ਜਗਰਾਓਂ/ਲੁਧਿਆਣਾ, ਮਈ 2020 -(ਜਨ ਸਕਤੀ ਨਿਊਜ)- ਜਦੋਂ ਪੂਰੇ ਪੰਜਾਬ ਵਿੱਚ ਬਾਰਦਾਨੇ ਦੀ ਕਿੱਲਤ ਕਾਰਨ ਕਣਕ ਦੀ ਖਰੀਦ ਰੁਕੀ ਹੋਈ ਹੈ ਅਜਿਹੇ ਵਿਚ ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਜਗਰਾਉਂ ਸਿੱਧਵਾਂ ਬੇਟ ਰੋਡ ਪਿੰਡ ਸਵੱਦੀ ਨੇੜੇ ਦੀ ਇੱਕ ਪ੍ਰਾਈਵੇਟ ਬਾਰਦਾਨਾ ਫੈਕਟਰੀ ਵਿੱਚੋਂ ਸਰਕਾਰੀ ਬਾਰਦਾਨਾ ਦੀ ਕਾਲਾਬਾਜ਼ਾਰੀ ਦੇ ਇਕ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ।
ਪੁਲਿਸ ਨੇ ਬਾਰਦਾਨਾ ਫੈਕਟਰੀ ਦੇ ਮਾਲਕ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਗਿਣਤੀ ਵਿੱਚ ਸਰਕਾਰੀ ਬਾਰਦਾਨਾ ਬਰਾਮਦ ਕੀਤਾ ਹੈ । ਜ਼ਿਲ੍ਹੇ ਦੇ ਐਸ ਐਸ ਪੀ ਵਿਵੇਕਸ਼ੀਲ ਸੋਨੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਗਰਾਉਂ ਸਿੱਧਵਾਂ ਬੇਟ ਰੋਡ ਪਿੰਡ ਸਬੰਧੀ ਨੇੜੇ ਸਥਿਤ ਬਾਰਦਾਨੇ ਦੀ ਪੀ ਡੀ ਪੈਕ ਫੈਕਟਰੀ ਵਿੱਚ ਸਰਕਾਰੀ ਬਾਰਦਾਨਾਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਇਸ ਤੇ ਜਗਰਾਓਂ ਸੀਆਈਏ ਸਟਾਫ ਦੇ ਮੁਖੀ ਸਿਮਰਜੀਤ ਸਿੰਘ ਦੀ ਅਗਵਾਈ ਵਿੱਚ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਸਮੇਤ ਟੀਮ ਨੇ ਛਾਪਾ ਮਾਰਿਆ ਤਾਂ ਉੱਥੇ ਵੱਡੀ ਗਿਣਤੀ ਵਿੱਚ ਸਰਕਾਰੀ ਬਾਰਦਾਨਾ ਪ੍ਰਾਪਤ ਹੋਇਆ ।ਇਸ ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਫੈਕਟਰੀ ਮਾਲਕ ਅਨਿਲ ਬਾਂਸਲ ਨੂੰ ਗ੍ਰਿਫਤਾਰ ਕਰਕੇ ਉਥੇ ਪਈਆਂ 4200 ਬੋਰੀ ਸਰਕਾਰੀ ਬਾਰਦਾਨਾ ਬਰਾਮਦ ਕੀਤਾ । ਪੁਲਿਸ ਫੈਕਟਰੀ ਵਿੱਚ ਇਸ ਮਾਮਲੇ ਵਿੱਚ ਪੂਰੀ ਜਾਂਚ ਕਰ ਰਹੀ ਹੈ ।
ਇਸ ਮਾਮਲੇ ਵਿੱਚ ਸੀਆਈਏ ਸਟਾਫ਼ ਦੇ ਮੁਖੀ ਸਿਮਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਥਾਣਾ ਸਦਰ ਜਗਰਾਓਂ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ । ਦੂਜੇ ਪਾਸੇ ਪੁਲੀਸ ਦੀ ਇਸ ਕਾਰਵਾਈ ਨਾਲ ਸਰਕਾਰੀ ਵਿਭਾਗ ਦੇ ਕਈ ਅਧਿਕਾਰੀਆਂ ਦੀ ਨੀਂਦ ਉਡ ਗਈ ਹੈ । ਕਿਉਂਕਿ ਸਰਕਾਰੀ ਬਾਰਦਾਨਾ ਜੋ ਮੰਡੀਆਂ ਵਿਚ ਖ਼ਰੀਦ ਏਜੰਸੀਆਂ ਨੂੰ ਕਣਕ ਭਰਨ ਲਈ ਆਇਆ ਸੀ, ਉਹ ਇਸ ਪ੍ਰਾਈਵੇਟ ਬਾਰਦਾਨਾ ਫੈਕਟਰੀ ਵਿੱਚ ਕਿਵੇਂ ਪੁੱਜਾ ਇਹ ਮਾਮਲਾ ਅਜੇ ਤੱਕ ਚਾਹੇ ਪਹੇਲੀ ਬਣਿਆ ਹੋਇਆ ਹੈ ਪਰ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਸਰਕਾਰੀ ਵਿਭਾਗ ਦੇ ਅਧਿਕਾਰੀਆਂ ਜਾਂ ਅਮਲੇ ਦੀ ਬਿਨਾਂ ਮਿਲੀਭੁਗਤ ਤੋਂ ਇਹ ਮੁਮਕਿਨ ਨਹੀਂ ਹੈ । ਪੁਲਿਸ ਇਸ ਮਾਮਲੇ ਵਿੱਚ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਵੀ ਸ਼ੱਕੀ ਨਜ਼ਰ ਨਾਲ ਦੇਖ ਰਹੀ ਹੈ ਅਤੇ ਸੂਤਰਾਂ ਅਨੁਸਾਰ ਪੁਲੀਸ ਨੇ ਇਸ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ।