇ ਦੇ ਕੰਮ ਦੇ ਵਿਰੋਧ ਵਿੱਚ ਨਹੀਂ ਤੇ ਨਾ ਹੀ ਕਿਸੇ ਦੇ ਹੱਕ ਖੋਹ ਕੇ ਆਪਣੇ ਕੰਮ ਚਮਕਾਉਣ ਦੇ ਹੱਕ ਵਿੱਚ ਹਾਂ, ਮੈਂ ਮੇਰੇ ਪੰਜਾਬ ਅਤੇ ਪੰਜਾਬੀਆਂ ਖੁਸ਼ਹਾਲ ਦੇਖਣਾ ਚਾਹੁੰਦਾ ਹਾਂ ਫਿਰ ਚਾਹੇ ਉਹ ਕੋਈ ਵੀ ਵਰਗ ਕਿਉਂ ਨਾ ਹੋਵੇ ਤੇ ਸਾਇਦ ਕੁਦਰਤ ਨੇ ਸਾਨੂੰ ਇਹ ਮੌਕੇ ਦਿੱਤਾ ਹੈ ਇਸ ਲਈ ਅਸੀਂ ਇਸ ਮੌਕੇ ਨੂੰ ਹੱਥੋਂ ਨਾ ਜਾਣ ਦਈਏ।