ਚੰਡੀਗੜ੍ਹ , ਮਈ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਚਾਰ ਮਈ ਤੋਂ ਰੈੱਡ ਜ਼ੋਨ ਨੂੰ ਛੱਡ ਕੇ ਬਾਕੀ ਸਾਰੇ ਇਲਾਕਿਆਂ ਦੇ ਬਾਜ਼ਾਰਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਖੁੱਲ੍ਹ ਜਾਣਗੀਆਂ। ਇਹ ਦੁਕਾਨਾਂ ਸਵੇਰੇ ਸੱਤ ਤੋਂ ਲੈ ਕੇ ਸ਼ਾਮ ਸੱਤ ਵਜੇ ਤਕ ਖੁੱਲ੍ਹਣਗੀਆਂ। ਸ਼ਨਿਚਰਵਾਰ ਸਾਮ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅਗਵਾਈ ਹੇਠ ਇਹ ਫ਼ੈਸਲਾ ਲੈ ਲਿਆ ਗਿਆ ਹੈ। ਸਿਰਫ ਸੈਕਟਰ ਦੇ ਅੰਦਰੂਨੀ ਬਾਜ਼ਾਰ ਦੀਆਂ ਦੁਕਾਨਾਂ ਆਡ-ਈਵਨ ਸਿਸਟਮ ਤਹਿਤ ਖੁੱਲ੍ਹਣਗੀਆਂ। ਜੋ ਪ੍ਰਮੁੱਖ ਮਾਰਗਾਂ ਦੇ ਨਾਲ ਦੇ ਬਾਜ਼ਾਰ ਹਨ ਉਹ ਨਹੀਂ ਖੁੱਲ੍ਹਣਗੇ। ਇਸ ਦੇ ਨਾਲ ਹੀ ਸ਼ਹਿਰ ਵਾਸੀ ਆਪਣੇ ਵਾਹਨਾਂ ਦੇ ਆਡ-ਈਵਨ ਰਜਿਸਟ੍ਰੇਸ਼ਨ ਨੰਬਰ ਦੇ ਹਿਸਾਬ ਨਾਲ ਸ਼ਹਿਰ ਦੀਆਂ ਸੜਕਾਂ 'ਤੇ ਚੱਲ ਸਕਣਗੇ। ਪ੍ਰਸ਼ਾਸਨ ਦੇ ਸਾਰੇ ਸਰਕਾਰੀ ਦਫ਼ਤਰ ਸਰਕਾਰ ਵੱਲੋਂ ਮਨਜ਼ੂਰੀ ਮਾਪਦੰਡਾਂ ਅਨੁਸਾਰ ਖੁੱਲ੍ਹ ਜਾਣਗੇ। ਜਿਸ ਅਨੁਸਾਰ ਸੀ ਤੇ ਡੀ ਵਰਗ ਦੇ 33 ਫ਼ੀਸਦੀ ਕਰਮਚਾਰੀਆਂ ਨੂੰ ਹੀ ਬੁਲਾਇਆ ਜਾਵੇਗਾ। ਸੋਮਵਾਰ ਤੋਂ ਈਵਨ ਨੰਬਰ ਦੇ ਅਤੇ ਅਗਲੇ ਦਿਨ ਆਡ ਨੰਬਰ ਦੇ ਵਾਹਨ ਸੜਕਾਂ 'ਤੇ ਚੱਲਣਗੇ। ਲੋਕਾਂ ਨੂੰ ਘਰੋਂ ਬਾਹਰ ਨਿਕਲਣ ਲਈ ਕੋਈ ਵੀ ਪਾਸ ਪ੍ਰਸ਼ਾਸਨ ਤੋਂ ਲੈਣ ਦੀ ਲੋੜ ਨਹੀਂ ਹੈ। ਸੋਮਵਾਰ ਤੋਂ ਸਿਰਫ ਉਹ ਵਪਾਰੀ ਹੀ ਦੁਕਾਨਾਂ ਖੋਲ੍ਹ ਪਾਉਣਗੇ, ਜਿਨ੍ਹਾਂ ਦੀਆਂ ਦੁਕਾਨਾਂ ਦਾ ਆਖ਼ਰੀ ਨੰਬਰ 2, 4, 6, 8 ਹੋਵੇਗਾ। ਇਹੀ ਫਾਰਮੂਲਾ ਵਾਹਨਾਂ 'ਤੇ ਲਾਗੂ ਹੋਵੇਗਾ। ਸਾਰੇ ਧਾਰਮਿਕ ਸਥਾਨ ਬੰਦ ਰਹਿਣਗੇ।
ਸ਼ਹਿਰ ਦੇ ਸਾਰੇ ਮਾਲ ਤੇ ਸਿਨੇਮਾ ਹਾਲ ਬੰਦ ਰਹਿਣਗੇ। ਜਦਕਿ ਸੈਕਟਰ-22 ਦੀ ਸ਼ਾਸਤਰੀ, ਸੈਕਟਰ-19 ਦੇ ਸਦਰ ਤੇ ਪਾਲਿਕਾ ਮਾਰਕੀਟ ਬੰਦ ਰਹੇਗੀ, ਜਿੱਥੇ ਆਮ ਦਿਨਾਂ 'ਚ ਭੀੜ ਰਹਿੰਦੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਚਾਰ ਤੋਂ ਲੈ ਕੇ 17 ਮਈ ਤਕ ਲਾਕ ਡਾਊਨ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਤਿੰਨ ਤਰੀਕ ਦੇ 12 ਵਜੇ ਕਰਫਿਊ ਖ਼ਤਮ ਹੋ ਜਾਵੇਗਾ। ਪਰ ਕੰਟੇਨਮੈਂਟ ਜ਼ੋਨ ਇਲਾਕੇ ਦਾ ਕੋਈ ਬਾਜ਼ਾਰ ਨਹੀਂ ਖੁੱਲ੍ਹੇਗਾ ਤੇ ਇੱਥੋਂ ਦੇ ਲੋਕਾਂ ਨੂੰ ਵਾਹਨ ਦੇ ਨਾਲ ਬਾਹਰ ਨਿਕਲਣ ਦੀ ਵੀ ਮਨਜ਼ੂਰੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਰੈੱਡ ਜ਼ੋਨ ਨੂੰ ਛੱਡ ਕੇ ਬਾਕੀ ਇਲਾਕਿਆਂ ਦੀ ਇੰਡਸਟਰੀ ਤੇ ਆਈਟੀ ਪਾਰਕ ਖੁੱਲ੍ਹੇਗੀ। ਪ੍ਰਸ਼ਾਸਨ ਅਨੁਸਾਰ ਸਰਕਾਰ ਦੇ ਆਏ ਹੁਕਮ ਮਗਰੋਂ ਉਕਤ ਫ਼ੈਸਲਾ ਸੰਸਦ ਮੈਂਬਰ, ਸਾਬਕਾ ਸੰਸਦ ਮੈਂਬਰਾਂ, ਵਪਾਰੀਆਂ ਤੇ ਲੋਕਾਂ ਦੇ ਸੁਝਾਅ ਮਗਰੋਂ ਲਿਆ ਗਿਆ ਹੈ।
ਇਸ ਦੇ ਨਾਲ ਹੀ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਜੋ ਕੰਟੇਨਮੈਂਟ ਤੇ ਰੈੱਡ ਇਲਾਕਾ ਹੈ ਉਥੇ ਰਹਿਣ ਵਾਲੇ ਲੋਕਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਇਹ ਫ਼ੈਸਲਾ ਲਿਆ ਹੈ ਕਿ ਕਰਿਆਨੇ ਦਾ ਸਾਮਾਨ, ਸਬਜ਼ੀਆਂ ਤੇ ਦਵਾਈਆਂ ਦੀਆਂ ਸਾਰੀਆਂ ਦੁਕਾਨਾਂ ਸਾਰੇ ਦਿਨਾਂ 'ਚ ਖੁੱਲ੍ਹੀਆਂ ਰਹਿ ਸਕਦੀਆਂ ਹਨ। ਰੈਸਟੋਰੈਂਟ ਤੇ ਖਾਣੇ ਦੇ ਸਾਰੇ ਢਾਬੇ ਬੰਦ ਰਹਿਣਗੇ।
ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਆਨਲਾਈਨ ਫੂਡ ਦੀ ਵੰਡ ਕਰਨ ਦੀ ਸਹੂਲਤ ਦੇ ਦਿੱਤੀ ਹੈ। ਅਜਿਹੇ 'ਚ ਲੋਕ ਘਰ ਬੈਠੇ ਖਾਣਾ ਮੰਗਵਾ ਪਾਉਣਗੇ। ਸਾਰੀਆਂ ਆਪਣੀਆਂ ਮੰਡੀਆਂ ਬੰਦ ਰਹਿਣਗੀਆਂ। ਜਦਕਿ ਸੀਟੀਯੂ ਬੱਸਾਂ ਨਾਲ ਜੋ ਇਸ ਸਮੇਂ ਫਲ ਤੇ ਸਬਜ਼ੀਆਂ ਦੀ ਸਪਲਾਈ ਹੋਰ ਹੀ ਹੈ, ਉਹ ਜਾਰੀ ਰਹੇਗੀ। ਸਾਰੇ ਸ਼ਾਪਿੰਗ ਮਾਲ ਬੰਦ ਰਹਿਣਗੇ। ਸੈਕਟਰ ਨੂੰ ਵੰਡਣ ਵਾਲੇ ਰੋਡ ਬੰਦ ਰਹਿਣਗੇ। ਇਸ ਦੇ ਨਾਲ ਹੀ ਵਿੱਤ ਸਕੱਤਰ ਏਕੇ ਸਿਨਹਾ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ, ਜੋ ਕਿ ਬਾਜ਼ਾਰ ਖੋਲ੍ਹਣ ਸਬੰਧੀ ਆਉਣ ਵਾਲੀਆਂ ਸਾਰੀਆਂ ਸ਼ਿਕਾਇਤਾਂ ਦਾ ਨਿਵਾਰਨ ਕਰਨਗੇ। ਸਾਰੇ ਵੱਡੇ ਪ੍ਰਰੋਗਰਾਮਾਂ 'ਤੇ ਪਾਬੰਦੀ ਲਗਾਈ ਗਈ ਹੈ।
ਸ਼ਹਿਰ ਦੇ ਸਾਰੇ ਈ-ਸੰਪਰਕ ਸੈਂਟਰ ਖੁੱਲ੍ਹੇ ਰਹਿਣਗੇ। ਅਜਿਹੇ 'ਚ ਲੋਕ ਆਪਣੇ ਬਿਜਲੀ, ਪਾਣੀ ਤੇ ਟੈਕਸ ਦਾ ਭੁਗਤਾਨ ਕਰ ਪਾਉਣਗੇ। ਇਸ ਸਮੇਂ ਪਿਛਲੇ ਡੇਢ ਸਾਲ ਤੋਂ ਈ ਸੰਪਰਕ ਸੈਂਟਰ ਨਾ ਖੁੱਲ੍ਹਣ ਕਾਰਨ ਲੋਕ ਆਪਣੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਪਾ ਰਹੇ ਸਨ।
ਧਨਾਸ ਕੱਚੀ ਕਾਲੋਨੀ, ਸੈਕਟਰ-30ਬੀ ਦਾ ਹਿੱਸਾ, ਸੈਕਟਰ-26 ਬਾਪੂਧਾਮ ਕਾਲੋਨੀ, ਸੈਕਟਰ-38 ਦਾ ਇਕ ਹਿੱਸਾ, ਸੈਕਟਰ-52 ਦਾ ਇਕ ਹਿੱਸਾ, ਮਨੀਮਾਜਰਾ ਦੇ ਸ਼ਾਸਤਰੀ ਨਗਰ ਦਾ ਇਕ ਹਿੱਸਾ।