ਜਲੰਧਰ, ਮਾਰਚ ਪੰਜਾਬ ਏਕਤਾ ਪਾਰਟੀ ਦੇ ਆਗੂ ਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਪੱਸ਼ਟ ਕੀਤਾ ਕਿ ਜੇ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜੇਗੀ ਤਾਂ ਹੀ ਉਸ ਵਿਰੁੱਧ ਚੋਣ ਲੜਨਗੇ। ਜੇਕਰ ਉਹ ਆਪਣਾ ਹਲਕਾ ਛੱਡ ਕੇ ਫਿਰੋਜ਼ਪੁਰ ਤੋਂ ਚੋਣ ਲੜਦੀ ਹੈ ਤਾਂ ਫਿਰ ਉਹ ਚੋਣ ਨਹੀਂ ਲੜਨਗੇ। ਉਹ ਅੱਜ ਇਥੇ ਕੋਟਕਪੂਰਾ ਦੇ ਵਪਾਰੀ ਅਸ਼ਵਨੀ ਪਠੇਜਾ ਨੂੰ ਪੰਜਾਬ ਏਕਤਾ ਪਾਰਟੀ ਦੇ ਵਪਾਰ ਵਿੰਗ ਦਾ ਪ੍ਰਧਾਨ ਨਿਯੁਕਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸੁਖਪਾਲ ਖਹਿਰਾ ਨੇ ਕਿਹਾ ਕਿ ਬਠਿੰਡੇ ਤੋਂ ਭੱਜ ਕੇ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ਚੋਣ ਲੜਦੀ ਹੈ ਤਾਂ ਉਹ ਮੁਕਾਬਲਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਫਿਰੋਜ਼ਪੁਰ ਤੋਂ ਚੋਣ ਲੜਨਾ ਹੀ ਇਕ ਤਰ੍ਹਾਂ ਨਾਲ ਹਾਰ ਸਮਝਿਆ ਜਾਵੇਗਾ। ਬਠਿੰਡਾ ਲੋਕ ਸਭਾ ਹਲਕੇ ਵਿਚ ਉਸ ਨੇ ਕਰੋੜਾਂ ਦੀਆਂ ਗਰਾਂਟਾਂ ਵੰਡੀਆਂ ਤੇ ਵਿਕਾਸ ਦੇ ਦਾਅਵੇ ਕੀਤੇ ਹਨ ਪਰ ਲੋਕਾਂ ਦੀ ਨਾਰਾਜ਼ਗੀ ਕਰਕੇ ਉਹ ਅੰਦਰੋਂ ਅੰਦਰੀ ਬਠਿੰਡਾ ਤੋਂ ਭੱਜਣ ਦੀ ਤਿਆਰੀ ਕਰੀ ਬੈਠੀ ਹੈ। ਅਜਿਹੇ ਵਿਚ ਉਹ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪਾਰਟੀ ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨਗੇ ਜੋ ਬੀਬੀ ਜਗੀਰ ਕੌਰ ਦੇ ਮੁਕਾਬਲੇ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਫਰੀਦਕੋਟ ਹਲਕੇ ਤੋਂ ਵਿਧਾਇਕ ਬਲਦੇਵ ਸਿੰਘ ਲਈ ਵੀ ਚੋਣ ਪ੍ਰਚਾਰ ਕਰਨਗੇ।
ਪੰਜਾਬ ਡੈਮੋਕਰੈਟਿਕ ਗੱਠਜੋੜ ਨੇ 13 ਵਿਚੋਂ 12 ਸੀਟਾਂ ਦੀ ਵੰਡ ਭਾਈਵਾਲ ਪਾਰਟੀਆਂ ’ਚ ਕਰ ਲਈ ਹੈ ਪਰ ਸੰਗਰੂਰ ਲੋਕ ਸਭਾ ਸੀਟ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ। ਸ੍ਰੀ ਖਹਿਰਾ ਨੇ ਸੰਗਰੂਰ ਸੀਟ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਤੇ ਆਪ ਵਿਚ ਗੱਠਜੋੜ ਹੋਣ ਦੀ ਗੱਲ ਚੱਲ ਰਹੀ ਹੈ। ਜੇਕਰ ਇਥੇ ਕਾਂਗਰਸ ਨਾਲ ਆਪ ਦਾ ਗੱਠਜੋੜ ਸਿਰੇ ਚੜ੍ਹਦਾ ਹੈ ਤਾਂ ਸੰਗਰੂਰ ਤੋਂ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਚੋਣ ਲੜ ਸਕਦੇ ਹਨ ਤੇ ਲੁਧਿਆਣੇ ਤੋਂ ਕਿਸੇ ਹੋਰ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਕਹੇ ਜਾਂਦੇ ਬੱਬੀ ਬਾਦਲ ਵੱਲੋਂ ਟਕਸਾਲੀ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਟਿੱਪਣੀ ਕਰਦਿਆਂ ਖਹਿਰਾ ਨੇ ਕਿਹਾ ਕਿ ਇਸ ਨਾਲ ਟਕਸਾਲੀਆਂ ਨੂੰ ਕੋਈ ਵੀ ਫਾਇਦਾ ਨਹੀਂ ਹੋਵੇਗਾ ਕਿਉਂਕਿ ਪੰਜਾਬ ਦੇ ਲੋਕ ‘ਬਾਦਲ’ ਨਾਂ ਤੋਂ ਹੀ ਨਫਰਤ ਕਰਦੇ ਹਨ।