ਘਰ ਜਵਾਈ!
ਇਸ ਵੇਲੇ ਸੰਸਾਰ ਦੇ ਹੋਰਨਾਂ ਦੇਸ਼ਾਂ ਦੀ ਤਰ੍ਹਾਂ ਨਾਮੁਰਾਦ ਬਿਮਾਰੀ ਕੋਰੋਨਾ ਵਾਇਰਸ ਨੇ ਭਾਰਤ ਦੀਆਂ ਗੋਡੀਆਂ ਲਵਾ ਕੇ ਰੱਖ ਦਿੱਤੀਆਂ ਹਨ ਕਿਉਂਕਿ ਸਾਰਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਸਗੋਂ ਕੋਰੋਨਾ ਵਾਇਰਸ ਉਪਰ ਕਾਬੂ ਪਾਉਣ ਲਈ ਅਰਬਾਂ - ਖਰਬਾਂ ਦਾ ਖਰਚ ਪੈ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਡਾਵਾਂਡੋਲ ਹੋ ਰਹੀ ਸਥਿਤੀ ਨੂੰ ਹੋਰ ਬਦਤਰ ਹੋਣ ਤੋਂ ਬਚਾਅ ਕਰਨ ਲਈ ਸਰਕਾਰ ਤਾਲਾਬੰਦੀ /ਕਰਫਿਊ ਨੂੰ ਲੰਬੇ ਸਮੇਂ ਤੱਕ ਅੱਗੇ ਜਾਰੀ ਨਹੀਂ ਰੱਖ ਸਕਦੀ ਅਤੇ ਸਰਕਾਰ ਹੌਲੀ-ਹੌਲੀ ਤਾਲਾਬੰਦੀ ਦੇ ਸਮੇ ਨੂੰ ਘਟਾਉਂਦੀ ਜਾਵੇਗੀ ਪਰ ਡਰ ਇਸ ਗੱਲ ਦਾ ਹੈ ਕਿ ਜਿਉਂ ਜਿਉਂ ਤਾਲਾਬੰਦੀ ਦਾ ਸਮਾਂ ਘੱਟਦਾ ਜਾਵੇਗਾ ਕਿਤੇ ਤਿਉਂ ਤਿਉਂ ਕੋਰੋਨਾ ਵਾਇਰਸ ਤੋਂ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਵਿਚ ਕਿਤੇ ਵਾਧਾ ਨਾ ਹੋ ਜਾਵੇ। ਇਸ ਲਈ ਅਜਿਹੇ ਹਾਲਾਤਾਂ ਵਿੱਚ ਸਰਕਾਰ ਨੇ ਸਾਡੇ ਪਿਛੇ ਪਿਛੇ ਸਾਡੀ ਰਾਖੀ ਨਹੀਂ ਕਰਦੇ ਫਿਰਨਾ। ਅਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਸਾਨੂੰ ਸਰਕਾਰ ਅਤੇ ਡਾਕਟਰਾਂ ਵਲੋਂ ਜਾਰੀ ਕੀਤੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਪਾਬੰਦ ਹੋਣਾ ਪਵੇਗਾ। ਸੱਚ ਇਹ ਹੈ ਕਿ ਕੋਰੋਨਾ ਭਾਰਤ ਵਿਚ ਵਿਆਹ 'ਤੇ ਨਹੀਂ ਆਇਆ ਜਿਹੜਾ ਵਿਆਹ ਵੇਖ ਕੇ ਵਾਪਸ ਚਲਿਆ ਜਾਵੇਗਾ। ਕੋਰੋਨਾ ਦੀ ਸਥਿਤੀ ਤਾਂ ਘਰ ਜਵਾਈ ਵਾਲੀ ਹੈ। ਜਿਵੇਂ ਜਦੋਂ ਜਵਾਈ ਨਵਾਂ ਨਵਾਂ ਆ ਕੇ ਸਹੁਰੇ ਘਰ ਰਹਿੰਦਾ ਹੈ ਤਾਂ ਸਾਰੇ ਉਸ ਦੀ ਕਦਰ ਕਰਦੇ ਹਨ ਪਰ ਜਿਉਂ ਜਿਉਂ ਜਵਾਈ ਪੁਰਾਣਾ ਹੁੰਦਾ ਜਾਂਦਾ ਹੈ ਤਾਂ ਉਸ ਦੀ ਕਦਰ ਅਤੇ ਆਉ ਭਗਤ ਵੀ ਘੱਟਦੀ ਜਾਂਦੀ ਹੈ, ਉਹ ਪਰਿਵਾਰ ਵਿਚ ਨਹੀਂ ਬਲਕਿ ਪਿੰਡ /ਮੁਹੱਲੇ ਵਿਚ ਇਕ ਆਮ ਆਦਮੀ ਦੀ ਤਰ੍ਹਾਂ ਵਿਚਰਨ ਲੱਗ ਜਾਂਦਾ ਹੈ ਅਤੇ ਜਵਾਈ - ਭਾਈ ਵਾਲੀ ਚੜੀ ਪਾਣ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਕਈ ਜਵਾਈ ਵਿਗੜੇ ਹੁੰਦੇ ਹਨ,ਜਿਹੜੇ ਸ਼ਰਾਬੀ ਦੀ ਤਰ੍ਹਾਂ ਰੋਜ ਖਰਮਸਤੀ ਕਰਕੇ ਸਾਰਿਆਂ ਨੂੰ ਪ੍ਰੇਸ਼ਾਨ ਕਰਦੇ ਹਨ ਅਤੇ ਫਿਰ ਅਜਿਹੇ ਜਵਾਈ ਨੂੰ ਸਿੱਧਾ ਕਰਨ ਲਈ ਕੌੜਾ ਅੱਕ ਚੱਬਣਾ ਪੈਂਦਾ ਹੈ। ਫਿਰ ਉਹ ਅੱਗਿਉਂ ਬੋਲਦਾ ਨਹੀਂ ਚੁੱਪ ਚੁਪੀਤਾ ਬੈਠਾ ਕੰਮ ਕਰੀ ਜਾਂਦਾ ਹੈ ਕਿਉਂਕਿ ਉਸ ਨੇ ਵਾਪਸ ਆਪਣੇ ਘਰ ਤਾਂ ਜਾਣਾ ਨਹੀਂ ਹੁੰਦਾ, ਰਹਿਣਾ ਤਾਂ ਸਹੁਰੇ ਘਰ ਹੀ ਹੁੰਦਾ ਹੈ। ਸੋ ਇਸ ਵੇਲੇ ਕੋਰੋਨਾ ਦੀ ਸਥਿਤੀ ਵੀ ਸਹੁਰੇ ਘਰ ਰਹਿੰਦੇ ਵਿਗੜੇ ਜਵਾਈ ਵਾਲੀ ਹੈ, ਕਿਉਂਕਿ ਇਸ ਨੇ ਵਾਪਸ ਆਪਣੇ ਘਰ ਚੀਨ ਨਹੀਂ ਜਾਣਾ, ਇਥੇ ਹੀ ਰਹਿਣਾ ਹੈ, ਇਸ ਲਈ ਆਪਾਂ ਵੀ ਇਸ ਨੂੰ ਜਵਾਈ ਦੀ ਤਰ੍ਹਾਂ ਮੰਨਦੇ ਹੋਏ ਆਪਣੇ ਪਰਿਵਾਰ ਦਾ ਮੈਂਬਰ ਮੰਨ ਲਈਏ ਅਤੇ ਵਿਗੜੇ ਹੋਏ ਜਵਾਈ ਨੂੰ 'ਬੰਦੇ ਦਾ ਪੁੱਤ' ਬਣਾਉਣ ਲਈ ਪਹਿਲਾਂ ਆਪ ਬੰਦੇ ਦਾ ਪੁੱਤ ਬਣ ਜਾਈਏ । ਇਸ ਵਿਗੜੇ ਜਵਾਈ ਨਾਲ ਟੱਕਰ ਲੈਣ ਲਈ ਸਾਨੂੰ ਆਪਣੇ ਡੌਲੇ ਮਜਬੂਤ ਕਰਨੇ ਪੈਣਗੇ। ਡੌਲੇ ਮਜਬੂਤ ਕਰਨ ਲਈ ਸਰਕਾਰ ਅਤੇ ਡਾਕਟਰਾਂ ਵਲੋਂ ਦੱਸੀਆਂ ਸਾਵਧਾਨੀਆਂ ਅਪਣਾਉਂਦੇ ਹੋਏ ਸੰਤੁਲਿਤ ਖੁਰਾਕ ਵਲ ਧਿਆਨ ਕੇਂਦਰਿਤ ਕਰਨਾ ਪਵੇਗਾ, ਕਿਉਂਕਿ ਕੋਰੋਨਾ ਬਹੁਤ ਵਿਗੜਿਆ ਹੋਇਆ ਜਵਾਈ ਹੈ ਜਿਹੜਾ ਹਰੇਕ ਦੀ ਪਿੱਠ ਲਵਾਉਣ ਲਈ ਹੱਥਾਂ ਨੂੰ ਥੁੱਕ ਲਾਈ ਫਿਰਦਾ ਹੈ। ਉਹ ਅਮੀਰ, ਗਰੀਬ, ਆਸਤਿਕ, ਨਾਸਤਿਕ, ਬੇਈਮਾਨ, ਇਮਾਨਦਾਰ, ਠੱਗ, ਚੋਰ ਸਾਧ, ਉੱਚੀ ਜਾਤ, ਨੀਵੀਂ ਜਾਤ, ਧਰਮਾਂ, ਮਹਜਬਾਂ, ਦੇਸ਼ਾਂ ਦੀਆਂ ਹੱਦਾਂ, ਸਰਹੱਦਾਂ ਦੇ ਵਖਰੇਵਿਆਂ ਨੂੰ ਭੰਨਦਾ ਹੋਇਆ ਸਾਰਿਆਂ ਨੂੰ ਡੱਸਣ ਲਈ ਫਨੀਅਰ ਸੱਪ ਵਾਂਗ ਮੇਹਲਦਾ ਫਿਰਦਾ ਹੈ।
-ਸੁਖਦੇਵ ਸਲੇਮਪੁਰੀ
09780620233
5ਮਈ,2020